
ਮਹਿੰਗੀ ਬਿਜਲੀ: ਆਪ ਵਲੰਟੀਅਰਾਂ ਨੇ ਬਿਜਲੀ ਬਿੱਲ ਸਾੜ ਕੇ ਕੀਤਾ ਰੋਸ ਮੁਜ਼ਾਹਰਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਆਮ ਆਦਮੀ ਪਾਰਟੀ (ਆਪ) ਵੱਲੋਂ ਸੋਮਵਾਰ ਨੂੰ ਇੱਥੋਂ ਦੇ ਵਾਰਡ ਨੰਬਰ-19 ਵਿੱਚ ਬਿਜਲੀ ਬਿੱਲ ਸਾੜ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਅਤੇ ਹੁਕਮਰਾਨਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਮੁਲਾਜ਼ਮ ਵਿੰਗ ਦੇ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਕੈਪਟਨ ਕਰਨੈਲ ਸਿੰਘ, ਗੱਜਣ ਸਿੰਘ ਬਲਾਕ ਪ੍ਰਧਾਨ, ਰਘਬੀਰ ਸਿੰਘ ਸਿੱਧੂ, ਈਸ਼ਰ ਸਿੰਘ ਮਾਨ, ਰਣਜੀਤ ਸਿੰਘ ਸੈਣੀ, ਕੁਲਦੀਪ ਸਿੰਘ, ਤਰੁਨਜੀਤ ਸਿੰਘ, ਜਸਪਾਲ ਸਿੰਗਲਾ, ਅਮਰਜੀਤ ਸ਼ਰਮਾ, ਇਕਬਾਲ ਸਿੰਘ ਬੈਂਸ, ਵਿਮਲ ਕੁਮਾਰ, ਮਿਲਨ ਸਿੰਘ, ਦਲਜੀਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਲਗਾਤਾਰ ਵਧ ਰਹੀਆਂ ਬਿਜਲੀ ਦੀਆਂ ਦਰਾਂ ਨੇ ਆਮ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੇ। ਉਨ੍ਹਾਂ ਕਿਹਾ ਕਿ ਅੱਤ ਦੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਸਰਕਾਰ ਸ਼ਰ੍ਹੇਆਮ ਗਰੀਬ ਲੋਕਾਂ ਦੀਆਂ ਜੇਬਾਂ ਉੱਤੇ ਡਾਕਾ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਸਰਕਾਰੀ ਖਜ਼ਾਨੇ ਦੀ ਨਫ਼ਾਖੋਰੀ ਦਾ ਸਾਧਨ ਨਾ ਹੋ ਕੇ ਸੂਬੇ ਦੇ ਲੋਕਾਂ ਨੂੰ ਜਨਤਕ ਪ੍ਰਣਾਲੀ ਤਹਿਤ ਜ਼ਰੂਰੀ ਸੇਵਾਵਾਂ ਵਿੱਚ ਆਉਂਦੀ ਹੈ। ਇਸ ਲਈ ਇਸ ਸੁਵਿਧਾ ’ਚੋਂ ਮੁਨਾਫ਼ਾ ਨਹੀਂ ਦੇਖਣਾ ਚਾਹੀਦਾ ਹੈ।
ਕੈਪਟਨ ਕਰਨੈਲ ਸਿੰਘ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਬਿਜਲੀ ਦੀ ਪੈਦਾਵਾਰ ਕਰਨ ਵਾਲੇ ਪੰਜਾਬ ਵਿੱਚ ਏਨੀ ਮਹਿੰਗੀ ਬਿਜਲੀ ਕਿਉਂ? ਜਦੋਂਕਿ ਦੂਜੇ ਪਾਸੇ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਬਿਜਲੀ ਖ਼ਰੀਦ ਕੇ ਸਸਤੀ ਅਤੇ ਮੁਫ਼ਤ ਕਿਵੇਂ ਦੇ ਰਹੀ ਹੈ? ਉਨ੍ਹਾਂ ਕਿਹਾ ਕਿ ਸੂਬੇ ਦੇ ਉਦਯੋਗ ਮਹਿੰਗੀ ਬਿਜਲੀ ਤੋਂ ਦੁਖੀ ਹਨ ਅਤੇ ਕਾਰੋਬਾਰ ਬੰਦ ਕਿਨਾਰੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਮਹਿੰਗੀ ਬਿਜਲੀ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਵੱਲੋਂ ਸੂਬੇ ਭਰ ਵਿੱਚ ਜਨ ਅੰਦੋਲਨ ਜਾਰੀ ਰਹੇਗਾ।