Nabaz-e-punjab.com

ਮਹਿੰਗਾ ਪਾਣੀ: ਅਕਾਲੀ-ਭਾਜਪਾ ਕੌਂਸਲਰ ਤੇ ਸ਼ਹਿਰ ਵਾਸੀਆਂ ਨੇ ਗਮਾਡਾ ਵਿਰੁੱਧ ਦਿੱਤਾ ਧਰਨਾ

ਗਮਾਡਾ ਦੀ ਪਾਣੀ ਦੀ ਨੀਤੀ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਆਰ-ਪਾਰ ਦੀ ਲੜਾਈ ਲੜੀ ਜਾਵੇਗੀ: ਧਨੋਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਇੱਥੋਂ ਦੇ ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਅਤੇ ਐਰੋਸਿਟੀ ਦੇ ਵਸਨੀਕ ਬਾਕੀ ਸ਼ਹਿਰ ਨਾਲੋਂ 5.5 ਗੁਣਾ ਵੱਧ ਪਾਣੀ ਦੇ ਬਿੱਲਾਂ ਦੀ ਵਸੂਲੀ ਖ਼ਿਲਾਫ਼ ਅਕਾਲੀ-ਭਾਜਪਾ ਦੇ ਕੌਂਸਲਰ ਅਤੇ ਇਨ੍ਹਾਂ ਸੈਕਟਰਾਂ ਦੇ ਵਸਨੀਕ ਸੜਕਾਂ ’ਤੇ ਉਤਰ ਆਏ ਹਨ। ਅੱਜ ਪੀੜਤ ਲੋਕਾਂ ਨੇ ਅੱਜ ਗਮਾਡਾ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਅਤੇ ਹੁਕਮਰਾਨਾਂ ਸਮੇਤ ਗਮਾਡਾ ਅਧਿਕਾਰੀਆਂ ਨੂੰ ਰੱਜ ਕੇ ਕੋਸਿਆ। ਇਸ ਮੌਕੇ ਹਾਜ਼ਰ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਮਹਿੰਗੇ ਪਾਣੀ ਖ਼ਿਲਾਫ਼ ਲੋਕਹਿੱਤ ਵਿੱਚ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ। ਇਸ ਸਬੰਧੀ ਪ੍ਰਦਰਸ਼ਨਕਾਰੀਆਂ ਨੇ ਗਮਾਡਾ ਨੂੰ 15 ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਇਸ ਦੌਰਾਨ ਪਾਣੀ ਦੇ ਰੇਟ ਇਕਸਾਰ ਨਹੀਂ ਕੀਤੇ ਗਏ ਤਾਂ ਜਨ ਅੰਦੋਲਨ ਵਿੱਢਿਆ ਜਾਵੇਗਾ।
ਇਸ ਮੌਕੇ ਬੋਲਦਿਆਂ ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ, ਸੁਰਿੰਦਰ ਸਿੰਘ ਰੋਡਾ ਅਤੇ ਪਰਵਿੰਦਰ ਸਿੰਘ ਤਸਿੰਬਲੀ ਨੇ ਕਿਹਾ ਕਿ ਮੁੱਖ ਮੰਤਰੀ, ਸਬੰਧਤ ਮੰਤਰੀਆਂ ਅਤੇ ਗਮਾਡਾ ਨੂੰ ਕਈ ਵਾਰ ਅਪੀਲ ਕਰਨ ਦੇ ਬਾਵਜੂਦ ਸਰਕਾਰ ਦੀ ਹਠਧਰਮੀ ਜਾਰੀ ਹੈ ਅਤੇ ਲੋਕਾਂ ਦੇ ਖੂਨ ਪਸੀਨੇ ਦੀ ਗਾੜ੍ਹੀ ਕਮਾਈ ਦੀ ਲਗਾਤਾਰ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਇਨਸਾਫ਼ ਪ੍ਰਾਪਤੀ ਲਈ ਹਰ ਹੀਲਾ ਵਰਤਿਆ ਜਾਵੇਗਾ। ਜਿਸ ਵਿੱਚ ਪਾਣੀ ਦੇ ਬਿਲ ਨਾ ਦੇਣਾ, ਸਰਕਾਰ ਨਾਲ ਨਾਮਿਲਵਰਤਨ ਲਹਿਰ ਚਲਾਉਣਾ ਅਤੇ ਏਅਰਪੋਰਟ ਸੜਕ ’ਤੇ ਚੱਕਾ ਜਾਮ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਕ ਹੀ ਸ਼ਹਿਰ ਵਿੱਚ ਪਾਣੀ ਸਪਲਾਈ ਸਬੰਧੀ ਵੱਖੋ ਵੱਖਰੇ ਬਿੱਲ ਵਸੂਲੇ ਜਾ ਰਹੇ ਹਨ ਅਤੇ ਉਕਤ ਸੈਕਟਰਾਂ ਵਿੱਚ ਰਹਿੰਦੇ ਲੋਕਾਂ ਤੋਂ ਬਾਕੀ ਸ਼ਹਿਰ ਦੇ ਉਲਟ 5.5 ਗੁਣਾਂ ਵੱਧ ਪਾਣੀ ਦੇ ਬਿੱਲ ਲਏ ਜਾ ਰਹੇ ਹਨ।
ਬੁਲਾਰਿਆਂ ਨੇ ਕਿਹਾ ਕਿ ਸੈਕਟਰ ਵਾਸੀਆਂ ਦੇ ਦਰਦ ਨੂੰ ਸਮਝਦੇ ਹੋਏ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਸਮੁੱਚੇ ਹਾਊਸ ਵੱਲੋਂ ਸਰਬਸੰਮਤੀ ਨਾਲ ਪਾਣੀ ਦੀ ਸਪਲਾਈ ਆਪਣੇ ਅਧੀਨ ਲੈਣ ਦਾ ਮਤਾ ਪਾਸ ਕੀਤਾ ਗਿਆ ਸੀ ਪ੍ਰੰਤੂ ਅੱਠ ਮਹੀਨੇ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਇਸ ਮਤੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਜੋ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਸਮੁੱਚੇ ਹਾਊਸ ਦਾ ਨਿਰਾਦਰ ਹੈ। ਉਨ੍ਹਾਂ ਸਰਕਾਰ ’ਤੇ ਲੋਕ ਵਿਰੋਧੀ ਹੋਣ ਦਾ ਵੀ ਦੋਸ਼ ਲਾਇਆ ਹੈ।
ਧਰਨੇ ਨੂੰ ਜਥੇਦਾਰ ਕਰਤਾਰ ਸਿੰਘ ਤਸਿੰਬਲੀ, ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਫੂਲਰਾਜ ਸਿੰਘ, ਰਜਿੰਦਰ ਕੌਰ ਕੁੰਭੜਾ, ਕਮਲਜੀਤ ਕੌਰ, ਜਸਵੀਰ ਕੌਰ ਅੱਤਲੀ, ਰਜਨੀ ਗੋਇਲ, ਰਮਨਪ੍ਰੀਤ ਕੌਰ, ਕਮਲਜੀਤ ਕੌਰ, ਪਰਮਜੀਤ ਸਿੰਘ ਕਾਹਲੋਂ ਅਤੇ ਕਮਲਜੀਤ ਸਿੰਘ ਰੂਬੀ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸੁਖਦੇਵ ਸਿੰਘ ਪਟਵਾਰੀ, ਗੁਰਮੁੱਖ ਸਿੰਘ ਸੋਹਲ, ਹਰਪਾਲ ਸਿੰਘ ਚੰਨਾ, ਭਾਜਪਾ ਕੌਂਸਲਰ ਅਰੁਣ ਸ਼ਰਮਾ, ਅਸ਼ੋਕ ਝਾਅ ਤੇ ਸ੍ਰੀਮਤੀ ਪ੍ਰਕਾਸ਼ਵਤੀ (ਸਾਰੇ ਕੌਸਲਰ), ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਹਰਮੇਸ਼ ਸਿੰਘ ਕੁੰਭੜਾ, ਜਸਪਾਲ ਸਿੰਘ, ਕਰਮ ਸਿੰਘ ਧਨੋਆ, ਹਰਮਨਜੋਤ ਸਿੰਘ ਕੁੰਭੜਾ, ਸੁੱਚਾ ਸਿੰਘ ਕਲੌੜ, ਕਾਮਰੇਡ ਹਰਦਿਆਲ ਚੰਦ, ਦਿਆਲ ਚੰਦ, ਲਖਵੀਰ ਸਿੰਘ, ਜਥੇਦਾਰ ਨਿਸ਼ਾਨ ਸਿੰਘ, ਸਤਨਾਮ ਸਿੰਘ ਦਾਊ, ਮੇਜਰ ਸਿੰਘ, ਕਰਮ ਸਿੰਘ ਮਾਵੀ, ਗੁਰਮੇਲ ਸਿੰਘ ਮੌਜੇਵਾਲ, ਗੁਰਦੇਵ ਸਿੰਘ ਦਿੳਲ, ਜਗਦੀਪ ਸਿੰਘ ਗਿੱਲ, ਕਰਨਲ ਐੱਚਐੱਸ ਭੁੱਲਰ, ਕਰਨਲ ਕੇਐੱਸ ਹੁੰਦਲ, ਹਰਿੰਦਰ ਹੈਰੀ, ਪਰਮਜੀਤ ਕੌਰ, ਗੁਰਮੀਤ ਕੌਰ, ਅਵਤਾਰ ਕੌਰ, ਨਰਿੰਦਰ ਕੌਰ ਸ਼ਾਮਲ ਸਨ। ਅਖੀਰ ਵਿੱਚ ਤਹਿਸੀਲਦਾਰ ਨੇ ਧਰਨਾਕਾਰੀਆਂ ਕੋਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਪੁੱਡਾ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆਂ ਦੇ ਨਾਮ ਲਿਖਿਆ ਮੰਗ ਪੱਤਰ ਹਾਸਲ ਕੀਤਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…