ਅੌਰਤ ਮੈਂਬਰਾਂ ਵਾਲੀ ਪੰਚਾਇਤਾਂ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀਆਂ ਦਾ ਗਠਨ ਸਫਲ ਤਜ਼ਰਬਾ

15 ਸਮੂਹ ਅੌਰਤ ਮੈਂਬਰਾਂ ਵਾਲੀਆਂ ਗਰਾਮ ਪੰਚਾਇਤ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀਆਂ ਕਾਰਜਸ਼ੀਲ

ਪਿੰਡ ਪੱਧਰ ’ਤੇ ਜਲ ਪ੍ਰਬੰਧਨ ਅਤੇ ਸਾਫ਼-ਸਫ਼ਾਈ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੀਆਂ ਨੇ ਮਹਿਲਾ ਕਮੇਟੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਫਰਵਰੀ:
ਪੰਜਾਬ ਸਰਕਾਰ ਵੱਲੋਂ ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਪਿੰਡਾਂ ਵਿਚ ਪਾਇਪਾਂ ਰਾਹੀਂ ਪਾਣੀ ਪੁੱਜਦਾ ਕਰਨ ਦਾ ਟੀਚਾ 100 ਫੀਸਦੀ ਮੁਕੰਮਲ ਹੋ ਚੁੱਕਾ ਹੈ। 478 ਸਕੂਲਾਂ ਅਤੇ ਆਂਗਨਵਾੜੀਆਂ ਵਿੱਚ ਸਿੱਧੀ ਜਲ ਸਪਲਾਈ ਦੇ ਕਨੈਕਸ਼ਨ ਲੱਗ ਚੁੱਕੇ ਹਨ। ਕਈਆਂ ਪਿੰਡਾਂ ਵਿਚ 24 ਘੰਟੇ ਪਾਣੀ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਮਾਇਕਲ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਨੂੰ ਸੂਬੇ ਵਿਚ ਸਭ ਤੋਂ ਪਹਿਲਾਂ 100 ਫੀਸਦੀ ਦਿਹਾਤੀ ਜਲ ਸਪਲਾਈ ਕਨੈਕਸ਼ਨ ਪ੍ਰਦਾਨ ਕਰਨ ਦਾ ਮਾਣ ਹਾਸਲ ਹੈ। ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ ਵੱਲ ਵਿਭਾਗ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੰਤਵ ਵਿੱਚ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ (ਜੀ.ਪੀ.ਡਬਲਿਊ.ਐਸ.ਸੀ) ਅਹਿਮ ਰੋਲ ਅਦਾ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਈ ਪਿੰਡਾਂ ਵਿਚ ਸਮੂਹ ਅੌਰਤ ਮੈਂਬਰਾਂ ਵਾਲੀਆਂ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਉਹਨਾਂ ਆਲ ਵੂਮੈਨ ਜੀ.ਪੀ.ਡਬਲਿਊ.ਐਸ.ਸੀ ਦਾ ਗਠਨ ਇਕ ਬੇਹੱਦ ਸਫਲ ਤਜ਼ਰਬਾ ਰਿਹਾ। ਜ਼ਿਲ੍ਹੇ ਵਿਚ ਕੁੱਲ 15 ਸਮੂਹ ਅੌਰਤ ਮੈਂਬਰਾਂ ਵਾਲੀਆਂ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਕੰਮ ਕਰ ਰਹੀਆਂ ਹਨ ਅਤੇ ਦੂਜੀਆਂ ਕਮੇਟੀਆਂ ਦੇ ਮੁਕਾਬਲੇ ਇਹ ਕਮੇਟੀਆਂ ਜ਼ਿਆਦਾ ਸਫਲ ਹੋਈਆਂ ਹਨ। ਪਿੰਡ ਰਾਏਪੁਰ ਕਲਾਂ, ਕੁਰੜੀ, ਬੀਬੀਪੁਰ, ਸੋਤਲ, ਸਕਰੂਲਾਂ ਪੁਰ, ਮਾਛੀਪੁਰ, ਚੋਟਲਾਂ ਕਲਾਂ, ਸਵਾਰਾ, ਮੱਘਰ, ਤ੍ਰਿਪੜੀ, ਢੋਲੇਮਾਜਰਾ, ਟਗੋਲੀ, ਨਿਆਮੀ, ਦੁਆਲੀ ਅਤੇ ਸਨੇਟਾ ਵਿਚ ਆਲ ਵੂਮੈਨ ਜੀ.ਪੀ.ਡਬਲਿਊ.ਐਸ.ਸੀ ਕੰਮ ਕਰ ਰਹੀਆਂ ਹਨ। ਇਨ੍ਹਾਂ ਕਮੇਟੀਆਂ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਸਕੀਮਾਂ ਦੇ ਸਬੰਧ ਵਿੱਚ ਪੇਂਡੂ ਘਰਾਂ ਨੂੰ ਕਨੈਕਸ਼ਨ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਜਲ ਸਪਲਾਈ ਸਕੀਮ ਲਗਾਉਣ ‘ਤੇ ਆਏ ਖਰਚੇ ਦੀ ਕੀਮਤ ਅਤੇ ਉਸ ਦੇ ਰੱਖ-ਰਖਾਓ ਦੇ ਖਰਚੇ ਅਨੁਸਾਰ ਹਰ ਉਪਭੋਗਤਾ ਤੋਂ ਕਨੈਕਸ਼ਨ ਦੀ ਕੀਮਤ ਅਤੇ ਆਪਣੀ ਕਮੇਟੀ ਵਲੋਂ ਨਿਰਧਾਰਤ ਰੇਟ ਦੇ ਅਨੁਸਾਰ ਬਿੱਲ ਜਾਰੀ ਕੀਤੇ ਜਾਂਦੇ ਹਨ। ਇਹ ਕਮੇਟੀਆਂ ਆਪ ਹੀ ਬਿੱਲ ਜਾਰੀ ਕਰਦੀਆਂ ਹਨ ਅਤੇ ਆਪ ਹੀ ਬਿੱਲ ਦੀ ਰਾਸ਼ੀ ਇਕੱਤਰ ਕਰਦੀਆਂ ਹਨ।
ਇਕੱਤਰ ਕੀਤੀ ਰਾਸ਼ੀ ਨਾਲ ਜਲ ਸਪਲਾਈ ਸੇਵਾਵਾਂ ਦਾ ਸੰਚਾਲਨ ਕੀਤਾ ਜਾਂਦਾ ਹੈ। ਸਭ ਤੋਂ ਅਹਿਮ ਕੰਮ ਜੋ ਕਿ ਸਮੂਹ ਅੌਰਤ ਮੈਂਬਰਾਂ ਵਾਲੀਆਂ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਕਰ ਰਹੀਆਂ ਹਨ, ਉਹ ਹੈ ਪਾਣੀ ਦੀ ਸੁਚੱਜੀ ਵਰਤੋਂ ਲਈ ਜਾਗਰੂਕਤਾ ਪੈਦਾ ਕਰਨਾ ਅਤੇ ਜਲ ਸਰੋਤ ਪ੍ਰਬੰਧਨ ਦੇ ਨਾਲ-ਨਾਲ ਸੈਨੀਟੇਸ਼ਨ, ਸਿਹਤ ਅਤੇ ਸਫਾਈ ਦੇ ਪਹਿਲੂਆਂ ਬਾਰੇ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਨਾ।
ਉਨ੍ਹਾਂ ਕਿਹਾ ਕਿ ਆਲ ਵੂਮੈਨ ਜੀ.ਪੀ.ਡਬਲਿਊ.ਐਸ.ਸੀ ਦਾ ਗਠਨ ਬਹੁਤ ਸਫਲ ਸਾਬਤ ਹੋਇਆ ਹੈ ਅਤੇ ਅੌਰਤ ਮੈਂਬਰਾਂ ਵਾਲੀਆਂ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਨੇ ਭਲੀਭਾਂਤੀ ਸਾਬਤ ਕਰ ਦਿੱਤਾ ਹੈ ਕਿ ਅਜੋਕੇ ਸਮੇਂ ਵਿੱਚ ਪੇਂਡੂ ਅੌਰਤਾਂ ਘਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਨਾਲ ਬਾਹਰੀ ਜ਼ਿੰਮੇਵਾਰੀਆਂ ਨੂੰ ਵੀ ਬਾਖ਼ੂਬੀ ਨਿਭਾ ਸਕਦੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਗਤੀ ਅਧੀਨ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਸਕੀਮਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਅਤੇ ਉਨ੍ਹਾਂ ਦੇ ਸੰਚਾਲਨ ਵਿਚ ਇਹ ਕਮੇਟੀਆਂ ਅਹਿਮ ਯੋਗਦਾਨ ਪਾਉਣਗੀਆਂ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…