nabaz-e-punjab.com

ਮਿਆਦ ਪੁੱਗ ਚੁੱਕੇ ਅਸਲਾ ਲਾਇਸੈਂਸ ਧਾਰਕਾਂ ਨੂੰ ਹਫ਼ਤੇ ਅੰਦਰ ਲਾਇਸੈਂਸ ਰੀਨਿਊ ਕਰਾਉਣ ਦੇ ਹੁਕਮ

ਮ੍ਰਿਤਕਾਂ ਦੇ ਵਾਰਸ ਵੀ ਹਫ਼ਤੇ ਦੇ ਅੰਦਰ-ਅੰਦਰ ਹਥਿਆਰਾਂ ਦੇ ਨਿਪਟਾਰੇ ਲਈ ਅਪਲਾਈ ਕਰਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਦਸੰਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਅਮਿਤ ਤਲਵਾੜ ਨੇ ਅਸਲੇ ਦੀ ਮਿਆਦ ਪੁੱਗ ਚੁੱਕੇ ਅਸਲਾ ਲਾਇਸੈਂਸ ਧਾਰਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਹਫ਼ਤੇ ਦੇ ਅੰਦਰ-ਅੰਦਰ ਆਪਣਾ ਅਸਲਾ ਲਾਇਸੈਂਸ ਰੀਨਿਊ ਕਰਾਉਣ ਲਈ ਅਪਲਾਈ ਕਰਨ। ਜਿਨ੍ਹਾਂ ਅਸਲਾ ਲਾਇਸੈਂਸ ਧਾਰਕਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਵਾਰਸਾਂ ਨੂੰ ਵੀ ਹਫ਼ਤੇ ਦੇ ਅੰਦਰ-ਅੰਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਸਥਿਤ ਕਮਰਾ ਨੰਬਰ-311, ਦੂਜੀ ਮੰਜ਼ਲ ’ਤੇ ਤਾਲਮੇਲ ਕਰਕੇ ਆਪਣੇ ਹਥਿਆਰਾਂ ਦੇ ਨਿਪਟਾਰੇ ਲਈ ਨਿਯਮਾਂ ਅਨੁਸਾਰ ਅਪਲਾਈ ਕਰਨਾ ਯਕੀਨੀ ਬਣਾਉਣ।
ਸ੍ਰੀ ਤਲਵਾੜ ਨੇ ਮੁਹਾਲੀ ਦੇ ਐੱਸਐੱਸਪੀ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ 15 ਅਸਲਾ ਲਾਇਸੈਂਸ ਧਾਰਕ ਅਜਿਹੇ ਹਨ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦਾ ਅਸਲਾ ਸਬੰਧਤ ਥਾਣੇ ਵਿੱਚ ਜਮ੍ਹਾ ਪਿਆ ਹੈ। ਉਨ੍ਹਾਂ ਹਦਾਇਤ ਕੀਤੀ ਕਿ ਜਿਨ੍ਹਾਂ ਲਾਇਸੈਂਸ ਧਾਰਕਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਵਾਰਸ ਹਫ਼ਤੇ ਅੰਦਰ-ਅੰਦਰ ਹਥਿਆਰਾਂ ਦੇ ਨਿਪਟਾਰੇ ਲਈ ਨਿਯਮਾਂ ਅਨੁਸਾਰ ਅਪਲਾਈ ਕਰਨ। ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ 369 ਅਸਲਾ ਲਾਇਸੈਂਸ ਧਾਰਕਾਂ ਨੇ ਆਪਣਾ ਅਸਲਾ ਲਾਇਸੈਂਸ ਰੀਨਿਊ ਨਹੀ ਕਰਵਾਇਆ ਹੈ। ਉਨ੍ਹਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਉਹ ਇੱਕ ਹਫ਼ਤੇ ਦੌਰਾਨ ਆਪਣਾ ਅਸਲਾ ਲਾਇਸੈਂਸ ਰੀਨਿਊ ਕਰਵਾਉਣ ਲਈ ਅਪਲਾਈ ਕਰਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਾਜ਼ਾ ਹੁਕਮਾਂ ਦੀ ਅਣਦੇਖੀ ਅਤੇ ਨਿਯਮਾਂ ਉਲੰਘਣਾ ਕਰਨ ਵਾਲੇ ਅਸਲਾ ਲਾਇਸੈਂਸ ਧਾਰਕਾਂ ਖ਼ਿਲਾਫ਼ ਆਰਮ ਐਕਟ 1959 ਦੇ ਸੈਕਸ਼ਨ 17 (3) ਤਹਿਤ ਅਸਲਾ ਲਾਇਸੈਂਸ ਰੱਦ ਕਰਨ ਸਬੰਧੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …