nabaz-e-punjab.com

ਪੰਜਾਬ ਪੁਲੀਸ ਵੱਲੋਂ ਪਾਦਰੀ ਦੀ ਖ਼ੁਰਦ ਬੁਰਦ ਹੋਈ ਰਾਸ਼ੀ ਦੇ ਮਾਮਲੇ ਵਿੱਚ 2.38 ਕਰੋੜ ਬਰਾਮਦ

ਪਟਿਆਲਾ ਅਤੇ ਸੰਗਰੂਰ ਤੋਂ 5 ਹੋਰ ਮੁਲਜ਼ਮ ਵੀ ਕੀਤੇ ਕਾਬੂ, ਕੋਚੀ ਤੋਂ ਗ੍ਰਿਫ਼ਤਾਰ ਕੀਤੇ 2 ਥਾਣੇਦਾਰਾਂ ਦਾ ਲਿਆ ਰਿਮਾਂਡ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਈ:
ਜਲੰਧਰ ਦੇ ਪਾਦਰੀ ਦੇ ਗੁੰਮ ਹੋਏ ਪੈਸਿਆਂ ਦੇ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਅੱਜ 2.38 ਕਰੋੜ ਬਰਾਮਦ ਕੀਤੇ ਗਏ। ਇਸ ਮਾਮਲੇ ਵਿੱਚ ਸੰਗਰੂਰ ਤੇ ਪਟਿਆਲਾ ਤੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਪੈਸੇ ਦੀ ਇਸ ਧੋਖਾਧੜੀ ਵਿੱਚ ਸ਼ਾਮਲ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਉਕਤ ਰਾਸ਼ੀ ਉਨ੍ਹਾਂ 2 ਏਐਸਆਈਜ਼ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤੀ ਗਈ ਜਿਨ੍ਹਾਂ ਨੂੰ ਮੰਗਲਵਾਰ ਨੂੰ ਕੋਚੀ ਤੋਂ ਪੰਜਾਬ ਪੁਲੀਸ ਦੀ ਪੁੱਛ-ਗਿੱਛ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਇਕ ਦਿਨ ਪਹਿਲਾਂ ਪੰਜਾਬ ਪੁਲੀਸ ਨੇ ਕੋਚੀ ਤੋਂ ਇਨ੍ਹਾਂ ਦੋਵੇਂ ਏਐਸਆਈਜ਼ ਜੋਗਿੰਦਰ ਸਿੰਘ ਤੇ ਰਾਜਪ੍ਰੀਤ ਸਿੰਘ ਨੂੰ ਕੇਰਲਾ ਪੁਲੀਸ ਤੋਂ ਆਪਣੀ ਹਿਰਾਸਤ ਵਿੱਚ ਲਿਆ ਸੀ। ਦੋਵੇਂ ਥਾਣੇਦਾਰਾਂ ਨੂੰ ਚੀਫ਼ ਜੁਡੀਸ਼ਲ ਮੈਜਿਸਟਰੇਟ ਕੋਚੀ ਸਾਹਮਣੇ ਪੇਸ਼ ਕੀਤਾ ਗਿਆ ਸੀ। ਜਿੱਥੋਂ ਟਰਾਂਜ਼ਿਟ ਰਿਮਾਂਡ ਪ੍ਰਾਪਤ ਕਰਕੇ ਅੱਜ ਦੋਵਾਂ ਨੂੰ ਵਾਪਸ ਪੰਜਾਬ ਲਿਆਂਦਾ ਗਿਆ ਹੈ।
ਪੰਜਾਬ ਪੁਲੀਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਟਵੀਟ ਕਰਕੇ ਉਕਤ ਬਰਾਮਦਗੀ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਸਬੰਧੀ ਹੋਰ ਜਾਂਚ ਜਾਰੀ ਹੈ ਅਤੇ ਇਸ ਗ਼ਬਨ ਦੀ ਪੂਰੀ ਗੁੱਥੀ ਨੂੰ ਸੁਲਝਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸੂਬੇ ਦੀ ਪੁਲੀਸ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੀਤੀ ਕਾਰਵਾਈ ਦੌਰਾਨ ਨਿਰਮਲ ਸਿੰਘ ਵਾਸੀ ਪਿੰਡ ਰਾਏਪੁਰ, ਜ਼ਿਲ੍ਹਾ ਮਾਨਸਾ ਪਾਸੋਂ 1 ਕਰੋੜ ਰੁਪਏ ਬਰਾਮਦ ਹੋਏ ਹਨ ਪਰ ਅਜੇ ਤਾਈਂ ਮੁਲਜ਼ਮ ਨੂੰ ਹਾਲੇ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਇਹ ਬਰਾਮਦਗੀ ਪਿੰਡ ਦੇ ਮੋਹਤਬਰ ਬੰਦਿਆਂ ਦੀ ਮੌਜੂਦਗੀ ਵਿੱਚ ਕੀਤੀ ਗਈ। ਪਟਿਆਲਾ ਪੁਲੀਸ ਵੱਲੋਂ ਕੀਤੀ ਜ਼ਬਤੀ ਵਿੱਚ 40 ਲੱਖ ਰੁਪਏ ਸੁਰਿੰਦਰਪਾਲ ਸਿੰਘ ਉਰਫ਼ ਚਿੜੀ ਵਾਸੀ ਪਾਤੜਾਂ, 20 ਲੱਖ ਰੁਪਏ, ਮੁਹੰਮਦ ਸ਼ਕੀਲ ਵਾਸੀ ਬਲਬੀਰ ਖਾਨ ਕਲੋਨੀ, ਪਟਿਆਲਾ ਅਤੇ 30 ਲੱਖ ਰੁਪਏ ਹੌਲਦਾਰ ਅਮਰੀਕ ਸਿੰਘ ਵਾਸੀ ਮਾਨਸਾ ਕੋਲੋਂ ਬਰਾਮਦ ਕੀਤੇ ਗਏ।
ਇਸੇ ਤਰ੍ਹਾਂ ਸੰਗਰੂਰ ਪੁਲੀਸ ਨੇ ਦਵਿੰਦਰ ਕੁਮਾਰ ਉਰਫ਼ ਕਾਕਾ ਵਾਸੀ ਗਰਿੱਡ ਕਲੋਨੀ, ਮੂਣਕ, ਜ਼ਿਲ੍ਹਾ ਸੰਗਰੂਰ ਤੋਂ 30 ਲੱਖ ਰੁਪਏ ਅਤੇ ਸੰਜੀਵ ਕੁਮਾਰ ਵਾਸੀ ਰਾਮਪੁਰ ਗੁੱਜਰਾਂ, ਜ਼ਿਲ੍ਹਾ ਸੰਗਰੂਰ ਤੋਂ 18 ਲੱਖ ਰੁਪਏ ਬਰਾਮਦ ਕੀਤੇ। ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਕ ਮੁਲਜ਼ਮ ਸੁਰਿੰਦਰਪਾਲ ਸ਼ਰਮਾ ਨੂੰ ਦਿਲ ਦੀ ਬਿਮਾਰੀ ਕਰਕੇ ਧਾਰਾ 437 ਸੀਆਰਪੀਸੀ ਤਹਿਤ ਜ਼ਮਾਨਤ ਮਿਲੀ ਹੈ। ਇਸ ਸਬੰਧੀ ਜ਼ਮਾਨਤ ਬਾਂਡ ਉਸ ਨੇ ਖ਼ੁਦ ਭਰਿਆ ਸੀ ਅਤੇ ਇਸ ਕੋਲੋਂ ਬਰਾਮਦ ਰਾਸ਼ੀ ਪੁਲੀਸ ਨੇ ਕਬਜ਼ੇ ਵਿੱਚ ਲੈ ਲਈ ਹੈ। ਪਹਿਲਾਂ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਵੀ ਕੋਸ਼ਿਸ਼ ਕੀਤੀ ਗਈ ਸੀ। ਇਸ ਤੋਂ ਪਹਿਲਾਂ ਪੰਜਾਬ ਪੁਲੀਸ ਨੇ ਮੰਗਲਵਾਰ ਨੂੰ ਕੋਚੀ ਦੇ ਇਕ ਪ੍ਰਾਈਵੇਟ ਹੋਟਲ ’ਚੋਂ ਕੋਚੀ ਪੁਲੀਸ ਦੀ ਮਦਦ ਨਾਲ ਦੋ ਫਰਾਰ ਏਐਸਆਈਜ਼ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਨੂੰ ਗ਼੍ਰਿਫ਼ਤਾਰ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਇੱਥੋਂ…