
ਚੋਰੀ ਦੀਆਂ ਗੱਡੀਆਂ ਦੇ ਇੰਜਨ ਤੇ ਚਾਸੀ ਨੰਬਰ ਬਦਲ ਕੇ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼
ਨਬਜ਼-ਏ-ਪੰਜਾਬ, ਮੁਹਾਲੀ, 30 ਅਗਸਤ:
ਮੁਹਾਲੀ ਪੁਲੀਸ ਨੇ ਗੱਡੀਆਂ ਚੋਰੀ ਕਰਨ ਮਗਰੋਂ ਉਨ੍ਹਾਂ ਦੇ ਚਾਸੀ ਅਤੇ ਇੰਜਨ ਨੰਬਰ ਬਦਲ ਕੇ ਅੱਗੇ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮ ਧੀਰਜ ਗੋਇਲ ਸੈਕਟਰ-22ਸੀ, ਚੰਡੀਗੜ੍ਹ ਦਾ ਵਸਨੀਕ ਹੈ। ਉਸ ਨੇ ਤਿੰਨ ਸਾਲ ਪਹਿਲਾਂ 2020 ਵਿੱਚ ਪੰਚਮ ਸੁਸਾਇਟੀ ਦੇ ਵਸਨੀਕ ਅਭੈ ਜੈਨ ਨੂੰ ਇੱਕ ਫਾਰਚੂਨਰ ਗੱਡੀ ਵੇਚੀ ਸੀ ਪ੍ਰੰਤੂ ਬਾਅਦ ਵਿੱਚ ਅਭੈ ਜੈਨ ਨੂੰ ਪਤਾ ਲੱਗਿਆ ਕਿ ਜੋ ਗੱਡੀ ਉਸ ਨੇ ਧੀਰਜ ਗੋਇਲ ਕੋਲੋਂ ਖਰੀਦੀ ਹੈ। ਉਸ ਦੇ ਇੰਜਨ ਅਤੇ ਚਾਸੀ ਨੰਬਰ ਦੀ ਟੈਂਪਰਿੰਗ ਕੀਤੀ ਹੋਈ ਹੈ ਅਤੇ ਚੋਰੀ ਦੀ ਗੱਡੀ ਗਲਤ ਤਰੀਕੇ ਨਾਲ ਉਸਦੇ ਨਾਂ ਰਜਿਸਟਰਡ ਕਰਵਾਈ ਗਈ ਹੈ।
ਡੀਐਸਪੀ ਬੱਲ ਨੇ ਦੱਸਿਆ ਕਿ ਪੀੜਤ ਅਭੈ ਜੈਨ ਦੀ ਸ਼ਿਕਾਇਤ ’ਤੇ ਸੈਂਟਰਲ ਥਾਣਾ ਫੇਜ਼-8 ਵਿੱਚ ਧੀਰਜ ਗੋਇਲ ਦੇ ਖ਼ਿਲਾਫ਼ ਧਾਰਾ 420, 465, 467, 468, 471, 487 ਦੇ ਤਹਿਤ ਪਰਚਾ ਦਰਜ ਕਰਕੇ ਥਾਣਾ ਫੇਜ਼-8 ਦੇ ਐਸਐਚਓ ਇੰਸਪੈਕਟਰ ਹਿੰਮਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਲਗਜ਼ਰੀ ਗੱਡੀਆਂ ਚੋਰੀ ਕਰਕੇ ਉਨ੍ਹਾਂ ਦੇ ਇੰਜਨ ਨੰਬਰ ਅਤੇ ਚਾਸੀ ਨੰਬਰ ਦੀ ਟੈਂਪਰਿੰਗ ਕਰਕੇ ਗਲਤ ਤਰੀਕੇ ਨਾਲ ਉਨ੍ਹਾਂ ਨੂੰ ਅੱਗੇ ਵੇਚ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਧੀਰਜ ਗੋਇਲ ਕੋਲੋਂ ਪੁੱਛਗਿੱਛ ਕਰਕੇ ਉਸ ਦੇ ਬਾਕੀ ਸਾਥੀਆਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਇਹ ਕੰਮ ਇਕੱਲੇ ਬੰਦੇ ਦਾ ਨਹੀਂ ਹੈ। ਇਸ ਵਿੱਚ ਹੋਰ ਵੀ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।