ਜਬਰੀ ਵਸੂਲੀ ਮਾਮਲਾ: ਤੀਜੀ ਕਮਾਂਡੋ ਬਟਾਲੀਅਨ ਦਾ ਕਰਮਚਾਰੀ ਤੇ ਸਾਥੀ ਗ੍ਰਿਫ਼ਤਾਰ
ਹੱਡੀਆਂ ਦਾ ਇਲਾਜ ਕਰਨ ਵਾਲੇ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਰਕਮ ਵਸੂਲੀ
ਨਬਜ਼-ਏ-ਪੰਜਾਬ, ਮੁਹਾਲੀ, 12 ਮਾਰਚ:
ਮੁਹਾਲੀ ਪੁਲੀਸ ਵੱਲੋਂ ਜਬਰੀ ਵਸੂਲੀ ਦੇ ਮਾਮਲੇ ਵਿੱਚ ਤੀਜੀ ਕਮਾਂਡੋ ਬਟਾਲੀਅਨ ਵਿੱਚ ਤਾਇਨਾਤ ਬਬਨਜੀਤ ਸਿੰਘ ਉਰਫ਼ ਬੱਬਲੂ ਵਾਸੀ ਨਾਨਕ ਨਗਰੀ (ਮੋਗਾ) ਅਤੇ ਉਸਦੇ ਸਾਥੀ ਮਨਪ੍ਰੀਤ ਸੰਧੂ ਉਰਫ਼ ਮੰਨੂ ਵਾਸੀ ਅਨੰਦ ਨਗਰੀ, ਅਬੋਹਰ (ਜ਼ਿਲ੍ਹਾ ਫਾਜ਼ਿਲਕਾ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ’ਤੇ ਸੈਕਟਰ-77 (ਸੋਹਾਣਾ) ਵਿੱਚ ਹੱਡੀਆਂ ਦੇ ਇਲਾਜ ਕਰਨ ਵਾਲੇ ਰਮਨ ਕੁਮਾਰ ਨੂੰ ਨਸ਼ਿਆਂ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਜ਼ਬਰਦਸਤੀ ਉਸ ਦੇ ਗੱਲੇ ਤੋਂ ਨਗਦ ਰਾਸੀ ਵਸੂਲਣ ਦਾ ਦੋਸ਼ ਹੈ। ਮੁਲਜ਼ਮਾਂ ਖ਼ਿਲਾਫ਼ ਪੀੜਤ ਦੁਕਾਨਦਾਰ ਰਮਨ ਕੁਮਾਰ ਦੀ ਸ਼ਿਕਾਇਤ ’ਤੇ ਸੋਹਾਣਾ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਨਾਮਜ਼ਦ ਮੁਲਜ਼ਮਾਂ ਦਾ ਇੱਕ ਸਾਥੀ ਜਿੰਦ ਸੰਧੂ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਐੱਸਐੱਸਪੀ ਦੀਪਕ ਪਾਰਿਕ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਸੋਹਾਣਾ ਥਾਣੇ ਦੇ ਐਸਐਚਓ ਇੰਸਪੈਕਟਰ ਸਿਮਰਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਫ਼ਰਾਰ ਸਾਥੀ ਜਿੰਦ ਸੰਧੂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਡੀਐਸਪੀ ਬੱਲ ਨੇ ਦੱਸਿਆ ਕਿ ਪੀੜਤ ਰਮਨ ਕੁਮਾਰ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਬੀਤੀ 8 ਮਾਰਚ ਨੂੰ ਪੰਜਾਬ ਪੁਲੀਸ ਦੀ ਵਰਦੀਧਾਰੀ ਬਬਨਜੀਤ ਸਿੰਘ ਉਸ ਦੇ ਕਲੀਨਿਕ ’ਤੇ ਆਇਆ ਅਤੇ ਉਸ ਨੇ ਖ਼ੁਦ ਨੂੰ ਸੀਆਈਏ ਸਟਾਫ਼ ਦਾ ਕਰਮਚਾਰੀ ਦੱਸਿਆ। ਬਬਨਜੀਤ ਨੇ ਆਪਣੀ ਜੇਬ ’ਚੋਂ ਕੁੱਝ ਨਸ਼ੀਲੇ ਪਦਾਰਥ ਕੱਢ ਕੇ ਕਲੀਨਿਕ ਵਿੱਚ ਰੱਖ ਦਿੱਤੇ ਅਤੇ ਕਹਿਣ ਲੱਗਾ ਕਿ ਉਹ ਨਸ਼ੀਲੇ ਪਦਾਰਥ ਵੇਚਦਾ ਹੈ। ਬਬਨਜੀਤ ਨੇ ਕਲੀਨਿਕ ’ਚੋਂ ਮੋਬਾਈਲ ਫੋਨ ਅਤੇ ਗੱਲੇ ’ਚੋਂ 25-30 ਹਜ਼ਾਰ ਰੁਪਏ ਕੱਢ ਲਏ। ਬਾਅਦ ਵਿੱਚ ਬਬਨਜੀਤ ਨੇ ਉਸ ਨੂੰ ਆਪਣੀ ਗੱਡੀ ਵਿੱਚ ਬੈਠਾ ਲਿਆ ਅਤੇ ਛੱਡਣ ਬਦਲੇ 2 ਲੱਖ ਦੀ ਮੰਗ ਕੀਤੀ।
ਡੀਐਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਬਬਨਜੀਤ ਸਿੰਘ ਤੀਜੀ ਕਮਾਡੋ ਬਟਾਲੀਅਨ ਵਿੱਚ ਭਰਤੀ ਹੈ, ਜੋ ਹੁਣ ਇੱਕ ਸੇਵਾਮੁਕਤ ਆਈਏਐਸ ਨਾਲ ਗੰਨਮੈਨ ਤਾਇਨਾਤ ਹੈ। ਬਬਨਜੀਤ ਨੇ ਆਪਣੇ ਸਾਥੀਆਂ ਮਨਪ੍ਰੀਤ ਸੰਧੂ ਅਤੇ ਜਿੰਦ ਸੰਧੂ ਨਾਲ ਮਿਲ ਕੇ ਮੈਡੀਕਲ ਦੀ ਦੁਕਾਨ ਤੋਂ ਦੁਕਾਨਦਾਰ ਨੂੰ ਧਮਕੀ ਦੇ ਕੇ ਜਬਰੀ ਮੋਬਾਈਲ ਫੋਨ ਅਤੇ ਹਜ਼ਾਰਾਂ ਦੀ ਨਗਦੀ ਚੁੱਕ ਲਏ ਸੀ ਅਤੇ 42500 ਰੁਪਏ ਜਿੰਦ ਸੰਧੂ ਦੇ ਗੁਗਲ-ਪੇਅ ’ਤੇ ਪੁਆਏ ਗਏ ਸੀ। ਸੋਹਾਣਾ ਥਾਣੇ ਦੇ ਐਸਐਚਓ ਸਿਮਰਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।