Nabaz-e-punjab.com

ਫੇਸਬੁੱਕ ’ਤੇ ਧਮਕੀਆਂ ਦੇਣ ਦਾ ਮਾਮਲਾ: ਅਦਾਲਤ ਵੱਲੋਂ ਗਾਇਕ ਐਲੀ ਮਾਂਗਟ ਦਾ ਦੋ ਰੋਜ਼ਾ ਪੁਲੀਸ ਰਿਮਾਂਡ

ਸਿੱਖਾਂ ਦੇ ਧਾਰਮਿਕ ਚਿੰਨ੍ਹ ਖੰਡੇ ਬਾਰੇ ਮੰਦਾ ਬੋਲਣ ’ਤੇ ਗਾਇਕ ਐਲੀ ਮਾਂਗਟ ਵਿਰੁੱਧ ਧਾਰਾ 295ਏ ਦਾ ਵਾਧਾ

ਪੰਜਾਬੀ ਗਾਇਕ ਰੰਮੀ ਰੰਧਾਵਾ ਦੇ ਭਰਾ ਨੇ ਹਾਈ ਕੋਰਟ ਦਾ ਬੂਹਾ ਖੜਕਾਇਆ, ਨਾਜਾਇਜ਼ ਹਿਰਾਸਤ ’ਚ ਰੱਖਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਸਤੰਬਰ:
ਪੰਜਾਬੀ ਗੀਤ ਨੂੰ ਲੈ ਕੇ ਫੇਸਬੁੱਕ ’ਤੇ ਇਤਰਾਜ਼ਯੋਗ ਟਿੱਪਣੀਆਂ ਅਤੇ ਇਕ ਦੂਜੇ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਵੱਲੋਂ ਲੰਘੀ ਰਾਤ ਗ੍ਰਿਫ਼ਤਾਰ ਕੀਤੇ ਪੰਜਾਬੀ ਗਾਇਕ ਹਰਕੀਰਤ ਸਿੰਘ ਉਰਫ਼ ਐਲੀ ਮਾਂਗਟ ਅਤੇ ਉਸ ਦੇ ਸਮਰਥਕ ਹਰਦੀਪ ਸਿੰਘ ਵਾਲੀਆ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਦੀ ਜੁਡੀਸ਼ਲ ਮੈਜਿਸਟਰੇਟ ਹਰਜਿੰਦਰ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਗਾਇਕ ਐਲੀ ਮਾਂਗਟ ਬੁੱਧਵਾਰ ਦੇਰ ਸ਼ਾਮ ਕੈਨੇਡਾ ਤੋਂ ਵਾਪਸ ਵਤਨ ਪਰਤਿਆ ਸੀ ਅਤੇ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਉਸ ਦੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਹੁਣ ਸਿੱਖਾਂ ਦੇ ਧਾਰਮਿਕ ਚਿੰਨ੍ਹ ਖੰਡੇ ਬਾਰੇ ਕਥਿਤ ਤੌਰ ’ਤੇ ਮੰਦਾ ਬੋਲਣ ਦੇ ਦੋਸ਼ ਵਿੱਚ ਐਲੀ ਮਾਂਗਟ ਦੇ ਖ਼ਿਲਾਫ਼ ਧਾਰਾ 295ਏ ਦੇ ਜੁਰਮ ਦਾ ਵਾਧਾ ਕੀਤਾ ਗਿਆ ਹੈ।
ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਹੋਏ ਜਾਂਚ ਅਧਿਕਾਰੀ ਓਮ ਪ੍ਰਕਾਸ਼ ਅਤੇ ਸਰਕਾਰੀ ਵਕੀਲ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਗਾਇਕ ਐਲੀ ਮਾਂਗਟ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਜੱਜ ਨੂੰ ਦੱਸਿਆ ਕਿ ਗਾਇਕ ਐਲੀ ਮਾਂਗਟ ਬੀਤੇ ਦਿਨੀਂ ਦੇਰ ਸ਼ਾਮ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਮੁਹਾਲੀ ਵਿੱਚ ਰਹਿੰਦੇ ਗਾਇਕ ਰੰਮੀ ਰੰਧਾਵਾ ਨਾਲ ਮਿਥ ਕੇ ਝਗੜਾ ਕਰਨ ਆ ਰਿਹਾ ਸੀ। ਗਾਇਕ ਦੇ ਸਮਰਥਕ ਹਥਿਆਰਾਂ ਨਾਲ ਲੈਸ ਸਨ ਅਤੇ ਉਨ੍ਹਾਂ ਨੇ ਕਈ ਫਾਇਰ ਵੀ ਕੀਤੇ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਕੋਲੋਂ ਉਸ ਦਾ ਪਾਸਪੋਰਟ ਅਤੇ ਅਸਲਾ ਬਰਾਮਦ ਕਰਨਾ ਹੈ। ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਜੱਜ ਨੂੰ ਮੋਬਾਈਲ ’ਤੇ ਧਮਕੀਆਂ ਭਰੀ ਵੀਡੀਓ ਵੀ ਦਿਖਾਈ ਗਈ। ਉਨ੍ਹਾਂ ਸਮੁੱਚੇ ਘਟਨਾਕ੍ਰਮ ਬਾਰੇ ਅਦਾਲਤ ਨੂੰ ਦੱਸਦਿਆਂ ਕਿਹਾ ਕਿ ਦੋਵੇਂ ਗਾਇਕਾਂ ਨੇ ਇਕ ਦੂਜੇ ਨੂੰ ਦੇਖ ਲੈਣ ਦੀਆਂ ਧਮਕੀਆਂ ਦਿੱਤੀਆਂ ਹਨ। ਜਿਸ ਕਾਰਨ ਪੰਜਾਬ ਦਾ ਮਾਹੌਲ ਖ਼ਰਾਬ ਹੋਣ ਦਾ ਖ਼ਦਸ਼ਾ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਪੁਲੀਸ ਕੇਸ ਦਰਜ ਹੋਣ ਦੇ ਬਾਵਜੂਦ ਬੀਤੇ ਦਿਨੀਂ ਐਲੀ ਮਾਂਗਟ ਕਾਨੂੰਨੀ ਕਾਰਵਾਈ ਅਤੇ ਕਿਸੇ ਵੱਡੇ ਖ਼ਤਰੇ ਤੋਂ ਬੇਖ਼ੌਫ਼ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਆਇਆ ਅਤੇ ਆਪਣੇ ਸਮਰਥਕਾਂ ਨੂੰ ਲੜਾਈ ਝਗੜਾ ਕਰਨ ਲਈ ਉਕਸਾਇਆ ਗਿਆ।
ਉਧਰ, ਬਚਾਅ ਪੱਖ ਦੀ ਵਕੀਲ ਸ੍ਰੀਮਤੀ ਸਤਿੰਦਰ ਕੌਰ ਨੇ ਗਾਇਕ ਐਲੀ ਮਾਂਗਟ ਦੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਬੱਚਿਆਂ ਤੋਂ ਅਨਜਾਣੇ ਵਿੱਚ ਗਲਤੀ ਹੋ ਗਈ ਹੈ। ਧਾਰਾ 295ਏ ਜੋੜਨ ਬਾਰੇ ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਐਲੀ ਨੇ ਰੰਗੀ ਰੰਧਾਵਾ ਦੇ ਗਲ ਵਿੱਚ ਪਾਏ ਹੋਏ ਕੰਠੇ ਬਾਰੇ ਬੋਲ ਰਿਹਾ ਸੀ। ਇਸ ਦੌਰਾਨ ਗਲਤੀ ਨਾਲ ਉਸ ਦੇ ਮੂੰਹ ਕੰਠੇ ਦੀ ਥਾਂ ਖੰਡਾ ਨਿਕਲ ਗਿਆ। ਗਾਇਕ ਦੀ ਅਜਿਹੀ ਕੋਈ ਮਨਸ਼ਾ ਨਹੀਂ ਸੀ। ਬਚਾਅ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਐਲੀ ਮਾਂਗਟ ਜਾਂ ਉਸ ਦੇ ਸਮਰਥਕਾਂ ਨੇ ਕੋਈ ਫਾਇਰ ਨਹੀਂ ਕੀਤਾ ਅਤੇ ਨਾ ਹੀ ਦੂਜੇ ਗਾਇਕ ਨਾਲ ਲੜਾਈ ਝਗੜਾ ਕਰਨ ਲਈ ਉਸ ਦੇ ਘਰ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਐਲੀ ਨੇ ਬੀਤੀ ਦਿਨੀਂ ਖ਼ੁਦ ਡੀਐਸਪੀ ਅੱਗੇ ਆਤਮ ਸਮਰਪਣ ਕੀਤਾ ਹੈ। ਉਨ੍ਹਾਂ ਪੁਲੀਸ ਦੀਆਂ ਦਲੀਲਾਂ ਨੂੰ ਗਲਤ ਦੱਸਦਿਆਂ ਕਿਹਾ ਕਿ ਜੇਕਰ ਫਾਇਰਿੰਗ ਕੀਤੀ ਗਈ ਸੀ ਤਾਂ ਉੱਥੇ ਖੜੀ ਕੀ ਕਰ ਰਹੀ ਸੀ ਅਤੇ ਜੇ ਗੋਲੀ ਚੱਲੀ ਹੈ ਤਾਂ ਖਾਲੀ ਹੋਲ ਮਿਲਣੇ ਚਾਹੀਦੇ ਸੀ ਪ੍ਰੰਤੂ ਹੁਣ ਤੱਕ ਪੁਲੀਸ ਗਾਇਕ ਕੋਲੋਂ ਕੁਝ ਵੀ ਬਰਾਮਦ ਨਹੀਂ ਕਰ ਸਕੀ ਹੈ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਦੋਵੇਂ ਪਰਿਵਾਰਾਂ ਵਿੱਚ ਆਪਸੀ ਸਮਝੌਤੇ ਦੀ ਆਸਾਰ ਹਨ। ਲਿਹਾਜ਼ਾ ਉਨ੍ਹਾਂ ਦੇ ਮੁਵਕਿਲ ਨੂੰ ਰਿਹਾਅ ਕੀਤਾ ਜਾਵੇ। ਕਿਉਂਕਿ ਇਸੇ ਮਾਮਲੇ ਵਿੱਚ ਗ੍ਰਿਫ਼ਤਾਰ ਗਾਇਕ ਰੰਮੀ ਰੰਧਾਵਾ ਨੂੰ ਥਾਣੇ ਵਿੱਚ ਹੀ ਜ਼ਮਾਨਤ ਲੈ ਕੇ ਰਿਹਾਅ ਕੀਤਾ ਜਾ ਚੁੱਕਾ ਹੈ। ਐਲੀ ਨੇ ਵੀ ਅਦਾਲਤ ਨੂੰ ਦੱਸਿਆ ਕਿ ਉਸ ਕੋਲ ਕੋਈ ਹਥਿਆਰ ਨਹੀਂ ਹੈ ਅਤੇ ਨਾ ਹੀ ਉਨ੍ਹਾਂ ’ਚੋਂ ਕਿਸੇ ਫਾਇਰਿੰਗ ਕੀਤੀ ਸੀ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਗਾਇਕ ਐਲੀ ਮਾਂਗਟ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਗਾਇਕ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
(ਬਾਕਸ ਆਈਟਮ)
ਉਧਰ, ਗਾਇਕ ਰਮਨਦੀਪ ਉਰਫ਼ ਰੰਮੀ ਰੰਧਾਵਾ ਦੇ ਭਰਾ ਪ੍ਰਿੰਸ ਰੰਧਾਵਾ ਨੇ ਇਨਸਾਫ਼ ਪ੍ਰਾਪਤੀ ਲਈ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ। ਉਨ੍ਹਾਂ ਆਪਣੇ ਵਕੀਲ ਫੇਰੀ ਸੋਫਤ ਰਾਹੀਂ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਸੋਹਾਣਾ ਪੁਲੀਸ ’ਤੇ ਉਸ ਦੇ ਭਰਾ ਗਾਇਕ ਰੰਮੀ ਰੰਧਾਵਾ ਨੂੰ ਕਥਿਤ ਤੌਰ ’ਤੇ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦਾ ਦੋਸ਼ ਲਾਇਆ। ਪ੍ਰਿੰਸ ਰੰਧਾਵਾ ਦੇ ਵਕੀਲ ਫੇਰੀ ਸੋਫਤ ਦੇ ਦੱਸਣ ਮੁਤਾਬਕ ਸੋਸ਼ਲ ਮੀਡੀਆ ’ਤੇ ਇਕ ਦੂਜੇ ਨੂੰ ਧਮਕੀਆਂ ਦੇ ਮਾਮਲੇ ਸਬੰਧੀ ਥਾਣਾ ਸੋਹਾਣਾ ਵਿੱਚ ਦਰਜ ਕੇਸ ਦੀਆਂ ਧਰਾਵਾਂ ਜ਼ਮਾਨਤਯੋਗ ਹਨ ਪ੍ਰੰਤੂ ਇਸ ਦੇ ਬਾਵਜੂਦ ਪੁਲੀਸ ਨੇ ਉਸ ਦੇ ਮੁਵਕਿਲ ਨੂੰ ਗ੍ਰਿਫ਼ਤਾਰ ਕਰਕੇ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ। ਉੱਚ ਅਦਾਲਤ ਨੇ ਵਿਸ਼ੇਸ਼ ਵਰੰਟ ਅਫ਼ਸਰ ਨਿਯੁਕਤ ਕਰਕੇ ਉਸ ਨੂੰ ਪੜਤਾਲ ਕਰਕੇ ਜਾਂਚ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ।
(ਬਾਕਸ ਆਈਟਮ)
ਉਧਰ, ਸੋਹਾਣਾ ਪੁਲੀਸ ਨੇ ਜ਼ਮਾਨਤ ’ਤੇ ਰਿਹਾਅ ਕੀਤੇ ਦੂਜੇ ਗਾਇਕ ਰੰਮੀ ਰੰਧਾਵਾ ਨੂੰ ਵੀ ਜਾਂਚ ਵਿੱਚ ਸ਼ਾਮਲ ਹੋਣ ਲਈ ਆਖਿਆ ਹੈ। ਥਾਣਾ ਸੋਹਾਣਾ ਦੇ ਐਸਐਚਓ ਰਾਜੇਸ਼ ਹਸਤੀਰ ਦਾ ਕਹਿਣਾ ਹੈ ਕਿ ਅੱਜ ਪੁਲੀਸ ਦੀ ਟੀਮ ਨੇ ਪੁਰਬ ਅਪਾਰਟਮੈਂਟ ਵਿੱਚ ਰੰਮੀ ਰੰਧਾਵਾ ਦੇ ਫਲੈਟ ਵਿੱਚ ਵਿਜ਼ਟ ਕੀਤਾ ਸੀ ਲੇਕਿਨ ਉੱਥੇ ਘਰ ਨੂੰ ਤਾਲਾ ਲੱਗਾ ਹੋਇਆ ਸੀ। ਪੁਲੀਸ ਅਨੁਸਾਰ ਜ਼ਮਾਨਤ ਤੋਂ ਬਾਅਦ ਰੰਮੀ ਰੰਧਾਵਾ ਨੂੰ ਦੁਬਾਰਾ ਮੀਡੀਆ ਵਿੱਚ ਉਕਤ ਘਟਨਾਕ੍ਰਮ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਸੀ। ਅਜਿਹਾ ਕਰਕੇ ਗਾਇਕ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…