nabaz-e-punjab.com

ਪਿੰਡ ਸਿਆਲਬਾ ਮਾਜਰੀ ਦੀ ਅੌਰਤ ਵੱਲੋਂ ਫੇਸਬੁੱਕ ਫਰੈਂਡ ਅਤੇ ਉਸ ਦੇ ਭਰਾ ’ਤੇ ਕਥਿਤ ਜਬਰ ਜਨਾਹ ਦਾ ਦੋਸ਼

ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਤੇ ਧਮਕੀਆਂ ਦੇਣ ਸਬੰਧੀ ਦਿੱਤੀਆਂ ਸ਼ਿਕਾਇਤਾਂ ’ਤੇ ਨਹੀਂ ਹੋਈ ਕਾਰਵਾਈ

ਐਸਐਸਪੀ ਵੱਲੋਂ ਪੁਰਾਣੀ ਰਿਪੋਰਟ ਤਲਬ ਕਰਕੇ ਬਣਦੀ ਕਾਰਵਾਈ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਪਿੰਡ ਸਿਆਲਬਾ ਮਾਜਰੀ ਦੀ ਅੌਰਤ ਨੇ ਫੇਸਬੁੱਕ ’ਤੇ ਦੋਸਤ ਬਣੇ ਨੌਜਵਾਨ ਨੰਬਰਦਾਰ ਰਾਜ ਕੁਮਾਰ ਅਤੇ ਉਸ ਦੇ ਭਰਾ ਉੱਤੇ ਕਥਿਤ ਜਬਰ ਜਨਾਹ ਕਰਨ ਦਾ ਦੋਸ਼ ਲਾਇਆ ਹੈ। ਪੀੜਤ ਅੌਰਤ ਦਾ ਕਹਿਣਾ ਹੈ ਕਿ ਇਸ ਸਬੰਧੀ ਬੀਤੀ 16 ਅਪਰੈਲ ਨੂੰ ਵੀ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਸੀ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਕਤ ਅੌਰਤ ਗਰਭਵਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਵਾਂ ਦਾ ਡੀਐਨਏ ਟੈਸਟ ਕਰਵਾਇਆ ਜਾਵੇ ਤਾਂ ਸਚਾਈ ਸਾਹਮਣੇ ਆ ਸਕਦੀ ਹੈ ਅਤੇ ਉਹ ਆਪਣਾ ਡੀਐਨਏ ਟੈਸਟ ਕਰਵਾਉਣ ਲਈ ਤਿਆਰ ਹੈ। ਉਧਰ, ਦੂਜੇ ਪਾਸੇ ਨੰਬਰਦਾਰ ਰਾਜ ਕੁਮਾਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਉਹ ਡੀਐਨਏ ਟੈਸਟ ਲਈ ਤਿਆਰ ਹਨ।
ਅੱਜ ਦੁਬਾਰਾ ਨਵੇਂ ਐਸਐਸਪੀ ਨੂੰ ਸ਼ਿਕਾਇਤ ਦੇਣ ਆਈ ਪੀੜਤ ਅੌਰਤ ਨੇ ਦੱਸਿਆ ਕਿ ਅਪਰੈਲ 2018 ਵਿੱਚ ਉਕਤ ਨੌਜਵਾਨ ਫੇਸਬੁੱਕ ਰਾਹੀਂ ਉਸ ਦਾ ਦੋਸਤ ਬਣਿਆ ਸੀ। ਇਸ ਮਗਰੋਂ ਉਹ ਅਚਾਨਕ ਕੁਝ ਚਾਕਲੇਟਾਂ ਅਤੇ ਕੋਲਡ ਡ੍ਰਿੰਕ ਲੈ ਕੇ ਉਨ੍ਹਾਂ ਦੇ ਘਰ ਆ ਗਿਆ। ਠੰਢਾ ਪੀਣ ਤੋਂ ਬਾਅਦ ਉਹ ਬੇਸੁੱਧ ਹੋ ਗਈ ਅਤੇ ਰਾਜ ਕੁਮਾਰ ਨੇ ਫਾਇਦਾ ਚੁੱਕ ਕੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਪਿੱਛੇ ਜਿਹੇ ਰਾਜ ਕੁਮਾਰ ਦੇ ਭਰਾ ਸੋਹਨ ਲਾਲ ਨੇ ਉਸ ਨੂੰ ਅਸ਼ਲੀਲ ਵੀਡੀਓ ਫੋਟੋਆਂ ਨਸ਼ਟ ਕਰਨ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਕਾਇਮ ਕਰ ਲਏ ਪ੍ਰੰਤੂ ਇਸ ਦੇ ਬਾਵਜੂਦ ਅਸ਼ਲੀਲ ਵੀਡੀਓ ਤੇ ਫੋਟੋਆਂ ਵਾਪਸ ਨਹੀਂ ਕੀਤੀਆਂ।
(ਬਾਕਸ ਆਈਟਮ)
ਉਧਰ, ਨੰਬਰਦਾਰ ਰਾਜ ਕੁਮਾਰ ਨੇ ਉਕਤ ਅੌਰਤ ਵੱਲੋਂ ਜਬਰ ਜਨਾਹ ਦੇ ਲਗਾਏ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਉਲਟਾ ਸ਼ਿਕਾਇਤ ਕਰਤਾ ਅੌਰਤ ’ਤੇ ਉਸ ਦੇ ਪਰਿਵਾਰ ਨੂੰ ਬਦਨਾਮ ਕਰਨ ਅਤੇ ਬਲੈਕਮੇਲ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਉਕਤ ਅੌਰਤ ਅਤੇ ਉਸ ਦੇ ਪਤੀ ਨੇ ਉਨ੍ਹਾਂ ਦੇ ਦੋ ਪਲਾਂਟ ਵਿਕਵਾਏ ਸਨ। ਜਿਸ ’ਚੋਂ ਦੋ ਲੱਖ ਰੁਪਏ ਉਨ੍ਹਾਂ ਨੇ ਆਪਣੇ ਕੋਲ ਰੱਖ ਲਏ ਸਨ ਅਤੇ ਦੋ ਲੱਖ ਹੋਰ ਉਧਾਰੇ ਲਏ ਸਨ। ਜਦੋਂ ਉਨ੍ਹਾਂ ਨੇ ਆਪਣੇ ਪੈਸੇ ਮੰਗੇ ਤਾਂ ਪਹਿਲਾਂ ਅੌਰਤ ਟਾਲ ਮਟੌਲ ਕਰਦੀ ਰਹੀ ਅਤੇ ਬਾਅਦ ਵਿੱਚ ਵਕੀਲਾਂ ਨੂੰ ਲੈ ਕੇ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਨੰਬਰਦਾਰ ਨੇ ਕਿਹਾ ਕਿ ਉਕਤ ਅੌਰਤ ਫੈਸਲੇ ਦੇ ਅੱਠ ਲੱਖ ਰੁਪਏ ਅਤੇ 12 ਲੱਖ ਵਿੱਚ ਮਕਾਨ ਖਰੀਦਣ ਲਈ ਦਬਾਅ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ।
(ਬਾਕਸ ਆਈਟਮ)
ਉਧਰ, ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਪੀੜਤ ਅੌਰਤ ਦੀ ਸ਼ਿਕਾਇਤ ਦਾ ਜਲਦੀ ਨਿਬੇੜਾ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੀੜਤ ਅੌਰਤ ਦੀ ਸ਼ਿਕਾਇਤ ’ਤੇ ਪਹਿਲਾਂ ਹੀ ਵੱਖ ਵੱਖ ਪਹਿਲੂਆਂ ’ਤੇ ਪੜਤਾਲ ਕੀਤੀ ਜਾ ਰਹੀ ਹੈ ਅਤੇ ਮੁੱਢਲੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

Load More Related Articles

Check Also

ਜਲ ਸਪਲਾਈ ਵਿਭਾਗ ਦੇ ਕਰਮਚਾਰੀ ਸੜਕਾਂ ’ਤੇ ਉੱਤਰੇ, ਮੁੱਖ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਸ਼ੁਰੂ

ਜਲ ਸਪਲਾਈ ਵਿਭਾਗ ਦੇ ਕਰਮਚਾਰੀ ਸੜਕਾਂ ’ਤੇ ਉੱਤਰੇ, ਮੁੱਖ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਨਬਜ਼-ਏ-ਪੰਜਾਬ, …