
ਪ੍ਰਾਪਰਟੀ ਟੈਕਸ: ਨਗਰ ਨਿਗਮ ਵੱਲੋਂ ਬੰਦ ਪਈਆਂ ਤਿੰਨ ਫੈਕਟਰੀਆਂ ਸੀਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਨਵੰਬਰ:
ਮੁਹਾਲੀ ਨਗਰ ਨਿਗਮ ਨੇ ਵੀਰਵਾਰ ਸ਼ਾਮ ਨੂੰ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਦੇ ਦੋਸ਼ ਵਿੱਚ ਤਿੰਨ ਫੈਕਟਰੀਆਂ ਦੀਆਂ ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ। ਨਗਰ ਨਿਗਮ ਅਧਿਕਾਰੀ ਭੀਮ ਸੈਨ ਨੇ ਦੱਸਿਆ ਕਿ ਜਿਨ੍ਹਾਂ ਤਿੰਨ ਫੈਕਟਰੀਆਂ ਨੂੰ ਸੀਲ ਕੀਤਾ ਗਿਆ ਹੈ, ਉਹ ਪਿਛਲੇ 4-5 ਸਾਲਾਂ ਤੋਂ ਬੰਦ ਪਈਆਂ ਸਨ। ਇਨ੍ਹਾਂ ਸਨਅਤੀ ਇਕਾਈਆਂ ਦੇ ਮਾਲਕਾਂ ਨੂੰ ਕਈ ਵਾਰ ਨੋਟਿਸ ਭੇਜ ਕੇ ਇਮਾਰਤਾਂ ਦਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ ਜਾਂਦੀ ਰਹੀ ਹੈ, ਪ੍ਰੰਤੂ ਹੁਣ ਤੱਕ ਇਨ੍ਹਾਂ ਸਨਅਤੀ ਇਕਾਈਆਂ ਦੇ ਮਾਲਕਾਂ ਨੇ ਪ੍ਰਾਪਰਟੀ ਟੈਕਸ ਜਮ੍ਹਾ ਨਹੀਂ ਕਰਵਾਇਆ ਗਿਆ ਹੈ। ਜਿਸ ਕਾਰਨ ਨਗਰ ਨਿਗਮ ਦੇ ਕਰਮਚਾਰੀ ਅਵਤਾਰ ਸਿੰਘ ਕਲਸੀਆ ਦੀ ਅਗਵਾਈ ਵਾਲੀ ਟੀਮ ਵੱਲੋਂ ਉਕਤ ਫੈਕਟਰੀਆਂ ਦੀਆਂ ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ। ਸ੍ਰੀ ਕਲਸੀਆਂ ਨੇ ਦੱਸਿਆ ਕਿ ਫੈਕਟਰੀ ਮਾਲਕਾਂ ਵੱਲ ਲੱਖਾਂ ਰੁਪਏ ਟੈਕਸ ਬਕਾਇਆ ਖੜਾ ਹੈ। ਉਨ੍ਹਾਂ ਦੱਸਿਆ ਕਿ ਕਈ ਹੋਰ ਅਦਾਰਿਆਂ ਨੂੰ ਟੈਕਸ ਜਮ੍ਹਾ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਗਏ ਹਨ।