ਫੈਕਟਰੀ ਮੁਲਾਜ਼ਮ ਨੂੰ ਪੱਲਿਓਂ ਪੈਸੇ ਖਰਚ ਕਰਕੇ ਕਰਵਾਉਣਾ ਪਿਆ ਅੱਖ ਅਪਰੇਸ਼ਨ

ਈਐਸਆਈ ਹਸਪਤਾਲ ਵਿੱਚ 20 ਹਜ਼ਾਰ ਕਰਮਚਾਰੀਆਂ ਦੇ ਪੈਂਡਿੰਗ ਪਏ ਹਨ ਮੈਡੀਕਲ ਬਿੱਲ: ਵਕੀਲ ਜਸਬੀਰ ਸਿੰਘ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਇੱਥੋਂ ਦੇ ਉਦਯੋਗਿਕ ਏਰੀਆ ਫੇਜ਼-7 ਸਥਿਤ ਮੈਟਲ ਫੈਕਟਰੀ ਵਿੱਚ ਕੰਮ ਕਰਦੇ ਇੱਕ ਕਰਮਚਾਰੀ ਰਾਮਾ ਸ਼ੰਕਰ ਨੂੰ ਆਪਣੇ ਇਲਾਜ ਲਈ ਸਥਾਨਕ ਈਐਸਆਈ ਹਸਪਤਾਲ ਵਿੱਚ ਮੈਡੀਕਲ ਸਹੂਲਤਾਂ ਦੀ ਥਾਂ ਖੱਜਲ ਖੁਆਰ ਹੋਣਾ ਪਿਆ। ਹਸਪਤਾਲ ਵਿੱਚ ਤਾਇਨਾਤ ਸਟਾਫ਼ ਪੀੜਤ ਨੂੰ ਮੁੱਢਲੀ ਮੈਡੀਕਲ ਸੁਵਿਧਾਵਾਂ ਪ੍ਰਦਾਨ ਕਰਨ ਅਤੇ ਇਲਾਜ ਕਰਨ ਦੀ ਬਜਾਏ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਜਨਰਲ ਹਸਪਤਾਲ ਸੈਕਟਰ-32, ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ।
ਉਧਰ, ਪੀੜਤ ਫੈਕਟਰੀ ਕਰਮਚਾਰੀ ਦੇ ਵਕੀਲ ਜਸਬੀਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਰਾਮਾ ਸ਼ੰਕਰ ਮੁਹਾਲੀ ਦੀ ਉਕਤ ਫੈਕਟਰੀ ਵਿੱਚ ਰੋਜ਼ਾਨਾ ਵਾਂਗ ਡਿਊਟੀ ਦੌਰਾਨ ਲੋਹਾ ਕੁੱਟਣ ਦਾ ਕੰਮ ਰਿਹਾ ਸੀ, ਕਿ ਇਸ ਦੌਰਾਨ ਦੀ ਲੋਹਾ ਟੁੱਟ ਕੇ ਉਸ ਦੀ ਅੱਖ ਵਿੱਚ ਜਾ ਵੱਜਿਆ। ਇਸ ਤੋਂ ਤੁਰੰਤ ਉਸ ਨੂੰ ਈਐਸਆਈ ਹਸਪਤਾਲ ਵਿੱਚ ਪਹੁੰਚਾਇਆ ਗਿਆ। ਜਿਥੇ ਉਸ ਨੂੰ ਇਲਾਜ ਦੇ ਨਾਂ ’ਤੇ ਸਿਰਫ਼ ਖੱਜਲ ਖੁਆਰੀ ਹੀ ਪੱਲੇ ਪਈ। ਕਿਉਂਕਿ ਹਸਪਤਾਲ ਵਿੱਚ ਕੋਈ ਆਈ ਸਰਜਨ ਨਹੀਂ ਸੀ। ਜਿਸ ਕਾਰਨ ਪੀੜਤ ਮਰੀਜ ਨੂੰ ਸਟਾਫ਼ ਨੇ ਪਰਚੀ ਬਣਾਉਣ ਉਪਰੰਤ ਸੈਕਟਰ-32 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਮਹਿਲਾ ਆਈ ਸਰਜਨ ਛੁੱਟੀ ’ਤੇ ਸੀ। ਉਨ੍ਹਾਂ ਦੱਸਿਆ ਕਿ ਰਾਮਾ ਸ਼ੰਕਰ ਦੀ ਹਾਲਤ ਕਾਫੀ ਗੰਭੀਰ ਹੋਣ ਕਾਰਨ ਉਸ ਨੂੰ ਇਲਾਜ ਲਈ ਸੋਹਾਣਾ ਸਥਿਤ ਅੱਖਾਂ ਦੇ ਚੈਰੀਟੇਬਲ ਹਸਪਤਾਲ ਵਿੱਚ ਲਿਜਾਇਆ ਗਿਆ। ਜਿਥੇ ਅੱਜ ਕਰਮਚਾਰੀ ਦੀ ਅੱਖ ਦਾ ਅਪਰੇਸ਼ਨ ਕੀਤਾ ਗਿਆ ਅਤੇ ਇਸ ਬਦਲੇ ਕਰਮਚਾਰੀ ਨੂੰ ਆਪਣੇ ਪੱਲਿਓਂ 20 ਹਜ਼ਾਰ ਰੁਪਏ ਖਰਚ ਕਰਨੇ ਪਏ।
ਵਕੀਲ ਜਸਬੀਰ ਸਿੰਘ ਨੇ ਦੱਸਿਆ ਕਿ ਰਾਮਾ ਸ਼ੰਕਰ ਮੈਡੀਕਲ ਸਹੂਲਤਾਂ ਲਈ ਪਿਛਲੇ 5 ਸਾਲਾਂ ਤੋਂ ਆਪਣੀ ਤਨਖ਼ਾਹ ’ਚੋਂ ਸਾਢੇ 6 ਫੀਸਦੀ ਟੈਕਸ ਅਦਾ ਕਰਦਾ ਆ ਰਿਹਾ ਹੈ ਲੇਕਿਨ ਹੁਣ ਜਦੋਂ ਉਨ੍ਹਾਂ ਨੂੰ ਇਲਾਜ ਦੀ ਲੋੜ ਪਈ ਤਾਂ ਉਸ ਨੂੰ ਆਪਣੀ ਹੀ ਜੇਬ ਢਿੱਲੀ ਕਰਨੀ ਪਈ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਐਕਸ-ਰੇ ਮਸ਼ੀਨ ਖਰਾਬ ਪਈ ਹੈ ਅਤੇ ਅਲਟਾਸਾਉਂਡ ਦੀ ਕੋਈ ਸੁਵਿਧਾ ਨਹੀਂ ਹੈ। ਇਹੀ ਨਹੀਂ ਲੈਬਾਰਟਰੀ ਵਿੱਚ ਪੂਰੇ ਟੈਸਟ ਨਹੀਂ ਕੀਤੇ ਜਾਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਫੈਕਟਰੀ ਕਾਮਿਆਂ ਦੇ ਕਰੀਬ 20 ਹਜ਼ਾਰ ਮੈਡੀਕਲ ਬਿੱਲ ਪੈਂਡਿੰਗ ਪਏ ਹਨ। ਉਨ੍ਹਾਂ ਮੰਗ ਕੀਤੀ ਕਿ ਈਐਸਆਈ ਹਸਪਤਾਲ ਵਿੱਚ ਮੁੱਢਲੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
(ਬਾਕਸ ਆਈਟਮ)
ਉਧਰ, ਈਐਸਆਈ ਹਸਪਤਾਲ ਮੁਹਾਲੀ ਦੇ ਐਸਐਮਓ ਡਾ. ਅਨਿਲ ਜੋਸ਼ੀ ਨੇ ਹਸਪਤਾਲ ਵਿੱਚ ਮੈਡੀਕਲ ਸਟਾਫ਼ ਪੂਰਾ ਹੈ ਅਤੇ ਲੈਬਾਰਟਰੀ ਵਿੱਚ ਸਾਰੇ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੈਡੀਕਲ ਸਹੂਲਤਾਂ ਤੇ ਪ੍ਰਬੰਧਕਾਂ ਸਬੰਧੀ ਛੋਟੀ ਮੋਟੀ ਸਮੱਸਿਆ ਨੂੰ ਉਹ ਬਾਕੀ ਡਾਕਟਰਾਂ ਨਾਲ ਮਿਲ ਕੇ ਆਪਸ ਵਿੱਚ ਪੈਸੇ ਇਕੱਠੇ ਕਰਕੇ ਕੰਮ ਚਲਾ ਲੈਂਦੇ ਹਨ। ਉਂਜ ਇਹ ਵੀ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਹਸਪਤਾਲ ਦੀ ਇਮਾਰਤ ਦੀ ਮੁਰੰਮਤ ਲਈ ਐਸਟੀਮੇਟ ਬਣਾ ਕੇ ਮਹਿਕਮੇ ਨੂੰ ਭੇਜਿਆ ਗਿਆ ਸੀ ਲੇਕਿਨ ਹੁਣ ਤੱਕ ਇੱਕ ਧੇਲਾ ਨਹੀਂ ਮਿਲਿਆ। ਉਂਜ ਉਨ੍ਹਾਂ ਮੰਨਿਆਂ ਕਿ ਐਕਸ-ਰੇ ਮਸ਼ੀਨ ਖਰਾਬ ਪਈ ਹੈ ਅਤੇ ਅਲਟਾਸਾਉਂਡ ਮਸ਼ੀਨ ਚਲਾਉਣ ਲਈ ਜਲਦੀ ਹੀ ਠੇਕਾ ਪ੍ਰਣਾਲੀ ਅਧੀਨ ਡਾਕਟਰ ਦੀ ਵਿਵਸਥਾ ਕੀਤੀ ਜਾਵੇਗੀ। ਇਸ ਸਬੰਧੀ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਆਈ ਸਰਜਨ ਛੁੱਟੀ ’ਤੇ ਸੀ। ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ ਜਦੋਂ ਕਿ ਬਾਕੀ ਸਾਰੀ ਬੀਮਾਰੀਆਂ ਦੇ ਮਾਹਰ ਡਾਕਟਰ ਹਸਪਤਾਲ ਵਿੱਚ ਤਾਇਨਾਤ ਹਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…