ਮਹਿੰਗਾਈ ’ਤੇ ਕਾਬੂ ਪਾਉਣ ’ਚ ਫੇਲ ਪ੍ਰਧਾਨ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਐ: ਸ਼ਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂਨ:
ਸੀਨੀਅਰ ਕਾਂਗਰਸੀ ਆਗੂ ਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦੇਸ਼ ਵਿੱਚ ਰੋਜ਼ਾਨਾ ਵਧ ਰਹੀ ਮਹਿੰਗਾਈ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਤੁਰੰਤ ਅਸਤੀਫਾ ਦੇਣ ਦੀ ਮੰਗ ਕੀਤੀ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮੱਛਲੀ ਕਲਾਂ ਨੇ ਕਿਹਾ ਕਿ ਭਾਜਪਾ ਆਗੂ ਨਰਿੰਦਰ ਮੋਦੀ ਨੇ ਜਦੋਂ ਤੋਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਹੀ ਮਹਿੰਗਾਈ ਬੇਲਗਾਮ ਹੋ ਚੁਕੀ ਹੈ। ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਨਿੱਤ ਨਵੇਂ ਟੀਚੇ ਤੈਅ ਕਰਦੀਆਂ ਹੋਈਆਂ 100 ਰੁਪਏ ਪ੍ਰਤੀ ਲੀਟਰ ਦੇ ਨੇੜੇ ਢੁਕਣ ਜਾ ਰਹੀਆਂ ਹਨ। ਖਾਣ ਦੇ ਤੇਲ, ਪਿਆਜ਼, ਦੁੱਧ, ਆਟਾ-ਦਾਲਾਂ ਅਤੇ ਹੋਰ ਖਾਣ ਦੀਆਂ ਵਸਤਾਂ ਖਰੀਦਣਾ ਗਰੀਬਾਂ ਅਤੇ ਮੱਧ ਵਰਗੀ ਪਰਿਵਾਰਾਂ ਲਈ ਮੁਸ਼ਕਿਲ ਹੋ ਚੁਕੀਆਂ, ਪਰ ਭਾਜਪਾ ਸਰਕਾਰ ਇਨ੍ਹਾਂ ਕੀਮਤਾਂ ਨੂੰ ਰੋਕਣ ਵਿਚ ਬਿਲਕੁਲ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਪੂੰਜੀਪਤੀਆਂ ਦੀ ਪੁਸ਼ਤ ਪਨਾਹੀ ਵਿਚ ਇੰਨੀ ਵਿਅਸਤ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਤਾਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਕਿਸਾਨਾਂ ਦੀ ਗੱਲ ਸੁਣ ਰਹੇ ਹਨ ਅਤੇ ਨਾ ਹੀ ਗਰੀਬਾਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਕੋਈ ਕਦਮ ਚੁਕਣ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਮਹਿੰਗਾਈ ਨੂੰ ਕਾਬੂ ਵਿੱਚ ਰੱਖਣ ਲਈ ਭਾਜਪਾ ਸਰਕਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਲੋਂ ਸਿੱਖਿਆ ਲੈਣੀ ਚਾਹੀਦੀ ਹੈ ਕਿਉਂਕਿ ਡਾ. ਮਨਮੋਹਨ ਸਿੰਘ ਨੇ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤਾਂ ਵਧਣ ਦੇ ਬਾਵਜੂਦ ਵੀ ਦੇਸ ਦੇ ਲੋਕਾਂ ’ਤੇ ਮਹਿੰਗਾਈ ਦਾ ਬੋਝ ਨਹੀਂ ਸੀ ਪੈਣ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਨੰਗੇ ਹੋ ਕੇ ਪ੍ਰਦਰਸ਼ਨ ਕਰਨ ਵਾਲੇ ਭਾਜਪਾ ਆਗੂ ਹੁਣ ਮਹਿੰਗਾਈ ਦੇ ਮੁੱਦੇ ਉੱਤੇ ਆਪਣਾ ਮੂੰਹ ਨਾ ਖੋਲ੍ਹ ਕੇ ਗਰੀਬਾਂ ਤੇ ਕਿਰਸਾਣਾਂ ਨਾਲ ਧੋਖਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਜਾਂ ਤਾਂ ਮਹਿੰਗਾਈ ਨੂੰ ਕਾਬੂ ਵਿੱਚ ਕਰੇ ਜਾਂ ਬਿਨਾਂ ਦੇਰੀ ਅਸਤੀਫ਼ਾ ਦੇਵੇ।
ਇਸ ਮੌਕੇ ਕੌਂਸਲਰ ਸੁੱਚਾ ਸਿੰਘ ਕਲੌੜ, ਪਹਿਲਵਾਨ ਅਮਰਜੀਤ ਸਿੰਘ ਲਖਨੌਰ, ਮਨਜਿੰਦਰ ਸਿੰਘ ਬਿੱਟੂ, ਚਮਨ ਲਾਲ, ਰਮਨਦੀਪ ਸਿੰਘ ਸਰਪੰਚ ਸਫੀਪੁਰ, ਗੁਰਵਿੰਦਰ ਸਿੰਘ ਸਰਪੰਚ ਨੰਡਿਆਲੀ, ਰਣਜੀਤ ਸਿੰਘ ਗਿੱਲ ਸਰਪੰਚ ਜਗਤਪੁਰਾ, ਪਰਮਜੀਤ ਸਿੰਘ ਬਰਾੜ ਸਰਪੰਚ ਧਰਮਗੜ੍ਹ ਅਤੇ ਹਰਜੀਤ ਸਿੰਘ ਸਰਪੰਚ ਰੁੜਕਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…