Nabaz-e-punjab.com

ਸਮੇਂ ਦੀਆਂ ਸਰਕਾਰਾਂ ਦੀ ਨਾਕਾਮੀ ਕਾਰਨ ਲਗਾਤਾਰ ਵੱਧ ਰਿਹਾ ਹੈ ਪ੍ਰਵਾਸ: ਪਲਵਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ:
ਪੰਜਾਬ ਤੋਂ ਕੈਨੇਡਾ ਵੱਲ ਲਗਾਤਾਰ ਵੱਧਦੇ ਪ੍ਰਵਾਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉੱਥੋਂ ਦੇ ਪ੍ਰਸ਼ਾਸਨਿਕ ਅਤੇ ਰਾਜਨੀਤਕ ਢਾਂਚੇ ਵਿੱਚ ਵੀਆਈਪੀ ਕਲਚਰ, ਚਮਚਾਗੀਰੀ, ਸ਼ੋਸ਼ੇਬਾਜ਼ੀ, ਦਿਖਾਵਾ, ਝੂਠ ਅਤੇ ਲਾਰੇਬਾਜ਼ੀ ਦੀ ਥਾਂ ਆਮ ਲੋਕਾਂ ਦੀ ਬਿਹਤਰੀ ਲਈ ਕੰਮ ਕਰਨ ਦੀ ਭਾਵਨਾ ਹੈ ਅਤੇ ਵਿਦੇਸ਼ੀ ਮੁਲਕ ਵਿੱਚ ਹਰ ਨਸਲ, ਭਾਈਚਾਰੇ, ਧਰਮ ਨਾਲ ਸਬੰਧਤ ਲੋਕਾਂ ਨੂੰ ਬਰਾਬਰ ਨਾਗਰਿਕਤਾ ਅਧਿਕਾਰ ਹਾਸਲ ਹੈ। ਇਹ ਵਿਚਾਰ ਕੈਨੇਡਾ ਦੇ ਟੋਰੰਟੋ ਵਿੱਚ ਚਲਦੇ ਗੁਨਤਾਸ ਰੇਡੀਓ ਦੇ ਸੰਚਾਲਕ ਪਲਵਿੰਦਰ ਸਿੰਘ ਰਾਏਪੁਰ ਨੇ ਅੱਜ ਇੱਥੇ ਮੀਡੀਆ ਨਾਲ ਵਿਸ਼ੇਸ਼ ਮਿਲਣੀ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਸਿਆਸਤਦਾਨ ਵੀਆਈਪੀ ਕਲਚਰ ਤੋਂ ਕੋਹਾਂ ਦੂਰ ਹਨ ਅਤੇ ਆਪਣੇ ਹੱਥੀ ਕੰਮ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਦੋਂਕਿ ਪੰਜਾਬ ਸਮੇਤ ਸਮੁੱਚੇ ਦੇਸ਼ ਦੇ ਹਾਲਾਤ ਇਹ ਹਨ ਕਿ ਇੱਥੇ ਸਿਆਸੀ ਪਾਰਟੀਆਂ ਦੇ ਹੇਠਲੇ ਪੱਧਰ ਦੇ ਆਗੂ ਵੀ ਖ਼ੁਦ ਨੂੰ ਲੋਕਾਂ ਦਾ ਮਾਲਕ ਸਮਝਣ ਲੱਗ ਜਾਂਦੇ ਹਨ।
ਕੈਨੇਡਾ ਵਿੱਚ ਪੰਜਾਬੀ ਮੀਡੀਆ ਬਾਰੇ ਗੱਲ ਕਰਦਿਆ ਸ੍ਰੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਵਿਦੇਸ਼ੀ ਮੁਲਕਾਂ ਵਿੱਚ ਪੰਜਾਬੀ ਮੀਡੀਆ ਬਹੁਤ ਤੇਜੀ ਨਾਲ ਅੱਗੇ ਵੱਧ ਫੁੱਲ ਰਿਹਾ ਹੈ ਅਤੇ ਇਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੌਜੂਦਾ ਸਮੇਂ ਵਿੱਚ ਕੈਨੇਡਾ ਵਿੱਚ ਤਿੰਨ ਦਰਜਨ ਤੋਂ ਵੱਧ ਪੰਜਾਬੀ ਟੀਵੀ ਚੈਨਲ, 100 ਤੋਂ ਵੱਧ ਪੰਜਾਬੀ ਰੇਡੀਓ ਸਟੇਸ਼ਨ ਚੱਲ ਰਹੇ ਹਨ ਅਤੇ ਉੱਥੇ 100 ਤੋਂ ਵੱਧ ਪੰਜਾਬੀ ਅਖ਼ਬਾਰਾਂ ਵੀ ਪ੍ਰਕਾਸ਼ਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਧਰ ਪੰਜਾਬੀ ਮੀਡੀਆ ਕਾਫ਼ੀ ਹਰਮਨ ਪਿਆਰਾ ਹੈ ਅਤੇ ਪੰਜਾਬੀ ਸੰਗੀਤ ਨੂੰ ਕੈਨੇਡਾ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਗੋਰੇ ਵੀ ਪੰਜਾਬੀ ਸੰਗੀਤ ਦੀ ਧੁਨ ਤੇ ਥਿਰਕਦੇ ਆਮ ਦੇਖੇ ਜਾ ਸਕਦੇ ਹਨ।
ਸ੍ਰੀ ਪਲਵਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਇਸ ਦੇਸ਼ ਦੀ ਤੇਜੀ ਨਾਲ ਵੱਧਦੀ ਆਬਾਦੀ ਹੈ ਅਤੇ ਏਨੀ ਤੇਜ਼ੀ ਨਾਲ ਵੱਧਦੀ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨੀਆਂ ਆਪਣੇ ਆਪ ਵਿੱਚ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੁਧਾਰ ਦੀ ਗੁੰਜਾਇਸ਼ ਨਜਰ ਨਾ ਆਉਣ ਅਤੇ ਸਰਕਾਰ ਤੇ ਭਰੋਸਾ ਟੁੱਟਣ ਦਾ ਹੀ ਨਤੀਜਾ ਹੈ ਕਿ ਲੋਕ ਸੁਰੱਖਿਅਤ ਭਵਿੱਖ ਦੀ ਭਾਲ ਵਿੱਚ ਇੱਥੋਂ ਪ੍ਰਵਾਸ ਕਰਕੇ ਕਿਤੇ ਹੋਰ ਵੱਧਣ ਨੂੰ ਤਰਜੀਹ ਦੇ ਰਹੇ ਹਨ। ਇਸ ਮੌਕੇ ਕੁਲਵੰਤ ਸਿੰਘ ਸਰਪੰਚ ਅਤੇ ਜਸਪਾਲ ਸਿੰਘ ਦਿਉਲ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…