nabaz-e-punjab.com

ਜਾਅਲੀ ਸਰਟੀਫਿਕੇਟ: 4 ਸਾਲ ਪਹਿਲਾਂ ਭਰਤੀ ਹੋਈਆਂ ਆਂਗਨਵਾੜੀ ਸੁਪਰਵਾਈਜ਼ਰਾਂ ਨੇ ਲਾਇਆ 100 ਕਰੋੜ ਦਾ ਚੂਨਾ

ਗਲਤ ਢੰਗ ਨਾਲ ਭਰਤੀ ਹੋਈਆਂ ਆਂਗਨਵਾੜੀ ਸੁਪਰਵਾਈਜ਼ਰਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ: ਹਰਗੋਬਿੰਦ ਕੌਰ

ਬਾਹਰਲੇ ਸੂਬਿਆਂ ਦੀਆਂ ਯੂਨੀਵਰਸਿਟੀਆਂ ਦੇ ਜਾਅਲੀ ਸਰਟੀਫਿਕੇਟਾਂ ਦੇ ਆਧਾਰ ’ਤੇ ਹਾਸਲ ਕੀਤੀਆਂ ਨੌਕਰੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ:
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਅਕਾਲੀ ਸਰਕਾਰ ਵੇਲੇ 2015 ਵਿੱਚ ਆਈਸੀਡੀਐਸ ਸਕੀਮ ਅਧੀਨ 286 ਆਂਗਨਵਾੜੀ ਵਰਕਰਾਂ ’ਚੋਂ ਆਂਗਨਵਾੜੀ ਸੁਪਰਵਾਈਜ਼ਰ ਭਰਤੀ ਕੀਤੇ ਗਏ ਸੀ। ਉਸ ਵੇਲੇ ਕਰੀਬ 3 ਦਰਜਨ ਆਂਗਨਵਾੜੀ ਵਰਕਰਾਂ ਅਜਿਹੀਆਂ ਸਨ। ਜਿਨ੍ਹਾਂ ਨੇ ਬੀਏ ਅਤੇ ਐਮਏ ਅਤੇ ਉੱਚ ਯੋਗਤਾ ਵਾਲੇ ਕੁਝ ਹੋਰ ਸਰਟੀਫਿਕੇਟ ਬਾਹਰਲੇ ਸੂਬਿਆਂ ਦੀਆਂ ਯੂਨੀਵਰਸਿਟੀਆਂ ’ਚੋਂ ਲਿਆ ਕੇ ਦਿੱਤੇ ਗਏ ਸਨ, ਪ੍ਰੰਤੂ ਵਿਭਾਗ ਨੇ ਪੰਜਾਬ ਤੋਂ ਬਾਹਰਲੀਆਂ ਯੂਨੀਵਰਸਿਟੀਆਂ ਦੇ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਕਰਵਾਉਣ ਦੀ ਲੋੜ ਹੀ ਨਹੀਂ ਸਮਝੀ। ਜਦੋਂਕਿ ਚਾਹੀਦਾ ਤਾਂ ਇਹ ਸੀ ਕਿ ਸ਼ੱਕੀ ਸਰਟੀਫਿਕੇਟਾਂ ਦੀ ਜਾਂਚ ਕੀਤੀ ਜਾਂਦੀ। ਇਸ ਮਗਰੋਂ ਹੀ ਸੁਪਰਵਾਈਜ਼ਰਾਂ ਨੂੰ ਜੁਆਇਨ ਕਰਵਾ ਕੇ ਸਟੇਸ਼ਨ ਅਲਾਟ ਕੀਤੇ ਜਾਂਦੇ ਪਰ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਕਾਰਨ ਅਜਿਹਾ ਨਹੀਂ ਹੋਇਆ ਸਗੋਂ ਸਬੰਧਤ ਸੁਪਰਵਾਈਜ਼ਰਾਂ ਨੂੰ ਇਹ ਸ਼ਰਤ ਲਗਾ ਕੇ ਜੁਆਇਨ ਕਰਵਾ ਲਿਆ ਕਿ ਉਨ੍ਹਾਂ ਦੇ ਸਰਟੀਫਿਕੇਟਾਂ ਦੀ ਬਾਅਦ ਵਿੱਚ ਜਾਂਚ ਕੀਤੀ ਜਾਵੇਗੀ। ਜੇਕਰ ਸਰਟੀਫਿਕੇਟ ਜਾਅਲੀ ਪਾਏ ਗਏ ਤਾਂ ਪੁਲੀਸ ਕੇਸ ਦਰਜ ਕਰਵਾਇਆ ਜਾਵੇਗਾ ਅਤੇ ਤਨਖ਼ਾਹ ਵਾਪਸ ਲਈ ਜਾਵੇਗੀ।
ਉਧਰ, ਪੀੜਤ ਆਂਗਨਵਾੜੀ ਵਰਕਰਾਂ ਨੇ ਇਨਸਾਫ਼ ਪ੍ਰਾਪਤੀ ਲਈ ਅਦਾਲਤ ਦਾ ਬੂਹਾ ਖੜਕਾਇਆ ਗਿਆ। ਹਾਲਾਂਕਿ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਦੇ ਕੇ ਸ਼ੱਕੀ ਸਰਟੀਫਿਕੇਟਾਂ ਦੀ ਜਾਂਚ ਦੀ ਮੰਗ ਕੀਤੀ ਸੀ। ਪਹਿਲਾਂ ਤਾਂ ਵਿਭਾਗ ਗੂੜੀ ਨੀਂਦ ਤੋਂ ਨਹੀਂ ਜਾਗਿਆ ਪਰ ਪਿੱਛੇ ਜਿਹੇ ਬਾਹਰਲੀਆਂ ਯੂਨੀਵਰਸਿਟੀਆਂ ਦੇ ਸਰਟੀਫਿਕੇਟਾਂ ਦੀ ਜਾਂਚ ਦੌਰਾਨ ਸਬੰਧਤ ਸੁਪਰਵਾਈਜ਼ਰਾਂ ਦੇ ਸਰਟੀਫਿਕੇਟ ਜਾਅਲੀ ਪਾਏ ਗਏ ਲੇਕਿਨ ਹੁਣ ਤੱਕ ਸੁਪਰਵਾਈਜ਼ਰ ਬਣੀਆਂ ਆਂਗਨਵਾੜੀ ਵਰਕਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਹਰ ਮਹੀਨੇ ਸੁਪਰਵਾਈਜ਼ਰ ਨੂੰ 50-60 ਹਜ਼ਾਰ ਰੁਪਏ ਤਨਖ਼ਾਹ ਮਿਲਦੀ ਹੈ। ਇਕ ਸੁਪਰਵਾਈਜ਼ਰ ਲਗਭਗ 30 ਲੱਖ ਰੁਪਏ ਸਰਕਾਰੀ ਖਜਾਨੇ ’ਚੋਂ ਤਨਖ਼ਾਹ ਲੈ ਚੁੱਕੀ ਹੈ। ਇਸ ਤਰ੍ਹਾਂ ਸਵਾ ਚਾਰ ਸਾਲਾਂ ਵਿੱਚ ਇਨ੍ਹਾਂ ਆਂਗਨਵਾੜੀ ਸੁਪਰਵਾਈਜ਼ਰਾਂ ਨੇ ਪੰਜਾਬ ਸਰਕਾਰ ਨੂੰ 100 ਕਰੋੜ ਰੁਪਏ ਤੋਂ ਵੱਧ ਦਾ ਚੂਨਾ ਲਾਇਆ ਹੈ।
(ਬਾਕਸ ਆਈਟਮ)
ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਪਿਛਲੇ ਦਿਨੀਂ ਵਿਭਾਗ ਦੀ ਡਾਇਰੈਕਟਰ ਗੁਰਪ੍ਰੀਤ ਕੌਰ ਸੁਪਰਾ ਨੂੰ ਮਿਲ ਕੇ ਸ਼ਿਕਾਇਤ ਦੇ ਕੇ ਮੰਗ ਕੀਤੀ ਗਈ ਕਿ ਗਲਤ ਢੰਗ ਨਾਲ ਭਰਤੀ ਹੋਈਆਂ ਆਂਗਨਵਾੜੀ ਸੁਪਰਵਾਈਜ਼ਰਾਂ ਦੇ ਖ਼ਿਲਾਫ਼ ਤੁਰੰਤ ਪ੍ਰਭਾਵ ਨਾਲ ਬਣਦੀ ਕਾਰਵਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਪਹਿਲਾਂ ਵੀ ਵਿਭਾਗ ਦੇ ਸਕੱਤਰ ਅਤੇ ਡਾਇਰੈਕਟਰ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਸੀ ਪਰ ਕੁਝ ਸਮੇਂ ਬਾਅਦ ਡਾਇਰੈਕਟਰ ਬਦਲ ਹੋ ਗਈ। ਹੁਣ ਨਵੀਂ ਡਾਇਰੈਕਟਰ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
(ਬਾਕਸ ਆਈਟਮ)
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਪੜਤਾਲ ਕੀਤੀ ਜਾ ਰਹੀ ਹੈ ਅਤੇ ਹਫ਼ਤੇ ਦੇ ਅੰਦਰ ਅੰਦਰ ਸ਼ਿਕਾਇਤ ਦਾ ਨਿਬੇੜਾ ਕਰਕੇ ਜਾਅਲੀ ਸਰਟੀਫਿਕੇਟਾਂ ਦੇ ਆਧਾਰ ’ਤੇ ਆਂਗਨਵਾੜੀ ਸੁਪਰਵਾਈਜ਼ਰ ਦੀ ਤਰੱਕੀ ਹਾਸਲ ਕਰਨ ਵਾਲਿਆਂ ਦੇ ਖ਼ਿਲਾਫ਼ ਬਣਦੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…