ਜਾਅਲੀ ਸਰਟੀਫਿਕੇਟ ਮਾਮਲਾ: ਦਲਿਤ ਸੰਗਠਨਾਂ ਦਾ ਰੋਹ ਭਖਿਆ, ਕਈ ਜਥੇਬੰਦੀਆਂ ਅੱਗੇ ਆਈਆਂ

ਡਾਇਰੈਕਟਰ ਦਫ਼ਤਰ ਮੁਹਾਲੀ ਦੇ ਬਾਹਰ ਲੜੀਵਾਰ ਪੱਕਾ ਮੋਰਚਾ 76ਵੇਂ ਦਿਨ ’ਚ ਦਾਖ਼ਲ

ਨਬਜ਼-ਏ-ਪੰਜਾਬ, ਮੁਹਾਲੀ, 4 ਜੁਲਾਈ:
ਪੰਜਾਬ ਦੀਆਂ ਵੱਖ-ਵੱਖ ਦਲਿਤ ਜਥੇਬੰਦੀਆਂ ਵੱਲੋਂ ਜਾਅਲੀ ਐਸਸੀ ਸਰਟੀਫਿਕੇਟਾਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਪ੍ਰੋ. ਹਰਨੇਕ ਸਿੰਘ ਦੀ ਅਗਵਾਈ ਹੇਠ ਇੱਥੋਂ ਦੇ ਫੇਜ਼-1 ਸਥਿਤ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀਆਂ ਭਲਾਈ ਵਿਭਾਗ ਦੇ ਡਾਇਰੈਕਟਰ ਦਫ਼ਤਰ ਦੇ ਬਾਹਰ ਲਾਇਆ ਪੱਕਾ ਮੋਰਚਾ ਮੰਗਲਵਾਰ ਨੂੰ 76ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਅੱਤ ਦੀ ਗਰਮੀ ਦੇ ਬਾਵਜੂਦ ਦਲਿਤ ਸੰਗਠਨਾਂ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਹੁਣ ਐਸਸੀ\ਬੀਸੀ ਮੁਲਾਜ਼ਮ ਜਥੇਬੰਦੀਆਂ ਵੀ ਖੁੱਲ੍ਹ ਕੇ ਸਾਹਮਣੇ ਆ ਗਈਆਂ ਹਨ।
ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਐਸਸੀ\ਬੀਸੀ ਮੁਲਾਜ਼ਮ ਜਥੇਬੰਦੀ ਸਮੇਤ ਵੱਖ-ਵੱਖ ਦਲਿਤ ਸੰਗਠਨਾਂ ਜਿਨ੍ਹਾਂ ਵਿੱਚ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ, ਡਾ. ਅੰਬੇਦਕਰ ਸੋਸ਼ਲ ਵੈਲਫੇਅਰ ਫਾਉਂਡੇਸ਼ਨ ਪੰਜਾਬ, ਡਾ. ਬੀਆਰ ਅੰਬੇਦਕਰ ਮਿਸ਼ਨ ਸੁਸਾਇਟੀ ਜਲੰਧਰ, ਦਿ ਗਰੇਟ ਚਮਾਰ ਇੰਟਰਨੈਸ਼ਨਲ ਸੰਸਥਾ, ਸਤਿਗੁਰੂ ਰਵਿਦਾਸ ਵੈੱਲਫੇਅਰ ਮਿਸ਼ਨ ਸੁਸਾਇਟੀ ਚੰਡੀਗੜ੍ਹ ਦੇ ਮੈਂਬਰਾਂ ਨੇ ਪੱਕੇ ਮੋਰਚੇ ਵਿੱਚ ਸ਼ਮੂਲੀਅਤ ਕਰਕੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਪ੍ਰੋ. ਹਰਨੇਕ ਸਿੰਘ, ਲਖਬੀਰ ਸਿੰਘ ਬੌਬੀ, ਪ੍ਰਿੰਸੀਪਲ ਸਰਬਜੀਤ ਸਿੰਘ ਨੇ ਕਿਹਾ ਕਿ ਸੰਵਿਧਾਨ ਦੀ ਰਚਨਾ ਕਰਨ ਸਮੇਂ ਜੋ ਅਧਿਕਾਰ ਡਾ. ਬੀਆਰ ਅੰਬੇਦਕਰ ਨੇ ਗਰੀਬ ਅਤੇ ਪਛੜੇ ਵਰਗਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਦਿੱਤੇ ਗਏ ਸਨ। ਉਹ ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਨਹੀਂ ਮਿਲੇ। ਸਗੋਂ ਉੱਚ ਜਾਤੀ ਦੇ ਲੋਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜਾਅਲੀ ਐਸਸੀ ਸਰਟੀਫਿਕੇਟ ਬਣਾ ਕੇ ਦਲਿਤਾਂ ਦੇ ਹੱਕਾਂ ’ਤੇ ਸ਼ਰੇਆਮ ਡਾਕਾ ਮਾਰ ਕੇ ਉਨ੍ਹਾਂ ਨੂੰ ਤਬਾਹੀ ਵੱਲ ਧੱਕ ਰਹੇ ਹਨ।
ਪੱਕਾ ਮੋਰਚਾ ਦੇ ਕਨਵੀਨਰ ਪ੍ਰੋ. ਹਰਨੇਕ ਸਿੰਘ ਨੇ ਕਿਹਾ ਕਿ ਕੁੱਝ ਦਲਾਲ ਅਤੇ ਗਲਤ ਅਨਸਰਾਂ ਵੱਲੋਂ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਡ ਅਟਾਰੀ (ਫਿਰੋਜ਼ਪੁਰ) ਵਿੱਚ ਬੀਤੀ 13 ਮਈ ਤੋਂ ਐਸਸੀ\ਬੀਸੀ ਭਾਈਚਾਰੇ ਦਾ ਸਮਾਜਿਕ ਬਾਈਕਾਟ ਕੀਤਾ ਹੋਇਆ ਹੈ। ਫਿਰੋਜ਼ਪੁਰ ਦੇ ਡੀਸੀ, ਐਸਐਸਪੀ ਅਤੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਦੀਪਕ ਵੇਰਕਾ ਨਾਲ ਵੀ ਗੱਲ ਕੀਤੀ ਗਈ ਹੈ ਲੇਕਿਨ ਅਜੇ ਤਾਈਂ ਮਸਲਾ ਹੱਲ ਨਹੀਂ ਹੋਇਆ। ਪ੍ਰਿੰਸੀਪਲ ਸਰਬਜੀਤ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਨਿਯਮਾਂ ਅਨੁਸਾਰ ਜਾਅਲੀ ਜਾਤੀ ਸਰਟੀਫ਼ਿਕੇਟਾਂ ਨੂੰ ਰੱਦ ਕਰਨ ਲਈ ਡਾਇਰੈਕਟਰ ਦਫ਼ਤਰ ਵੱਲੋਂ ਲੋੜ ਤੋਂ ਵੱਧ ਸਮਾਂ ਲਗਾਇਆ ਜਾ ਰਿਹਾ ਹੈ। ਜਿਸ ਕਾਰਨ ਜ਼ਿੰਮੇਵਾਰ ਅਫ਼ਸਰਾਂ ਅਤੇ ਮੁਲਜ਼ਮਾਂ ਨੂੰ ਕਾਨੂੰਨ ਮੁਤਾਬਕ ਸਜਾ ਦਿਵਾਉਣ ਵਿੱਚ ਦੇਰੀ ਹੋ ਰਹੀ ਹੈ।

ਇਸ ਮੌਕੇ ਹਰਦੀਪ ਸਿੰਘ, ਗੁਰਦੀਪ ਸਿੰਘ ਮੁੰਡੀਖਰੜ, ਚਰਨਜੀਤ ਸਿੰਘ ਥਰੀਕੇ, ਮੇਲਾ ਰਾਮ ਮਾਨਸਾ, ਜੋਗਾ ਸਿੰਘ ਬਡਾਲਾ ਪ੍ਰਧਾਨ ਰੰਘਰੇਟੇ ਸਿੰਘ ਸਭਾ ਪੰਜਾਬ, ਕੁਲਦੀਪ ਸਿੰਘ ਸਿੰਘਪੁਰਾ, ਲੱਖਾ ਸਿੰਘ ਠੱਡੀਆ, ਬਾਬਾ ਅਮਰੀਕ ਸਿੰਘ ਉਦੋਕੇ, ਕਸ਼ਮੀਰ ਸਿੰਘ ਭੁਲੱਥ, ਐਡਵੋਕੇਟ ਜਸਪਾਲ ਸਿੰਘ, ਬਨਵਾਰੀ ਲਾਲ, ਸੋਨੂ ਭੁੰਬਕ, ਜਗਮੋਹਨ ਸਿੰਘ ਚੌਹਾਨ, ਨੰਬਰਦਾਰ ਪਵਿੱਤਰ ਸਿੰਘ, ਹਰਮਨਪ੍ਰੀਤ ਕੌਰ, ਅਮਰੀਕ ਸਿੰਘ, ਸ਼ਵਿੰਦਰ ਸਿੰਘ ਲੱਖੋਵਾਲ, ਰਾਜੀਵ ਕੁਮਾਰ, ਰਾਮ ਸਿੰਘ ਖਰੜ, ਤਾਰਾ ਚੰਦ, ਦੀਪਕ, ਰਘਵੀਰ ਸਿੰਘ, ਹਰਸ਼ਰਨਦੀਪ, ਗੌਤਮ ਭੋਰੀਆ ਪ੍ਰਧਾਨ ਅੰਬੇਦਕਰ ਐਸੋਸੀਏਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …