Share on Facebook Share on Twitter Share on Google+ Share on Pinterest Share on Linkedin ਜਾਅਲੀ ਕਰੰਸੀ: ਮੁਲਜ਼ਮਾਂ ਦੀ ਪੁੱਛ-ਗਿੱਛ ਤੋਂ ਹੋ ਰਹੇ ਨੇ ਨਿੱਤ ਨਵੇਂ ਖੁਲਾਸੇ ਨਿਊਜ਼ ਡੈਸਕ ਸਰਵਿਸ ਮੁਹਾਲੀ, 4 ਦਸੰਬਰ ਸੋਹਾਣਾ ਪੁਲੀਸ ਵੱਲੋਂ ਬੀਤੇ ਦਿਨੀਂ 2-2 ਹਜ਼ਾਰ ਰੁਪਏ ਦੇ ਜਾਅਲੀ ਨੋਟਾਂ ਦੀ 42 ਲੱਖ ਰੁਪਏ ਦੀ ਰਾਸ਼ੀ ਸਮੇਤ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੈਂਬਰੀ ਗਿਰੋਹ ਤੋਂ ਪੁਲਿਸ ਵੱਲੋਂ ਕੀਤੀ ਪੁੱਛ-ਗਿੱਛ ਦੌਰਾਨ ਕਈ ਖੁਲਾਸੇ ਹੋ ਰਹੇ ਹਨ। ਇਸ ਗਰੋਹ ਦਾ ਮੁੱਖ ਸਰਗਨਾ ਅਭਿਨਵ ਵਰਮਾ ਬਹੁਤ ਹੀ ਤੇਜ਼ ਫਤਰਾਰ ਕਿਸਮ ਦਾ ਹੈ। ਉਸ ਦੇ ਸ਼ਾਤਿਰਪੁਣੇ ਦਾ ਅੰਦਾਜਾ ਤਾਂ ਸ਼ਾਇਦ ਸਰਕਾਰ ਵੀ ਨਾ ਲਗਾ ਸਕੇ ਕਿਉਂਕਿ ਜਿਸ ਕਾਗਜ਼ ਉੱਤੇ ਭਾਰਤ ਸਰਕਾਰ ਵੱਲੋਂ ਕਰੰਸੀ ਨੋਟ ਛਾਪ ਰਹੀ ਹੈ, ਅਭਿਨਵ ਨਾਂ ਦਾ ਇਹ ਮੁਲਜ਼ਮ ਉਸ ਪੇਪਰ ਮਿੱਲ ਦੇ ਸੰਪਰਕ ਵਿੱਚ ਸੀ। ਪੁਲੀਸ ਨੂੰ ਇਹ ਵੀ ਸ਼ੱਕ ਹੈ ਕਿ ਅਭਿਨਵ ਦਾ ਆਈ.ਸੀ.ਆਈ. ਨਾਲ ਲਿੰਕ ਵੀ ਹੋ ਸਕਦਾ ਹੈ। ਇਹ ਖੁਲਾਸੇ ਅੱਜ ਮੋਹਾਲੀ ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਦੇ ਸਮੇਂ ਰਿਮਾਂਡ ਲੈਣ ਲਈ ਅਦਾਲਤ ਕੋਲ ਕੀਤੇ। ਅੱਜ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਮਾਨਯੋਗ ਅਦਾਲਤ ਨੇ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਸੋਮਵਾਰ ਉਨ੍ਹਾਂ ਨੂੰ ਅਦਾਲਤ ਵਿੱਚ ਫਿਰ ਪੇਸ਼ ਕੀਤਾ ਜਾਵੇਗਾ। ਪੁਲੀਸ ਨੇ ਅਦਾਲਤ ਵਿੱਚ ਕਿਹਾ ਕਿ ਸਰਕਾਰੀ ਨੋਟ ਛਾਪਣ ਲਈ ਭਾਰਤ ਸਰਕਾਰ ਚਾਰ ਵੱਖ ਵੱਖ ਥਾਵਾਂ ਤੋਂ ਕਾਗਜ਼ ਮੰਗਵਾਉਂਦੀ ਹੈ ਜਿਨ੍ਹਾਂ ਵਿੱਚ ਮੈਸੂਰ, ਕੋਲਕਾਤਾ, ਨਾਸਿਕ ਅਤੇ ਇੱਕ ਹੋਰ ਥਾਂ ਸ਼ਾਮਿਲ ਹੈ। ਹੁਣ ਤੱਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਅਭਿਨਵ ਵਰਮਾ ਮੈਸੂਰ ਪੇਪਰ ਮਿੱਲ ਦੇ ਸੰਪਰਕ ਵਿੱਚ ਸੀ। ਪੁਲਿਸ ਨੇ ਇਹ ਪਤਾ ਲਗਾਉਣਾ ਬਾਕੀ ਹੈ ਕਿ ਉਸ ਦੀ ਉਕਤ ਪੇਪਰ ਮਿੱਲ ਵਿੱਚ ਕਿਸ ਪੱਧਰ ਦੇ ਅਧਿਕਾਰੀ ਜਾਂ ਕਰਮਚਾਰੀ ਨਾਲ ਮਿਲੀਭੁਗਤ ਸੀ। ਇਸ ਤੋਂ ਇਲਾਵਾ ਪੁਲਿਸ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਅਭਿਨਵ 16 ਦੇਸ਼ਾਂ ਦੀ ਯਾਤਰਾ ਕਰ ਚੁੱਕਾ ਹੈ, ਲਿਹਾਜ਼ਾ ਉਸ ਦੇ ਵਿਦੇਸ਼ਾਂ ਵਿੱਚ ਵੀ ਲਿੰਕ ਹਨ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਉਸ ਦਾ ਲਿੰਕ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. ਨਾਲ ਵੀ ਹੋ ਸਕਦਾ ਹੈ। ਪੁਲਿਸ ਇਸ ਬਾਰੇ ਵੀ ਪਤਾ ਲਗਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਮੀਡੀਆ ਵਿੱਚ ਮਾਮਲਾ ਆਉਣ ਤੋਂ ਬਾਅਦ ਹੁਣ ਤੱਕ ਇਨ੍ਹਾਂ ਮੁਲਜ਼ਮਾਂ ਦੀ ਠੱਗੀ ਦਾ ਸ਼ਿਕਾਰ ਹੋਏ ਤਿੰਨ ਵਿਅਕਤੀ ਸਾਹਮਣੇ ਆਏ ਹਨ। ਉਨ੍ਹਾਂ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਵੀ ਪੁਲਿਸ ਨੂੰ ਦਿੱਤੀ ਹੈ ਜਿਨ੍ਹਾਂ ਵਿੱਚ ਗੁਰਮੇਲ ਸਿੰਘ, ਹਰਨੇਕ ਸਿੰਘ ਨਿਵਾਸੀ ਮੁੱਲਾਂਪੁਰ (ਦੋਨੋਂ ਭਰਾ) ਜਦਕਿ ਤੀਸਰਾ ਪੀੜਤ ਸੋਹਣਪ੍ਰੀਤ ਸਿੰਘ ਹੈ। ਅਦਾਲਤ ਵਿੱਚ ਪੇਸ਼ੀ ਦੌਰਾਨ ਪੁਲਿਸ ਨੇ ਮੁਲਜ਼ਮ ਦਾ ਤਿੰਨ ਦਿਨ ਦਾ ਰਿਮਾਂਡ ਮੰਗਿਆ ਜਦਕਿ ਬਚਾਅ ਪੱਖ ਦੀ ਦਲੀਲ ਸੀ ਕਿ ਪੁਲਿਸ ਨੇ ਮੁਲਜ਼ਮਾਂ ਨੂੰ 28 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਬਾਅਦ ਪੁਲਿਸ ਨੇ ਪੰਜ ਦਿਨ ਦੇ ਰਿਮਾਂਡ ਦੌਰਾਨ ਵੀ ਕੁਝ ਵੀ ਬਰਾਮਦ ਨਹੀਂ ਕੀਤਾ ਹੈ। ਬਚਾਅ ਪੱਖ ਦੇ ਵਕੀਲ ਨੇ ਪੁਲਿਸ ਰਿਮਾਂਡ ਦਾ ਵਿਰੋਧ ਕੀਤਾ। ਪੁਲਿਸ ਨੇ ਅਦਾਲਤ ਵਿੱਚ ਕਿਹਾ ਕਿ ਮੁਲਜ਼ਮ ਦਾ ਕਾਰੋਬਾਰ ਵਿਦੇਸ਼ਾਂ ਤੱਕ ਫੈਲਿਆ ਹੋਣ ਕਾਰਨ ਉਹ ਸਾਰਾ ਕਾਰੋਬਾਰ ਆਨਲਾਈਨ ਚਲਾਉਂਦਾ ਹੈ। ਇਸ ਲਈ ਪੰਜਾਬ ਪੁਲਿਸ ਦਾ ਸਾਈਬਰ ਕ੍ਰਾਈਮ ਵਿੰਗ ਵੱਲੋਂ ਵੀ ਜਾਂਚ ਕੀਤੀ ਜਾਣੀ ਬਾਕੀ ਹੈ। ਮਾਨਯੋਗ ਅਦਾਲਤ ਨੇ ਪੁਲਿਸ ਵੱਲੋਂ ਮੰਗੇ ਜਾਣ ਉਤੇ ਮੁਲਜ਼ਮਾਂ ਨੂੰ 4 ਦਸੰਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਆਖਰ ਕਿੱਥੋਂ ਗ੍ਰਿਫ਼ਤਾਰ ਕੀਤਾ ਮੁਲਜ਼ਮ: ਮੁਹਾਲੀ ਅਦਾਲਤ ਵਿੱਚ ਬਚਾਅ ਪੱਖ ਦੇ ਵਕੀਲ ਨਵੀਨ ਸੈਣੀ ਨੇ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਕਿਥੋਂ ਗ੍ਰਿਫ਼ਤਾਰ ਕੀਤਾ, ਇਹ ਅਜੇ ਤੱਕ ਸਾਫ਼ ਨਹੀਂ ਹੋ ਸਕੀ ਹੈ। ਕਿਉਂਕਿ ਪੁਲਿਸ ਨੇ ਐਫ.ਆਈ.ਆਰ. ਵਿੱਚ ਉਨ੍ਹਾਂ ਦੀ ਗ੍ਰਿਫਤਾਰੀ ਬਾਕਰਪੁਰ ਤੋਂ ਦਿਖਾਈ ਗਈ ਹੈ। ਮੀਡੀਆ ਰਿਪੋਰਟਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਜਗਤਪੁਰਾ ਟੀ-ਪੁਆਇੰਟ ਤੋਂ ਗ੍ਰਿਫ਼ਤਾਰ ਕੀਤਾ ਹੈ। ਐਡਵੋਕੇਟ ਸੈਣੀ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਮੁਲਜ਼ਮਾਂ ਨੂੰ ਜੀਰਕਪੁਰ ਸਥਿਤ ਰਮਾਡਾ ਪੈਲੇਸ ਨੇੜਿਉਂ ਗ੍ਰਿਫ਼ਤਾਰ ਕੀਤਾ ਹੈ। ਕੀ ਹੈ ਮਾਮਲਾ: ਜ਼ਿਕਰਯੋਗ ਹੈ ਕਿ ਮੁਹਾਲੀ ਪੁਲੀਸ ਨੇ ਇੱਕ ਨਾਕੇ ਦੌਰਾਨ ਲਾਲ ਬੱਤੀ ਵਾਲੀ ਅੌਡੀ ਕਾਰ ਵਿੱਚ 42 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਅਭਿਨਵ ਵਰਮਾ ਨਿਵਾਸੀ ਪਾਇਨਹੋਮ, ਢਕੋਲੀ (ਜ਼ੀਰਕਪੁਰ); ਵਿਸਾਖਾ ਵਰਮਾ ਨਿਵਾਸੀ ਸੀ-ਟਾਈਪ-4, ਰੇਲਵੇ ਕੋਚ ਫੈਕਟਰੀ ਕਪੂਰਥਲਾ; ਸੁਮਨ ਨਾਗਪਾਲ ਨਿਵਾਸੀ ਗਲੀ ਨੰਬਰ 9, ਕਾਕੋਵਾਲ ਰੋਡ, ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਸੀ। ਤਿੰਨੋਂ ਮੁਲਜ਼ਮ ਪੁਲੀਸ ਰਿਮਾਂਡ ਉਤੇ ਚੱਲ ਰਹੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ