ਜਾਅਲੀ ਕਰੰਸੀ ਦਾ ਮਾਮਲਾ: ਅੌਰਤ ਸਣੇ ਤਿੰਨ ਮੁਲਜ਼ਮ ਪੁਲੀਸ ਰਿਮਾਂਡ ’ਤੇ

ਚੰਗੇ ਖਾਂਦੇ ਪੀਂਦੇ ਘਰਾਂ ਨਾਲ ਸਬੰਧਤ ਰੱਖਦੇ ਹਨ ਮੁਲਜ਼ਮ, ਮਾਪੇ ਵੀ ਚੰਗੀਆਂ ਅਸਾਮੀਆਂ ’ਤੇ ਤਾਇਨਾਤ
ਨਿਊਜ ਡੈਸਕ
ਐਸ.ਏ.ਐਸ. ਨਗਰ (ਮੁਹਾਲੀ), 1 ਦਸੰਬਰ
ਜ਼ਿਲ੍ਹਾ ਮੁਹਾਲੀ ਪੁਲੀਸ ਵੱਲੋਂ 42 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਗ੍ਰਿਫ਼ਤਾਰ ਅੌਰਤ ਸੁਮਨ ਨਾਗਪਾਲ ਵਾਸੀ ਲੁਧਿਆਣਾ, ਅਭਿਨਵ ਵਰਮਾ ਵਾਸੀ ਪਾਇਨਹੋਮ, ਢਕੋਲੀ (ਜ਼ੀਰਕਪੁਰ) ਅਤੇ ਵਿਸਾਖਾ ਵਰਮਾ ਵਾਸੀ ਸੀ-ਟਾਈਪ-4, ਰੇਲਵੇ ਕੋਚ ਫੈਕਟਰੀ ਕਪੂਰਥਲਾ ਨੂੰ ਵੀਰਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਚੀਫ਼ ਜੁਡੀਸ਼ਲ ਮੈਜਿਸਟਰੇਟ ਵਿਪਨਦੀਪ ਕੌਰ ਨੇ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਪੁਲੀਸ ਅਨੁਸਾਰ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜਾਅਲੀ ਕਰੰਸੀ ਦੇ ਇਸ ਗੋਰਖ ਧੰਦੇ ਦੀਆਂ ਤਾਰਾਂ ਦਿੱਲੀ ਨਾਲ ਜੁੜੀਆਂ ਹੋਈਆਂ ਹਨ। ਦਿੱਲੀ ਵਿੱਚ ਉਨ੍ਹਾਂ ਦੇ ਕਿਸੇ ਵਿਅਕਤੀ ਕੋਲ 40 ਲੱਖ ਦੀ ਕਰੰਸੀ ਰੱਖੀ ਹੋਈ ਹੈ। ਪੁਲੀਸ ਹੁਣ ਉਹ 40 ਲੱਖ ਦੀ ਕਰੰਸੀ ਦਿੱਲੀ ਤੋਂ ਬਰਾਮਦ ਕਰਨ ਲਈ ਦਿੱਲੀ ਰਵਾਨਾ ਹੋਵੇਗੀ। ਉਧਰ, ਪੁਲੀਸ ਹੁਣ ਇਸ ਪੁਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿੱਚ ਜੁਟ ਗਈ ਹੈ। ਮੁਲਜ਼ਮਾਂ ਦੀ ਅਦਾਲਤ ਵਿੱਚ ਪੇਸ਼ੀ ਮੌਕੇ ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮਾਂ ਦੀ ਤਿਕੜੀ ਨੇ ਇੰਡਸਟਰੀ ਏਰੀਆ ਦੀ ਇੱਕ ਫੈਕਟਰੀ ਵਿੱਚ ਜਾਅਲੀ ਕਰੰਸੀ ਦੇ ਨੋਟ ਛਾਪੇ ਸਨ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਕੋਲੋਂ ਡਿਜ਼ੀਟਲ ਪ੍ਰਿੰਟਰ ਅਤੇ ਕਟਰ ਬਰਾਮਦ ਕਰ ਲਏ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਨੋਟ ਬੰਦੀ ਦੇ ਫੈਸਲੇ ਤੋਂ ਬਾਅਦ ਮੁਲਜ਼ਮਾਂ ਨੇ ਕਾਲੇ ਧੰਨ ਦੀ ਕਾਰੋਬਾਰ ਦਾ ਧੰਦਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਹੁਣ ਤੱਕ 30 ਲੱਖ ਰੁਪਏ ਦੀ ਜਾਅਲੀ ਕਰੰਸੀ ਮਾਰਕੀਟ ਵਿੱਚ ਚਲਾ ਦਿੱਤੀ ਹੈ। ਪੁਲੀਸ ਹੁਣ ਉਨ੍ਹਾਂ ਲੋਕਾਂ ਤੱਕ ਪਹੁੰਚ ਕਰਨ ਵਿੱਚ ਜੁਟ ਗਈ ਹੈ। ਜਿਨ੍ਹਾਂ ਲੋਕਾਂ ਨੇ ਮੁਲਜ਼ਮਾਂ ਕੋਲੋਂ ਇਹ ਕਰੰਸੀ ਚੇਂਜ ਕਰਵਾਈ ਸੀ। ਇਸ ਕੰਮ ਲਈ ਪੁਲੀਸ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਦੀ ਕਾਲ ਡਿਟੇਲਸ ਵੀ ਕਢਵਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਜਾਅਲੀ ਕਰੰਸੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਮੁੱਖ ਮੁਲਜ਼ਮ ਅਭਿਨਵ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਮੇਕ-ਇਨ-ਇੰਡੀਆ ਪ੍ਰਾਜੈਕਟ ਤਹਿਤ ਅੰਨ੍ਹੇ ਲੋਕਾਂ ਲਈ ਇੱਕ ਮਸ਼ੀਨ ਤਿਆਰ ਕਰਕੇ ਐਵਾਰਡ ਵੀ ਜਿੱਤ ਚੁੱਕਾ ਹੈ।
ਉਧਰ, ਮੁਹਾਲੀ ਪੁਲੀਸ ਵੱਲੋਂ ਜਾਅਲੀ ਨੋਟ ਛਾਪਣ ਵਾਲੇ ਗਰੋਹ ਕੋਈ ਪਹਿਲੀ ਵਾਰ ਕਾਬੂ ਨਹੀਂ ਕੀਤਾ ਗਿਆ ਹੈ ਸਗੋਂ ਇਸ ਤੋਂ ਪਹਿਲਾਂ ਵੀ ਪੁਲੀਸ ਨੇ ਅਜਿਹਾ ਹੀ ਇੱਕ ਗਰੋਹ ਕਾਬੂ ਕੀਤਾ ਸੀ। ਉਸ ਗਰੋਹ ਦੇ ਮੁਲਜ਼ਮ ਵੀ ਇੰਜੀਨੀਅਰਿੰਗ ਦੇ ਵਿਦਿਆਰਥੀ ਸਨ ਅਤੇ ਹੁਣ ਇਸ ਗਰੋਹ ਦੇ ਮੁਲਜ਼ਮ ਵੀ ਬੀ.ਟੈਕ. ਅਤੇ ਐਮ.ਬੀ.ਏ. ਪਾਸ ਹਨ। ਜਾਅਲੀ ਕਰੰਸੀ ਦਾ ਪਹਿਲਾਂ ਦਰਜ ਕੇਸ ਮੁਹਾਲੀ ਅਦਾਲਤ ਵਿੱਚ ਵਿਚਾਰ ਅਧੀਨ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …