ਫਰਜ਼ੀ ਵਿਆਹ: ਧੋਖਾਧੜੀ ਦਾ ਸ਼ਿਕਾਰ ਨੈਸ਼ਨਲ ਐਵਾਰਡੀ ਲੇਖਕਾ ਇਨਸਾਫ਼ ਲਈ ਖੱਜਲ-ਖੁਆਰ

ਪੁਲੀਸ ਇੰਸਪੈਕਟਰ ’ਤੇ ਜਾਅਲੀ ਵਿਆਹ ਰਚਾ ਕੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼, ਐਸਐਚਓ ਨੇ ਦੋਸ਼ ਨਕਾਰੇ

ਪੀੜਤ ਲੇਖਕਾ ਨੇ ਮੁੱਖ ਮੰਤਰੀ, ਮਹਿਲਾ ਕਮਿਸ਼ਨਰ, ਡੀਜੀਪੀ, ਆਈਜੀ ਤੇ ਐਸਐਸਪੀ ਨੂੰ ਭੇਜੀਆਂ ਸ਼ਿਕਾਇਤਾਂ

ਜਾਂਚ ਅਧਿਕਾਰੀ ਐਸਪੀ ਸ੍ਰੀਮਤੀ ਗਰੇਵਾਲ ਨੇ ਪੀੜਤ ਲੜਕੀ ਦਾ ਦਰਦ ਸੁਣਨ ਲਈ ਵੀਰਵਾਰ ਨੂੰ ਦਫ਼ਤਰ ਸੱਦਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਪੰਜਾਬ ਪੁਲੀਸ ਦੇ ਇੰਸਪੈਕਟਰ ਗੁਰਮੀਤ ਸਿੰਘ ਦੀਆਂ ਕਥਿਤ ਵਧੀਕੀਆਂ ਦਾ ਸ਼ਿਕਾਰ ਨੈਸ਼ਨਲ ਐਵਾਰਡੀ ਲੇਖਕਾ ਡਾ. ਪ੍ਰੀਤ ਅਰੋੜਾ ਇਨਸਾਫ਼ ਲਈ ਖੱਜਲ ਖੁਆਰ ਹੋ ਰਹੀ ਹੈ। ਉਸ ਨੇ ਆਪਣੇ ਪਤੀ ’ਤੇ ਜਾਅਲਸਾਜ਼ੀ ਨਾਲ ਵਿਆਹ ਕਰਵਾ ਰਚਾ ਕੇ ਸਰੀਰਕ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਮੁਹਾਲੀ ਅਦਾਲਤ ਕੰਪਲੈਕਸ ਵਿੱਚ ਆਪਣੇ ਵਕੀਲ ਲਲਿਤ ਸੂਦ ਦੀ ਮੌਜੂਦਗੀ ਵਿੱਚ ਪੀੜਤ ਲੇਖਕਾ ਨੇ ਆਪਬੀਤੀ ਦੱਸਦਿਆਂ ਕਿਹਾ ਕਿ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ 23 ਫਰਵਰੀ 2020 ਨੂੰ ਪੂਰਨ ਗੁਰ ਮਰਿਆਦਾ ਅਨੁਸਾਰ ਵਿਆਹ ਹੋਇਆ ਸੀ ਪ੍ਰੰਤੂ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਵਿਆਹ ਵਿੱਚ ਸ਼ਾਮਲ ਇੰਸਪੈਕਟਰ ਦੀ ਮਾਂ ਅਤੇ ਭਰਾ ਫਰਜ਼ੀ ਸਨ ਤਾਂ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਉਧਰ, ਥਾਣਾ ਸੰਭੂ ਦੇ ਐਸਐਚਓ ਇੰਸਪੈਕਟਰ ਗੁਰਮੀਤ ਸਿੰਘ ਨੇ ਉਕਤ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਦੱਸਿਆ ਹੈ।
ਡਾ. ਅਰੋੜਾ ਨੇ ਦੋਸ਼ ਲਾਇਆ ਕਿ ਥਾਣਾ ਮੁਖੀ ਪਹਿਲਾਂ ਤੋਂ ਹੀ ਦੋ ਵਿਆਹ ਕਰਵਾ ਚੁੱਕਾ ਹੈ। ਉਸਦੀ ਇਕ ਪਤਨੀ ਵਿਦੇਸ਼ ਵਿੱਚ ਰਹਿੰਦੀ ਹੈ ਜਦਕਿ ਦੂਜੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ। ਉਸ ਨੇ ਦੱਸਿਆ ਕਿ ਉਹ ਮੈਟਰੀਮੋਨੀਅਲ ਵੈਬਸਾਈਟ ਸੰਗਮ ਡਾਟ ਕਾਮ ਰਾਹੀਂ ਇੰਸਪੈਕਟਰ ਦੇ ਸੰਪਰਕ ਵਿੱਚ ਆਈ ਸੀ। ਉਸ ਸਮੇਂ ਗੁਰਮੀਤ ਦਾ ਕਹਿਣਾ ਸੀ ਕਿ ਉਸਦਾ ਮਿਊਚਲ ਤਲਾਕ ਦਾ ਕੇਸ ਚਲ ਰਿਹਾ ਹੈ। ਲੇਖਕਾ ਅਨੁਸਾਰ 15 ਫਰਵਰੀ ਨੂੰ ਉਨ੍ਹਾਂ ਦੀ ਪਹਿਲੀ ਮੁਲਾਕਾਤ ਫੇਜ਼-6 ਵਿੱਚ ਹੋਈ ਸੀ ਅਤੇ ਹਫ਼ਤੇ ਬਾਅਦ 23 ਫਰਵਰੀ 2020 ਨੂੰ ਉਨ੍ਹਾਂ ਨੇ ਵਿਆਹ ਕਰਵਾ ਲਿਆ। ਇਸ ਮਗਰੋਂ ਉਹ ਰਾਜਪੁਰਾ ਜਾ ਕੇ ਰਹਿਣ ਲੱਗ ਪਏ। ਇਸ ਦੌਰਾਨ ਗੁਰਮੀਤ ਉਸ ਨੂੰ ਇਕੱਲੀ ਨੂੰ ਛੱਡ ਕੇ ਚਲਾ ਗਿਆ ਅਤੇ ਦੁਬਾਰਾ ਉਸ ਕੋਲ ਨਹੀਂ ਆਇਆ, ਜਦੋਂ ਉਸ ਨੇ ਥਾਣੇ ਜਾ ਕੇ ਪਤਾ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ। ਇਸ ਸਬੰਧੀ ਉਸ ਨੇ ਮੁੱਖ ਮੰਤਰੀ, ਗ੍ਰਹਿ ਵਿਭਾਗ, ਡੀਜੀਪੀ, ਮਹਿਲਾ ਕਮਿਸ਼ਨ, ਆਈਜੀ, ਐਸਐਸਪੀ ਨੂੰ ਕਈ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਪ੍ਰੰਤੂ ਗੁਰਮੀਤ ਪੁਲੀਸ ਵਿੱਚ ਹੋਣ ਕਰਕੇ ਉਸ ਦੀ ਕਿਧਰੇ ਸੁਣਵਾਈ ਨਹੀਂ ਹੋ ਰਹੀ।
ਲੇਖਕਾ ਨੇ ਕਿਹਾ ਕਿ ਬੀਤੀ 9 ਜੁਲਾਈ ਨੂੰ ਇੰਸਪੈਕਟਰ ਗੁਰਮੀਤ ਸਿੰਘ ਉਸ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਚਲਾ ਗਿਆ ਅਤੇ ਮੁੜ ਘਰ ਵਾਪਸ ਨਹੀਂ ਆਇਆ ਅਤੇ ਜਦੋਂ ਉਸਨੇ ਗੁਰਮੀਤ ਸਿੰਘ ਨੂੰ ਵਾਰ-ਵਾਰ ਫੋਨ ਕੀਤੇ ਤਾਂ ਉਸਨੇ ਅੱਗੋੱ ਧਮਕੀ ਦਿੱਤੀ ਕਿ ‘ਤੂੰ ਮੈਨੂੰ ਨਹੀਂ ਜਾਣਦੀ, ਅੱਜ ਤੋੱ ਬਾਅਦ ਮੇਰੇ ਪਿਛੇ ਆਉਣ ਦੀ ਲੋੜ ਨਹੀਂ। ਜੇਕਰ ਅੱਜ ਤੋਂ ਬਾਅਦ ਤੂੰ ਮੈਨੂੰ ਫੋਨ ਕੀਤਾ ਜਾਂ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਯਾਦ ਰੱਖੀਂ ਮੈਂ ਇਕ ਪੁਲੀਸ ਅਫ਼ਸਰ ਹਾਂ, ਕੁਝ ਵੀ ਕਰ ਸਕਦਾ ਹਾਂ ਅਤੇ ਤੇਰੀ ਕਿਸੇ ਨੇ ਨਹੀਂ ਸੁਣਨੀ।
ਲੇਖਿਕਾ ਮੁਤਾਬਕ ਇਸ ਤੋਂ ਬਾਅਦ ਉਹ ਗੁਰਦੁਆਰਾ ਅੰਬ ਸਾਹਿਬ ਵਿਖੇ ਗਈ ਲਿਖਤੀ ਰੂਪ ਵਿਚ ਮੈਰਿਜ ਸਰਟੀਫਿਕੇਟ ਦੀ ਮੰਗ ਕੀਤੀ ਪ੍ਰੰਤੂ ਗੁਰਦੁਆਰਾ ਸਾਹਿਬ ਦੇ ਮੌਜੂਦਾ ਮੈਨੇਜਰ ਨੇ ਕਿਹਾ ਕਿ ਇੰਸਪੈਕਟਰ ਗੁਰਮੀਤ ਨੇ ਉਨ੍ਹਾਂ ਨੂੰ ਮੈਰਿਜ ਸਰਟੀਫਿਕੇਟ ਸਬੰਧੀ ਲੋੜੀਂਦੇ ਦਸਤਾਵੇਜ ਅਜੇ ਤੱਕ ਜਮਾ ਨਹੀਂ ਕਰਵਾਏ ਗਏ, ਜਿਸ ਕਾਰਨ ਉਹ ਮੈਰਿਜ ਸਰਟੀਫਿਕੇਟ ਜਾਰੀ ਨਹੀਂ ਕਰ ਸਕਦੇ। ਲੇਖਕਾ ਮੁਤਾਬਕ ਜਦੋਂ ਉਸਨੇ ਗੁਰਮੀਤ ਦੇ ਪਿਛੋਕੜ ਬਾਰੇ ਸਬੂਤ ਇਕੱਠੇ ਕਰਨੇ ਸ਼ੁਰੂ ਕੀਤੇ ਤਾਂ ਉਸ ਨੂੰ ਉਸ ਬਾਰੇ ਪੂਰੀ ਜਾਣਕਾਰੀ ਹਾਸਲ ਹੋਈ। ਲੇਖਿਕਾ ਮੁਤਾਬਕ ਉਸ ਨੂੰ ਫੇਸਬੁੱਕ ਤੇ ਹੋਈਆਂ ਕੁੱਝ ਚੈਟਸ ਮਿਲੀਆਂ ਹਨ ਜਿਹੜੀਆਂ ਗੁਰਮੀਤ ਨੇ ਹੋਰਨਾਂ ਲੜਕੀਆਂ/ਅੌਰਤਾਂ ਨਾਲ ਕੀਤੀਆਂ ਸੀ ਤੇ ਇਨ੍ਹਾਂ ਚੈਟਸ ਵਿਚ ਵੀ ਉਹ ਉਨ੍ਹਾਂ ਲੜਕੀਆਂ/ਅੌਰਤਾਂ ਨੂੰ ਵੀ ਵਿਆਹ ਕਰਵਾਉਣ ਦਾ ਝਾਂਸਾ ਦੇ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਐਸਐਚਓ ਖ਼ਿਲਾਫ਼ ਧਾਰਾ 376 ਅਤੇ 420 ਦੇ ਤਹਿਤ ਕੇਸ ਦਰਜ ਕੀਤਾ ਜਾਵੇ ਅਤੇ ਉਸ ਨੂੰ ਮੁਅੱਤਲ ਕੀਤਾ ਜਾਵੇ। ਉਧਰ, ਇਸ ਮਾਮਲੇ ਦੀ ਜਾਂਚ ਕਰ ਰਹੇ ਮੁਹਾਲੀ ਦੀ ਐਸਪੀ (ਦਿਹਾਤੀ) ਸ੍ਰੀਮਤੀ ਰਵਜੋਤ ਕੌਰ ਗਰੇਵਾਲ ਨੇ ਭਲਕੇ ਵੀਰਵਾਰ ਨੂੰ ਸਵੇਰੇ 11 ਵਜੇ ਪੀੜਤ ਲੇਖਕਾ ਨੂੰ ਪੜਤਾਲ ਸਬੰਧੀ ਨੂੰ ਆਪਣੇ ਦਫ਼ਤਰ ਵਿੱਚ ਸੱਦਿਆ ਹੈ।
(ਬਾਕਸ ਆਈਟਮ)
ਥਾਣਾ ਸ਼ੰਭੂ ਦੇ ਐਸਐਚਓ ਇੰਸਪੈਕਟਰ ਗੁਰਮੀਤ ਸਿੰਘ ਨੇ ਉਕਤ ਸਾਰੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਪ੍ਰੀਤ ਅਰੋੜਾ ਉਸ ਨੂੰ ਬਲੈਕਮੇਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਅੌਰਤ ਨੇ ਆਪਣੇ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਹੀ ਉਸ ਨਾਲ ਵਿਆਹ ਕੀਤਾ ਗਿਆ ਅਤੇ ਵਿਆਹ ਤੋਂ ਬਾਅਦ ਉਹ ਸੋਨੇ ਦੇ ਗਹਿਣੇ ਵੀ ਆਪਣੇ ਨਾਲ ਲੈ ਗਈ। ਫਰਜ਼ੀ ਰਿਸ਼ਤੇਦਾਰਾਂ ਬਾਰੇ ਥਾਣਾ ਮੁਖੀ ਨੇ ਸਪੱਸ਼ਟ ਕੀਤਾ ਕਿ ਉਸ ਦੇ ਮਾਪੇ ਅੰਤਰਜਾਤੀ ਵਿਆਹ ਦੇ ਖ਼ਿਲਾਫ਼ ਸਨ, ਜਿਸ ਕਾਰਨ ਐਨ ਮੌਕੇ ਦੋਸਤਾਂ ਦਾ ਸਹਾਰਾ ਲੈਣਾ ਪਿਆ ਸੀ। ਜਿਸ ਬਾਰੇ ਉਕਤ ਅੌਰਤ ਭਲੀਭਾਂਤ ਜਾਣੂ ਸੀ। ਗੁਰਮੀਤ ਸਿੰਘ ਨੇ ਦੋਸ਼ ਲਾਇਆ ਕਿ ਉਲਟਾ ਪ੍ਰੀਤ ਉਸ ਨੇ ਧੋਖਾਧੜੀ ਕੀਤੀ ਹੈ ਕਿਉਂਕਿ ਸ਼ਿਕਾਇਤ ਕਰਤਾ ਨੇ ਖ਼ੁਦ ਨੂੰ ਤਲਾਕਸ਼ੁਦਾ ਦੱਸ ਕੇ ਉਸ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਉਸ ਨੇ ਵੀ ਮੁਹਾਲੀ ਅਦਾਲਤ ਵਿੱਚ ਪ੍ਰੀਤ ਅਰੋੜਾ ਦੇ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹ ਆਪਣੇ ਉੱਚ ਅਧਿਕਾਰੀਆਂ ਕੋਲ ਵੀ ਲਿਖਤੀ ਪੱਖ ਰੱਖਣਗੇ। ਉਨ੍ਹਾਂ ਕਿਹਾ ਕਿ ਜੇ ਮੈਂ ਫਰਜ਼ੀ ਵਿਆਹ ਕੀਤਾ ਹੈ ਤਾਂ ਉਹ ਸਬੂਤ ਪੇਸ਼ ਕਰਨ ਅਤੇ ਕਾਨੂੰਨ ਸਾਰਿਆਂ ਲਈ ਇਕ ਬਰਾਬਰ ਹੈ।

Load More Related Articles
Load More By Nabaz-e-Punjab
Load More In General News

Check Also

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ ਨਬਜ਼-ਏ-ਪੰਜਾਬ, ਮੁਹਾਲ…