ਗੈਂਗਸਟਰਾਂ ਨੂੰ ਦੇਸ਼ ਤੋਂ ਭੱਜਣ ’ਚ ਮਦਦ ਕਰਨ ਵਾਲੇ ਜਾਅਲੀ ਪਾਸਪੋਰਟ ਰੈਕੇਟ ਦਾ ਪਰਦਾਫਾਸ਼, ਤਿੰਨ ਗ੍ਰਿਫ਼ਤਾਰ

ਪੁਲੀਸ ਨੇ 9 ਪਾਸਪੋਰਟਾਂ ਸਮੇਤ ਭਗੌੜੇ ਗੈਂਗਸਟਰਾਂ ਦੇ ਪਾਸਪੋਰਟਾਂ ਦੀਆਂ ਕਈ ਫੋਟੋ ਕਾਪੀਆਂ ਕੀਤੀਆਂ ਬਰਾਮਦ: ਡੀਜੀਪੀ

ਮੁਲਜ਼ਮਾਂ ਨੇ ਜਾਅਲੀ ਪਾਸਪੋਰਟਾਂ ਦੀ ਵਰਤੋਂ ਕਰਕੇ ਕਈ ਗੈਂਗਸਟਰਾਂ ਨੂੰ ਦੇਸ਼ ਤੋਂ ਭੱਜਣ ’ਚ ਮਦਦ ਕੀਤੀ: ਪ੍ਰਮੋਦ ਬਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ:
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲੀਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਪੰਜਾਬ ਅਤੇ ਹੋਰਨਾਂ ਸੂਬਿਆਂ ਨੂੰ ਲੋੜੀਂਦੇ ਗੈਂਗਸਟਰਾਂ/ਅਪਰਾਧੀਆਂ ਨੂੰ ਜਾਅਲੀ ਵੇਰਵਿਆਂ ਦੇ ਆਧਾਰ ’ਤੇ ਪਾਸਪੋਰਟ ਬਣਾਕੇ ਦੇਸ਼ ’ਚੋਂ ਫਰਾਰ ਹੋਣ ਵਿੱਚ ਮਦਦ ਕਰਨ ਵਾਲੇ ਗਰੋਹ ਦਾ ਪਰਦਾਫਾਸ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੰਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਓਂਕਾਰ ਸਿੰਘ ਵਾਸੀ ਪਿੰਡ ਕਾਕੀ (ਜਲੰਧਰ), ਸੁਖਜਿੰਦਰ ਸਿੰਘ ਉਰਫ਼ ਸ਼ਾਰਪੀ ਘੁੰਮਣ ਵਾਸੀ ਪਿੰਡ ਕਰਹਾਲੀ (ਪਟਿਆਲਾ) ਅਤੇ ਪ੍ਰਭਜੋਤ ਸਿੰਘ ਬਹੇੜੀ, ਬਰੇਲੀ (ਯੂਪੀ) ਵਜੋਂ ਹੋਈ ਹੈ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਸਥਿਤ ਪੰਜਾਬ ਪੁਲੀਸ ਸਟੇਸ਼ਨ ਸਟੇਟ ਕਰਾਈਮ ਥਾਣੇ ਵਿੱਚ ਧਾਰਾ 420, 468, 471, 473 ਅਤੇ 120-ਬੀ, ਅਸਲਾ ਐਕਟ ਦੀ ਧਾਰਾ 25 ਅਤੇ ਪਾਸਪੋਰਟ ਐਕਟ ਦੀ ਧਾਰਾ 12 ਤਹਿਤ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ ਇਸ ਗਰੋਹ ਨਾਲ ਜੁੜੇ ਪੰਜ ਹੋਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਪੂਰੇ ਨੈਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਕੋਲੋਂ 9 ਪਾਸਪੋਰਟ ਬਰਾਮਦ ਕਰਨ ਸਮੇਤ ਫਰਜ਼ੀ ਵੇਰਵਿਆਂ ਦੀ ਵਰਤੋਂ ਨਾਲ ਤਿਆਰ ਕੀਤੇ ਭਗੌੜੇ ਗੈਂਗਸਟਰਾਂ ਦੇ ਪਾਸਪੋਰਟਾਂ ਦੀਆਂ ਕਈ ਫੋਟੋ ਕਾਪੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰਾਂ/ਅਪਰਾਧੀਆਂ ਨੂੰ ਦੇਸ਼ ਤੋਂ ਭੱਜਣ ਵਿੱਚ ਮਦਦ ਕਰਨ ਲਈ ਜਾਅਲੀ ਵੇਰਵਿਆਂ ਦੀ ਵਰਤੋਂ ਕਰਕੇ ਪਾਸਪੋਰਟ ਤਿਆਰ ਕਰਨ ਵਿੱਚ ਅੰਤਰਰਾਜੀ ਟਰੈਵਲ ਏਜੰਟਾਂ ਦੀ ਸ਼ਮੂਲੀਅਤ ਸਬੰਧੀ ਮਿਲੀ ਭਰੋਸੇਮੰਦ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਏਡੀਜੀਪੀ ਪ੍ਰਮੋਦ ਬਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਏਆਈਜੀ ਸੰਦੀਪ ਗੋਇਲ ਅਗਵਾਈ ਵਾਲੀ ਟੀਮ ਨੇ ਰਾਤ ਭਰ ਚੱਲੇ ਇਸ ਅਪਰੇਸ਼ਨ ਦੌਰਾਨ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਪਤਾ ਚੱਲਦਾ ਹੈ ਕਿ ਗਰੋਹ ਦੇ ਦਿੱਲੀ, ਯੂਪੀ, ਕੋਲਕਾਤਾ, ਗੁਜਰਾਤ ਅਤੇ ਮਹਾਰਾਸ਼ਟਰ ਸਮੇਤ ਵੱਖ-ਵੱਖ ਸੂਬਿਆਂ ਵਿੱਚ ਸਬੰਧ ਸਨ ਅਤੇ ਇਹ ਗਰੋਹ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਕਈ ਗੈਂਗਸਟਰਾਂ/ਅਪਰਾਧੀਆਂ ਨੂੰ ਜਾਅਲੀ ਪਾਸਪੋਰਟਾਂ ’ਤੇ ਦੇਸ਼ ਤੋਂ ਭੱਜਣ ਵਿੱਚ ਮਦਦ ਕਰਦਾ ਸੀ।
ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਮੁਲਜ਼ਮ ਓਂਕਾਰ, ਜੋ ਕਿ ਜਲੰਧਰ ਵਿੱਚ ਇੱਕ ਗੈਰ-ਕਾਨੂੰਨੀ ਇਮੀਗ੍ਰੇਸ਼ਨ ਕੰਪਨੀ ਚਲਾ ਰਿਹਾ ਹੈ, ਫਰਜ਼ੀ ਵੇਰਵਿਆਂ ਦੀ ਵਰਤੋਂ ਕਰਕੇ ਗੈਂਗਸਟਰਾਂ/ਅਪਰਾਧੀਆਂ ਦੇ ਪਾਸਪੋਰਟ ਬਣਾਉਣ ਅਤੇ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਲੁੱਟਣ ਵਿੱਚ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਓਂਕਾਰ ਨੇ ਖੁਲਾਸਾ ਕੀਤਾ ਕਿ ਉਸ ਨੇ ਗੈਂਗਸਟਰ ਵਰਿੰਦਰਪਾਲ ਸਿੰਘ ਉਰਫ ਵੀਨਾ ਬੁੱਟਰ (ਬੰਬੀਹਾ ਗੈਂਗ) ਅਤੇ ਜਸਵਿੰਦਰ ਸਿੰਘ ਉਰਫ ਖੱਟੂ (ਧਰਮਿੰਦਰ ਗੁਗਨੀ ਗੈਂਗ) ਲਈ ਫ਼ਰਜ਼ੀ ਪਾਸਪੋਰਟ ਬਣਾਏ ਸਨ ਤਾਂ ਜੋ ਦੇਸ਼ ਛੱਡ ਕੇ ਭੱਜਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।

ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਪ੍ਰਭਜੋਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਇੱਕ ਸਾਥੀ ਚਰਨਜੀਤ ਸਿੰਘ ਉਰਫ਼ ਬਰੇਲੀ (ਜਿਸ ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ) ਨੇ ਮੈਕਸੀਕੋ ਤੋਂ ਹਾਲ ਹੀ ਵਿੱਚ ਡਿਪੋਰਟ ਕੀਤੇ ਗਏ ਗੈਂਗਸਟਰ ਦੀਪਕ ਬਾਕਸਰ ਲਈ ਫ਼ਰਜ਼ੀ ਪਾਸਪੋਰਟ ਬਣਾਇਆ ਸੀ। ਇਸ ਦੇ ਨਾਲ ਹੀ ਤੀਜੇ ਮੁਲਜ਼ਮ ਸੁਖਜਿੰਦਰ ਸਿੰਘ ਉਰਫ਼ ਸ਼ਾਰਪੀ ਘੁੰਮਣ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਸਨੇ ਅਜਨਾਲੇ ਦੇ ਦੀਪਇੰਦਰ ਸਿੰਘ ਉਰਫ਼ ਦੀਪੂ, ਜਿਸਦਾ ਅਪਰਾਧਿਕ ਪਿਛੋਕੜ ਹੈ ਅਤੇ ਭਗੌੜੇ ਗੈਂਗਸਟਰ ਹੈਰੀ ਚੱਠਾ ਦਾ ਕਰੀਬੀ ਸਾਥੀ ਹੈ, ਲਈ ਫ਼ਰਜ਼ੀ ਪਾਸਪੋਰਟ ਬਣਾਇਆ ਸੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …