nabaz-e-punjab.com

ਝੂਠਾ ਪੁਲੀਸ ਮੁਕਾਬਲਾ: ਸੀਬੀਆਈ ਅਦਾਲਤ ਵੱਲੋਂ ਸਾਬਕਾ ਇੰਸਪੈਕਟਰ ਦੋਸ਼ੀ ਕਰਾਰ

ਸਾਲ 1992 ਵਿੱਚ ਬਿਆਸ ਤੋਂ ਸਿੱਖ ਨੌਜਵਾਨ ਨੂੰ ਘਰੋਂ ਚੁੱਕ ਕੇ ਦਿਖਾਇਆ ਸੀ ਪੁਲੀਸ ਮੁਕਾਬਲਾ

ਤਤਕਾਲੀ ਐਸਐਚਓ ਦੋਸ਼ੀ ਵੱਸਣ ਸਿੰਘ ਦੀ ਹੋ ਚੁੱਕੀ ਹੈ ਮੌਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ:
ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਝੂਠੇ ਪੁਲੀਸ ਮੁਕਾਬਲੇ ਵਿੱਚ ਪੰਜਾਬ ਪੁਲੀਸ ਦੇ ਇਕ ਸੇਵਾਮੁਕਤ ਇੰਸਪੈਕਟਰ ਅਮਰੀਕ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦੋਂਕਿ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਦੱਸੇ ਜਾਂਦੇ ਸੇਵਾਮੁਕਤ ਸਬ ਇੰਸਪੈਕਟਰ ਵੱਸਣ ਸਿੰਘ ਦੀ ਮੌਤ ਹੋ ਚੁੱਕੀ ਹੈ। ਉਸ ਸਮੇਂ ਉਹ ਬਿਆਸ ਥਾਣੇ ਵਿੱਚ ਐਸਐਚਓ ਤਾਇਨਾਤ ਸੀ। ਦੋਸ਼ੀ ਇੰਸਪੈਕਟਰ ਨੂੰ ਭਲਕੇ 23 ਸਤੰਬਰ ਨੂੰ ਸਜਾ ਸੁਣਾਈ ਜਾਵੇਗੀ। ਪੁਲੀਸ ਨੇ ਇਕ ਸਿੱਖ ਨੌਜਵਾਨ ਗੁਰਬਿੰਦਰ ਸਿੰਘ ਨੂੰ ਘਰੋਂ ਚੁੱਕ ਕੇ ਬਾਅਦ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ ਦਿਖਾਇਆ ਗਿਆ ਸੀ।
ਪੀੜਤ ਪਰਿਵਾਰ ਦੇ ਵਕੀਲ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਸਾਲ 1992 ਵਿੱਚ ਪੰਜਾਬ ਪੁਲੀਸ ਨੇ ਬਿਆਸ ’ਚੋਂ ਚੰਨਣ ਸਿੰਘ ਨਾਂਅ ਦੇ ਵਿਅਕਤੀ ਨੂੰ 21 ਜੁਲਾਈ 1992 ਦੀ ਸ਼ਾਮ ਨੂੰ ਘਰੋਂ ਚੁੱਕ ਕੇ ਜਲੰਧਰ ਦੇ ਇਕ ਥਾਣੇ ਦੀ ਹਵਾਲਾਤ ਵਿੱਚ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਉਸ ਦੇ ਤਸ਼ੱਦਦ ਢਾਹਿਆ ਗਿਆ। ਦੋ ਦਿਨਾਂ ਮਗਰੋਂ ਪੁਲੀਸ ਨੇ ਚੰਨਣ ਸਿੰਘ ਦੇ ਸਪੁੱਤਰ ਗੁਰਬਿੰਦਰ ਸਿੰਘ ਨੂੰ ਜਲੰਧਰ ਰਹਿੰਦੇ ਉਸ ਦੇ ਭਰਾ ਸਵਰਨ ਸਿੰਘ ਦੇ ਘਰੋਂ ਚੁੱਕ ਲਿਆ ਅਤੇ ਪਿੰਡ ਦੇ ਮੋਹਤਵਰ ਵਿਅਕਤੀਆਂ ਦੀ ਅਪੀਲ ’ਤੇ ਚੰਨਣ ਸਿੰਘ ਨੂੰ ਛੱਡ ਦਿੱਤਾ।
24 ਜੁਲਾਈ ਨੂੰ ਪੁਲੀਸ ਨੇ ਗੁਰਬਿੰਦਰ ਸਿੰਘ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ ਦੱਸ ਕੇ ਉਸ ਦੀ ਕੇਸ ਫਾਈਲ ਬੰਦ ਕਰ ਦਿੱਤੀ। ਉਦੋਂ ਪੀੜਤ ਪਰਿਵਾਰ ਨੇ ਜ਼ਿੰਮੇਵਾਰ ਪੁਲੀਸ ਅਫ਼ਸਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਸਰਕਾਰ ਅਤੇ ਉੱਚ ਪੁਲੀਸ ਅਧਿਕਾਰੀਆਂ ਦੇ ਅੱਗੇ ਬਹੁਤ ਹਾੜੇ ਕੱਢੇ ਗਏ ਲੇਕਿਨ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਇਸ ਮਗਰੋਂ ਜਸਵੰਤ ਸਿੰਘ ਖਾਲੜਾ ਕਮੇਟੀ ਨੇ ਇਹ ਚੁੱਕਿਆ ਗਿਆ ਅਤੇ ਪੀੜਤ ਪਰਿਵਾਰ ਨੇ ਇਨਸਾਫ਼ ਲਈ ਉੱਚ ਅਦਾਲਤ ਦਾ ਬੂਹਾ ਖੜਕਾਇਆ।
ਇਸ ਤਰ੍ਹਾਂ ਪੰਜ ਸਾਲ ਬਾਅਦ 1997 ਵਿੱਚ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ। ਸੀਬੀਆਈ ਨੇ ਮੁੱਢਲੀ ਜਾਂਚ ਤੋਂ ਬਾਅਦ ਪੰਜਾਬ ਪੁਲੀਸ ਦੇ ਇੰਸਪੈਕਟਰ ਅਮਰੀਕ ਸਿੰਘ ਅਤੇ ਸਬ ਇੰਸਪੈਕਟਰ ਵੱਸਣ ਸਿੰਘ ਦੇ ਖ਼ਿਲਾਫ਼ ਧਾਰਾ 342, 364,302 ਅਤੇ 34 ਤਹਿਤ ਅਪਰਾਧਿਕ ਕੇਸ ਦਰਜ ਕੀਤਾ ਗਿਆ। ਇਸ ਕੇਸ ਦੀ ਸੁਣਵਾਈ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਜੱਜ ਹਰਿੰਦਰ ਕੌਰ ਸਿੱਧੂ ਦੀ ਅਦਾਲਤ ਵਿੱਚ ਚੱਲ ਰਹੀ ਸੀ।
ਸੀਬੀਆਈ ਨੇ 2002 ਵਿੱਚ ਦੋਸ਼ੀ ਪੁਲੀਸ ਅਫ਼ਸਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ। ਅੱਜ ਖੁੱਲ੍ਹੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਸਾਬਕਾ ਇੰਸਪੈਕਟਰ ਅਮਰੀਕ ਸਿੰਘ ਅਤੇ ਸਾਬਕਾ ਇੰਸਪੈਕਟਰ ਵੱਸਣ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਉਸ ਸਮੇਂ ਦੇ ਐਸਐਚਓ ਵੱਸਣ ਸਿੰਘ ਦੀ ਮੌਤ ਹੋ ਚੁੱਕੀ ਹੈ। ਅਦਾਲਤ ਵੱਲੋਂ ਦੋਸ਼ੀ ਨੂੰ ਭਲਕੇ ਵੀਰਵਾਰ ਨੂੰ ਸਜਾ ਸੁਣਾਈ ਜਾਵੇਗੀ।

Load More Related Articles

Check Also

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ ਪਰਮਾਰ ਤੇ ਹੋਰਨਾਂ ਵ…