
ਫ਼ਰਜ਼ੀ ਪੁਲੀਸ ਮੁਕਾਬਲਾ: ਪੰਜਾਬ ਪੁਲੀਸ ਦੇ ਦੋ ਸੇਵਾਮੁਕਤ ਅਫ਼ਸਰਾਂ ਨੂੰ ਉਮਰ ਕੈਦ ਤੇ ਜੁਰਮਾਨਾ
ਸੀਬੀਆਈ ਅਦਾਲਤ ਮੁਹਾਲੀ ਨੇ ਦੋਸ਼ੀਆਂ ਨੂੰ ਕੀਤਾ 1-1 ਲੱਖ ਰੁਪਏ ਜੁਰਮਾਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਨਵੰਬਰ:
ਮੁਹਾਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਫ਼ਰਜ਼ੀ ਪੁਲੀਸ ਮੁਕਾਬਲੇ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਪੰਜਾਬ ਪੁਲੀਸ ਦੇ ਦੋ ਸੇਵਾਮੁਕਤ ਅਫ਼ਸਰਾਂ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ਏਐਸਆਈ ਜਗਤਾਰ ਸਿੰਘ ਨੂੰ ਦੋਸ਼ੀ ਮੰਨਦਿਆਂ ਉਮਰ ਕੈਦ ਅਤੇ 11 ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਵਾਈ ਗਈ ਹੈ। ਇਸ ਮਾਮਲੇ ਵਿੱਚ ਨਾਮਜ਼ਦ ਦੋ ਪੁਲੀਸ ਅਫ਼ਸਰਾਂ ਇੰਸਪੈਕਟਰ ਪੂਰਨ ਸਿੰਘ ਅਤੇ ਏਐਸਆਈ ਜਗੀਰ ਸਿੰਘ ਦੀ ਟਰਾਇਲ ਦੌਰਾਨ ਮੌਤ ਹੋ ਚੁੱਕੀ ਹੈ।
ਪੀੜਤ ਪਰਿਵਾਰ ਦੇ ਵਕੀਲਾਂ ਸਰਬਜੀਤ ਸਿੰਘ, ਜਗਜੀਤ ਸਿੰਘ ਅਤੇ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਅਪਰੈਲ 1993 ਵਿੱਚ ਥਾਣਾ ਸਦਰ ਤਰਨ ਤਾਰਨ ਦੀ ਪੁਲੀਸ ਨੇ ਸਿੱਖ ਨੌਜਵਾਨ ਹਰਬੰਸ ਸਿੰਘ ਵਾਸੀ ਓਬੋਕੇ (ਤਰਨ ਤਾਰਨ) ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ। ਪੁਲੀਸ ਅਨੁਸਾਰ ਹਰਬੰਸ ਸਿੰਘ ਨੇ ਪੁੱਛਗਿੱਛ ਦੌਰਾਨ ਮੰਨਿਆ ਸੀ ਕਿ ਉਸ ਨੇ ਚੰਬਲ ਏਰੀਆ ਵਿੱਚ ਹਥਿਆਰ ਛੁਪਾ ਕੇ ਰੱਖੇ ਹੋਏ ਹਨ। ਨੌਜਵਾਨ ਦੇ ਦੱਸਣ ਅਨੁਸਾਰ 15 ਅਪਰੈਲ 1993 ਨੂੰ ਤਰਨ ਤਾਰਨ ਜ਼ਿਲ੍ਹੇ ਦੀ ਪੁਲੀਸ ਹਥਿਆਰ ਬਰਾਮਦ ਕਰਵਾਉਣ ਲਈ ਸਿੱਖ ਨੌਜਵਾਨ ਹਰਬੰਸ ਸਿੰਘ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਸੀ ਕਿ ਰਸਤੇ ਵਿੱਚ ਖਾੜਕੂਆਂ ਨੇ ਪੁਲੀਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਇਸ ਮੁਕਾਬਲੇ ਵਿੱਚ ਹਰਬੰਸ ਸਿੰਘ ਅਤੇ ਇਕ ਹੋਰ ਅਣਪਛਾਤਾ ਖਾੜਕੂ ਮਾਰਿਆ ਗਿਆ ਸੀ। ਇਸ ਸਬੰਧੀ ਤਰਨ ਤਾਰਨ ਪੁਲੀਸ ਵੱਲੋਂ ਪੁਲੀਸ ਪਾਰਟੀ ’ਤੇ ਹਮਲਾ ਕਰਨ ਸਬੰਧੀ ਅਣਪਛਾਤੇ ਖਾੜਕੂਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਸੀ। ਪੁਲੀਸ ਨੇ ਦੋਸ਼ ਲਾਇਆ ਸੀ ਕਿ ਹਰਬੰਸ ਸਿੰਘ ਨੂੰ ਪੁਲੀਸ ਹਿਰਾਸਤ ’ਚੋਂ ਛੁਡਾਉਣ ਲਈ ਹੀ ਖਾੜਕੂਆਂ ਨੇ ਫਾਇਰਿੰਗ ਕੀਤੀ ਸੀ। ਦੂਜੇ ਪਾਸੇ ਪੀੜਤ ਪਰਿਵਾਰ ਦੋਸ਼ੀ ਪੁਲੀਸ ਕਰਮਚਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਲੰਮਾ ਸਮਾਂ ਉਸ ਸਮੇਂ ਦੀ ਸਰਕਾਰ ਅਤੇ ਉੱਚ ਪੁਲੀਸ ਅਧਿਕਾਰੀਆਂ ਦੇ ਤਰਲੇ ਕੱਢਦਾ ਰਿਹਾ ਲੇਕਿਨ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।
ਇਸ ਮਗਰੋਂ ਉੱਚ ਅਦਾਲਤ ਦੇ ਹੁਕਮਾਂ ’ਤੇ ਮ੍ਰਿਤਕ ਨੌਜਵਾਨ ਦੇ ਭਰਾ ਪਰਮਜੀਤ ਸਿੰਘ ਦੀ ਸ਼ਿਕਾਇਤ ’ਤੇ 25 ਜਨਵਰੀ 1999 ਨੂੰ ਉਕਤ ਪੁਲੀਸ ਅਧਿਕਾਰੀਆਂ ਖ਼ਿਲਾਫ਼ ਧਾਰਾ 302, 364, 318 ਅਤੇ 34 ਅਧੀਨ ਅਪਰਾਧਿਕ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਸਥਿਤ ਸੀਬੀਆਈ ਦੀ ਅਦਾਲਤ ਵਿੱਚ ਚੱਲ ਰਹੀ ਸੀ। ਸੀਬੀਆਈ ਨੇ ਮੁੱਢਲੀ ਜਾਂਚ ਤੋਂ ਬਾਅਦ 13 ਦਸੰਬਰ 2002 ਨੂੰ ਉਕਤ ਪੁਲੀਸ ਅਫ਼ਸਰਾਂ ਦੇ ਖ਼ਿਲਾਫ਼ ਧਾਰਾ 302, 218 ਅਤੇ 120ਬੀ ਅਧੀਨ ਮੁਹਾਲੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ। ਇਸ ਕੇਸ ਦੀ ਸੁਣਵਾਈ ਦੌਰਾਨ ਸੀਬੀਆਈ ਨੇ 17 ਗਵਾਹ ਪੇਸ਼ ਕੀਤੇ ਅਤੇ ਪੀੜਤ ਪਰਿਵਾਰ ਦੇ ਵਕੀਲਾਂ ਨੇ ਤੱਥਾਂ ਦੇ ਆਧਾਰ ’ਤੇ ਉੁਸਾਰੂ ਦਲੀਲਾਂ ਦਿੰਦੀਆਂ ਗਈਆਂ। ਬੀਤੀ 27 ਅਕਤੂਬਰ ਨੂੰ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਦੋਵੇਂ ਪੁਲੀਸ ਅਫ਼ਸਰਾਂ ਸ਼ਮਸ਼ੇਰ ਸਿੰਘ ਅਤੇ ਜਗਤਾਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਅੱਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਉਧਰ, ਸੀਬੀਆਈ ਅਦਾਲਤ ਦੇ ਬਾਹਰ ਮ੍ਰਿਤਕ ਨੌਜਵਾਨ ਦੇ ਭਰਾ ਪਰਮਜੀਤ ਸਿੰਘ ਅਤੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ 30 ਸਾਲਾਂ ਦੀ ਜੱਦੋਜਹਿਦ ਤੋਂ ਬਾਅਦ ਅੱਜ ਇਨਸਾਫ਼ ਮਿਲਿਆ ਹੈ। ਸਰਪੰਚ ਨੇ ਕਿਹਾ ਕਿ ਹਰਬੰਸ ਸਿੰਘ ਹੋਣਹਾਰ ਨੌਜਵਾਨ ਸੀ ਪ੍ਰੰਤੂ ਪੰਜਾਬ ਪੁਲੀਸ ਦੇ ਅਫ਼ਸਰਾਂ ਨੇ ਆਪਣੇ ਮੋਢਿਆਂ ’ਤੇ ਤਰੱਕੀਆਂ ਦੀਆਂ ਫੀਤੀਆਂ ਲਗਾਉਣ ਲਈ ਉਸ (ਹਰਬੰਸ) ਨੂੰ ਖਾੜਕੂਆਂ ਨੂੰ ਪਨਾਹ ਦੇਣ ਅਤੇ ਰੋਟੀ ਖੁਆਉਣ ਦਾ ਦੋਸ਼ ਲਗਾਉਂਦੇ ਹੋਏ ਫ਼ਰਜ਼ੀ ਪੁਲੀਸ ਮੁਕਾਬਲੇ ਵਿੱਚ ਮਾਰ ਮੁਕਾਇਆ ਸੀ। ਉਨ੍ਹਾਂ ਕਿਹਾ ਕਿ ਸੀਬੀਆਈ ਅਦਾਲਤ ਦੇ ਇਸ ਫ਼ੈਸਲੇ ਨਾਲ ਜਿੱਥੇ ਨੌਜਵਾਨ ਦੇ ਮੱਥੇ ’ਤੇ ਲੱਗਾ ਅਤਿਵਾਦੀ ਹੋਣ ਦਾ ਕਲੰਕ ਮਿਟ ਗਿਆ ਹੈ, ਉੱਥੇ ਪੁਲੀਸ ਦੇ ਫ਼ਰਜ਼ੀ ਮੁਕਾਬਲੇ ਦਾ ਸੱਚ ਵੀ ਸਾਹਮਣੇ ਆਇਆ ਹੈ।