
ਅਖੌਤੀ ਸਾਧ ਨੇ ਬਾਬਾ ਸ਼ਬਦ ਨੂੰ ਕਲੰਕਿਤ ਕੀਤਾ: ਜਥੇਦਾਰ ਮੁੰਧੋਂ ਸੰਗਤੀਆਂ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਅਗਸਤ:
ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਮਨਜੀਤ ਸਿੰਘ ਮੁੰਧੋਂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਸਰਸੇ ਵਾਲੇ ਅਖੌਤੀ ਸਾਧ ਗੁਰਮੀਤ ਰਾਮ ਰਹੀਮ ਨੇ ਸਤਿਕਾਰਤ ਬਾਬਾ ਸ਼ਬਦ ਕਲੰਕਿਤ ਕੀਤਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਬਾਬਾ ਇੱਕ ਪਵਿੱਤਰ ਅਤੇ ਸਤਿਕਾਰਯੋਗ ਸ਼ਬਦ ਹੈ ਜਿਸ ਨੂੰ ਆਪਣੇ ਬਜ਼ੁਰਗਾਂ ਲਈ ਵਰਤਿਆ ਜਾਂਦਾ ਹੈ ਪਰ ਇਸ ਅਖੌਤੀ ਸਾਧ ਦੇ ਗੰਦੇ ਕਾਰਨਾਮਿਆਂ ਦੇ ਕਾਰਨ ਬਾਬਾ ਸ਼ਬਦ ਨੂੰ ਬਦਨਾਮ ਹੋ ਗਿਆ। ਉਨ੍ਹਾਂ ਕਿਹਾ ਕਿ ਅਖੌਤੀ ਸਾਧ ਕਾਰਨ ਆਉਣ ਵਾਲੀਆਂ ਪੀੜੀਆਂ ਘਰਾਂ ਅੰਦਰ ਇਸ ਨਾਮ ਨੂੰ ਵਰਤਣ ਤੋਂ ਸੰਕੋਚ ਕਰਨਗੀਆਂ ਜਿਸ ਦਾ ਅਸਰ ਮਾਰੂ ਹੋਵੇਗਾ। ਇਸ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਸ਼ਬਦ ਦੀ ਵਰਤੋਂ ਕਰਨ ਵਾਲਿਆਂ ਇਨ੍ਹਾਂ ਪਾਖੰਡੀਆਂ ਖ਼ਿਲਾਫ਼ ਸ਼ਿਕੰਜਾ ਕਸਣਾ ਪਵੇਗਾ ਤਾਂ ਹੋਰ ਕੋਈ ਅਖੌਤੀ ਇਸ ਨਾਮ ਨੂੰ ਬਦਨਾਮ ਨਾ ਕਰ ਸਕੇ।
ਉਨ੍ਹਾਂ ਅਖੌਤੀ ਸਾਧ ਦੇ ਖ਼ਿਲਾਫ਼ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਹਰਿਆਣਾ ਪੁਲੀਸ ਦੇ ਡੀਜੀਪੀ ਬਲਜੀਤ ਸਿੰਘ ਸੰਧੂ ਜੋ ਕਿ ਮੂਲ ਰੂਪ ਵਿੱਚ ਪਿੰਡ ਮੁੰਧੋਂ ਸੰਗਤੀਆਂ ਜ਼ਿਲ੍ਹਾ ਮੁਹਾਲੀ ਪੰਜਾਬ ਦੇ ਵਸਨੀਕ ਹਨ ਦੀ ਕਾਰਜੁਗਾਰੀ ਸਰਾਹੁਣਯੋਗ ਹੈ। ਜਿਨ੍ਹਾਂ ਨੇ ਰਣਨੀਤੀ ਬਣਾ ਕੇ ਅਖੌਤੀ ਬਲਾਤਕਾਰੀ ਬਾਬੇ ਨੂੰ ਡੇਰੇ ਤੋਂ ਬਾਹਰ ਕੱਢ ਕੇ ਅਦਾਲਤ ਵਿੱਚ ਖੜਾ ਕੀਤਾ। ਜਥੇਦਾਰ ਮੁੰਧੋਂ ਸੰਗਤੀਆਂ ਨੇ ਕਿਹਾ ਕਿ ਇਸ ਫੈਸ਼ਲੇ ਨਾਲ ਹੋਰਨਾਂ ਡੇਰਿਆਂ ਦੀ ਆੜ ਵਿਚ ਗਲਤ ਕੰਮ ਕਰਨ ਵਾਲੇ ਭੈੜੇ ਅਨਸਰਾਂ ਨੂੰ ਠੱਲ੍ਹ ਪਵੇਗੀ।