Share on Facebook Share on Twitter Share on Google+ Share on Pinterest Share on Linkedin ਜਾਅਲੀ ਐਸਸੀ ਸਰਟੀਫਿਕੇਟ ਮਾਮਲਾ: ਦਲਿਤਾਂ ਵੱਲੋਂ ਸੰਘਰਸ਼ ਤੇਜ਼, ਕਾਲੇ ਚੋਗੇ ਪਾ ਕੇ ਕੀਤਾ ਪ੍ਰਦਰਸ਼ਨ ਡਾਇਰੈਕਟਰ ਦਫ਼ਤਰ ਦੇ ਬਾਹਰ ਦਲਿਤ ਜਥੇਬੰਦੀਆਂ ਦਾ ਪੱਕਾ ਮੋਰਚਾ ਪੰਜਵੇਂ ਦਿਨ ’ਚ ਦਾਖ਼ਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਪਰੈਲ: ਪੰਜਾਬ ਦੀਆਂ ਵੱਖ-ਵੱਖ ਦਲਿਤ ਜਥੇਬੰਦੀਆਂ ਵੱਲੋਂ ਜਾਅਲੀ ਐਸਸੀ ਸਰਟੀਫਿਕੇਟਾਂ ਦੀ ਪੜਤਾਲ ਦੀ ਮੰਗ ਨੂੰ ਲੈ ਕੇ ਇੱਥੋਂ ਦੇ ਫੇਜ਼-1 ਸਥਿਤ ਸਮਾਜਿਕ ਨਿਆਂ ਅਧਿਆਕਰਤਾ ਅਤੇ ਘੱਟ ਗਿਣਤੀਆਂ ਭਲਾਈ ਵਿਭਾਗ ਦੇ ਡਾਇਰੈਕਟਰ ਦਫ਼ਤਰ ਦੇ ਬਾਹਰ ਲਾਇਆ ਪੱਕਾ ਮੋਰਚਾ ਸੋਮਵਾਰ ਨੂੰ ਪੰਜਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਹਿਊਮਨ ਰਾਈਟਸ ਸੁਸਾਇਟੀ ਦੇ ਪ੍ਰਧਾਨ ਸ਼ਵਿੰਦਰ ਸਿੰਘ ਲੱਖੋਵਾਲ ਅਤੇ ਡਾ. ਅੰਬੇਦਕਰ ਮੈਮੋਰੀਅਲ ਟਰੱਸਟ ਪੰਜਾਬ ਨੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਕੇ ਜਾਅਲੀ ਐਸਸੀ ਸਰਟੀਫਿਕੇਟ ਬਣਾਉਣ ਅਤੇ ਗਲਤ ਤਰੀਕੇ ਨਾਲ ਲਾਭ ਲੈਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਆਪਣੇ ਸਮਰਥਕਾਂ ਨਾਲ ਕਾਲੇ ਚੋਗੇ ਪਾ ਕੇ ਰੋਸ ਪ੍ਰਦਰਸ਼ਨ ਕਰਦਿਆਂ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ ਅਤੇ ਜ਼ਿੰਮੇਵਾਰ ਅਫ਼ਸਰਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਬੀਰ ਸਿੰਘ ਆਲਮਪੁਰ, ਪ੍ਰੋ. ਹਰਨੇਕ ਸਿੰਘ ਅਤੇ ਪ੍ਰੋ. ਸਰਬਜੀਤ ਸਿੰਘ, ਗੁਰਮੁੱਖ ਸਿੰਘ ਅਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਜਾਅਲੀ ਐਸਸੀ ਸਰਟੀਫਿਕੇਟਾਂ ਦੀ ਪੜਤਾਲ ਪਿਛਲੇ ਲੰਬੇ ਸਮੇਂ ਤੋਂ ਠੰਢੇ ਬਸਤੇ ਵਿੱਚ ਪਈ ਹੈ। ਜਿਸ ਕਾਰਨ ਦਲਿਤ ਭਾਈਚਾਰੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਨੇ ਸਮਾਜਿਕ ਨਿਆਂ ਵਿਭਾਗ ਵੱਲੋਂ ਜਾਅਲੀ ਐਸਸੀ ਸਰਟੀਫਿਕੇਟਾਂ ਦੀਆਂ ਦੋ ਕੁ ਸ਼ਿਕਾਇਤਾਂ ਦੀ ਸੁਣਵਾਈ ਲਈ 27 ਅਪਰੈਲ ਦਾ ਦਿਨ ਨਿਰਧਾਰਿਤ ਕਰਨ ਦੀ ਕਾਰਵਾਈ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਸਾਰੀਆਂ ਸ਼ਿਕਾਇਤਾਂ ਦੀ ਸੁਣਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਇਸ ਮਸਲੇ ਦਾ ਪੱਕਾ ਹੱਲ ਨਹੀਂ ਕੱਢਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਇਨਸਾਫ਼ ਪਸੰਦ ਲੋਕਾਂ ਅਤੇ ਦਲਿਤ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਲੋੜ ਪੈਣ ’ਤੇ ਗੁਪਤ ਐਕਸ਼ਨ ਕੀਤੇ ਜਾਣਗੇ। ਬਲਬੀਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਧਰਨੇ ਵਾਲੀ ਥਾਂ ’ਤੇ ਬਾਬਾ ਸਾਹਿਬ ਡਾ. ਬੀਆਰ ਅੰਬੇਦਕਰ ਦਾ ਜਨਮ ਦਿਨ ਮਨਾਇਆ ਜਾਵੇਗਾ ਅਤੇ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਵੇਗਾ। ਜਿਸ ਵਿੱਚ ਵੱਡੀ ਗਿਣਤੀ ’ਚ ਦਲਿਤ ਅਤੇ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨਗੇ। ਇਸ ਮੌਕੇ ਕਰਨੈਲ ਸਿੰਘ, ਡਾ. ਅੰਬੇਦਕਰ ਮਹਾ ਸਭਾ ਦੇ ਆਗੂ ਲਖਵੀਰ ਸਿੰਘ ਬਡਾਲਾ, ਇਸਤਰੀ ਵਿੰਗ ਦੀ ਆਗੂ ਸੀਮਾ ਰਾਣੀ, ਨਰੇਗਾ ਵਰਕਰਜ਼ ਫਰੰਟ ਦੇ ਆਗੂ ਅਜਾਇਬ ਸਿੰਘ ਬਰੋਈ, ਭਜਨ ਸਿੰਘ, ਸੁਖਦੇਵ ਸਿੰਘ, ਮੇਜਰ ਸਿੰਘ, ਮਨਪ੍ਰੀਤ ਸਿੰਘ ਦੌਣ ਖੁਰਦ, ਆਨੰਦ ਕੁਮਾਰ ਧਰੇੜੀ ਜੱਟਾਂ ਅਤੇ ਅਵਤਾਰ ਸਿੰਘ ਨੇ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ