ਜਾਅਲੀ ਐਸਸੀ ਸਰਟੀਫਿਕੇਟ ਮਾਮਲਾ: ਵਾਲਮੀਕ ਦਲਿਤ ਚੇਤਨਾ ਮੰਚ ਵੱਲੋਂ ਸਮਰਥਨ ਦੇਣ ਐਲਾਨ

ਡਾਇਰੈਕਟਰ ਦਫ਼ਤਰ ਮੁਹਾਲੀ ਦੇ ਬਾਹਰ ਲੜੀਵਾਰ ਪੱਕਾ ਮੋਰਚਾ 64ਵੇਂ ਦਿਨ ’ਚ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
ਪੰਜਾਬ ਦੀਆਂ ਵੱਖ-ਵੱਖ ਦਲਿਤ ਜਥੇਬੰਦੀਆਂ ਵੱਲੋਂ ਜਾਅਲੀ ਐਸਸੀ ਸਰਟੀਫਿਕੇਟਾਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਪ੍ਰੋ. ਹਰਨੇਕ ਸਿੰਘ ਦੀ ਅਗਵਾਈ ਹੇਠ ਇੱਥੋਂ ਦੇ ਫੇਜ਼-1 ਸਥਿਤ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀਆਂ ਭਲਾਈ ਵਿਭਾਗ ਦੇ ਡਾਇਰੈਕਟਰ ਦਫ਼ਤਰ ਦੇ ਬਾਹਰ ਲਾਇਆ ਪੱਕਾ ਮੋਰਚਾ ਵੀਰਵਾਰ ਨੂੰ 64ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਅੱਤ ਦੀ ਗਰਮੀ ਦੇ ਬਾਵਜੂਦ ਦਲਿਤ ਸੰਗਠਨਾਂ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ।
ਅੱਜ ਭਗਵਾਨ ਵਾਲਮੀਕ ਦਲਿਤ ਚੇਤਨਾ ਮੰਚ ਪੰਜਾਬ ਦੇ ਪ੍ਰਧਾਨ ਵਿਕੀ ਪਰੋਚਾ ਦੀ ਅਗਵਾਈ ਹੇਠ ਧੂਰੀ ਕਸਬੇ ਤੋਂ ਵੱਡੀ ਮਾਤਰਾ ਵਿੱਚ ਵਾਲਮੀਕ ਭਾਈਚਾਰੇ ਦੇ ਲੋਕਾਂ ਨੇ ਪੱਕੇ ਮੋਰਚੇ ਵਿੱਚ ਪਹੁੰਚ ਕੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਬਾਬਾ ਨਛੱਤਰ ਨਾਥ ਅੰਮ੍ਰਿਤਸਰ, ਗੁਰੂ ਗਿਆਨ ਨਾਥ ਵਾਲਮੀਕ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਵੀ ਆਪਣੀ ਟੀਮ ਨਾਲ ਦੂਜੇ ਦਿਨ ਵੀ ਹਾਜ਼ਰੀ ਭਰੀ। ਪੰਜਾਬ ਖੇਤ ਮਜ਼ਦੂਰ ਸਭਾ ਪੰਜਾਬ ਦੇ ਪ੍ਰਧਾਨ ਕਿਸ਼ਨ ਕੁਮਾਰ ਚੌਹਾਨ ਨੇ ਵੀ ਸਾਥੀਆਂ ਸਮੇਤ ਸ਼ਮੂਲੀਅਤ ਕਰਕੇ ਦਲਿਤਾਂ ਅਤੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਇੱਕ ਮੰਚ ’ਤੇ ਇਕੱਠੇ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਪ੍ਰੋ. ਹਰਨੇਕ ਸਿੰਘ ਅਤੇ ਲਖਬੀਰ ਸਿੰਘ ਬੌਬੀ ਨੇ ਬੀਤੀ 13 ਜੂਨ ਨੂੰ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਵਿੱਚ ਹੋਏ ਫ਼ੈਸਲਿਆਂ ਨੂੰ ਜਲਦੀ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟਾਂ ਦੀ ਮਿੱਥੇ ਸਮੇਂ ਜਾਂਚ ਮੁਕੰਮਲ ਕਰਕੇ ਉਨ੍ਹਾਂ ਨੂੰ ਰੱਦ ਕਰਨ, ਜ਼ਿੰਮੇਵਾਰ ਅਫ਼ਸਰਾਂ ਅਤੇ ਗਲਤ ਤਰੀਕੇ ਨਾਲ ਸਰਕਾਰੀ ਲਾਭ ਲੈਣ ਵਾਲੇ ਵਿਅਕਤੀਆਂ ਨੂੰ ਕਾਨੂੰਨ ਮੁਤਾਬਕ ਸਖ਼ਤ ਸਜਾ ਦਿਵਾਉਣ ਦੀ ਪ੍ਰਕਿਰਿਆ ਨੂੰ ਅਮਲੀ ਜਾਮਾ ਪਹਿਨਾਉਣ ਦੀ ਗੁਹਾਰ ਲਗਾਈ। ਉਨ੍ਹਾਂ ਐਲਾਨ ਕੀਤਾ ਕਿ ਇਨਸਾਫ਼ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਸੇਵਾਮੁਕਤ ਪ੍ਰਿੰਸੀਪਲ ਬਨਵਾਰੀ ਲਾਲ ਗੁਰਦਾਸਪੁਰ, ਸ਼ਵਿੰਦਰ ਸਿੰਘ ਲੱਖੋਵਾਲ, ਪ੍ਰਿਤਪਾਲ ਸਿੰਘ ਮਜ਼ਦੂਰ ਮੁਕਤੀ ਮੋਰਚਾ, ਮੱਖਣ ਸਿੰਘ, ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਸਰਬਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਸੁਨੀਲ ਕੁਮਾਰ, ਸੰਤ ਸਰਬਜੀਤ ਵਾਲਮੀਕ, ਦੀਪਕ ਕੁਮਾਰ, ਗੁਰਤੇਜ ਸਿੰਘ, ਦੀਦਾਰ ਸਿੰਘ ਮੁਨੀ, ਰਾਵਤ, ਨਰੇਗਾ ਆਗੂ ਮੋਹਿਤ ਭਾਰਦਵਾਜ, ਮਨਜੀਤ ਸਿੰਘ ਬੁੱਟਰ, ਬਲਜਿੰਦਰ ਸਿੰਘ ਬਠਿੰਡਾ, ਮਹੇਸ਼ ਕੁਮਾਰ, ਵਕੀਲ ਆਰਐਲ ਸੁਮਨ, ਮਨਦੀਪ ਸਿੰਘ, ਨੰਬਰਦਾਰ ਹਰਚੰਦ ਸਿੰਘ ਜਖਵਾਲੀ, ਟੀਪੀ ਸਿੰਘ, ਰਣਜੀਤ ਸਿੰਘ, ਰੋਬਿਨਪ੍ਰੀਤ ਸਿੰਘ, ਦਵਿੰਦਰ ਸਿੰਘ ਮਾਛੀਪੁਰ ਅਤੇ ਮਹਿਕਪ੍ਰੀਤ ਕੌਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …