nabaz-e-punjab.com

ਫਰਜ਼ੀ ਟੀ-20 ਕ੍ਰਿਕਟ ਮੈਚ: ਮੁਹਾਲੀ ਨੇੜਲੇ ਪਿੰਡਾਂ ਦੇ ਨੌਜਵਾਨਾਂ ਨੇ ਖੇਡਿਆ ਸੀ ਮੈਚ

ਪਿੰਡ ਸਵਾੜਾ ਦੇ ਗਰਾਊਂਡ ’ਚ ਖੇਡੇ ਮੈਚ ਦਾ ਸ੍ਰੀਲੰਕਾ ਤੋਂ ਦਿਖਾਇਆ ਸੀ ਆਨਲਾਈਨ ਪ੍ਰਸਾਰਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੁਲਾਈ:
ਜ਼ਿਲ੍ਹਾ ਪੁਲੀਸ ਨੇ ਲਾਂਡਰਾਂ-ਸਰਹਿੰਦ ਮੁੱਖ ਮਾਰਗ ’ਤੇ ਸਥਿਤ ਪਿੰਡ ਸਵਾੜਾ ਦੇ ਗਰਾਊਂਡ ਵਿੱਚ ਫਰਜ਼ੀ ਟੀ-20 ਕ੍ਰਿਕਟ ਮੈਚ ਦਾ ਆਨਲਾਈਨ ਪ੍ਰਸਾਰਨ ਸ੍ਰੀਲੰਕਾ ਤੋਂ ਦਿਖਾਉਣ ਅਤੇ ਸੱਟਾ ਖੇਡਣ ਦੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਮੁਹਾਲੀ ਦੀ ਐਸਪੀ (ਦਿਹਾਤੀ) ਸ੍ਰੀਮਤੀ ਰਵਜੋਤ ਕੌਰ ਗਰੇਵਾਲ ਦੀ ਅਗਵਾਈ ਹੇਠ ਪੁਲੀਸ ਟੀਮਾਂ ਫਰਜ਼ੀ ਕ੍ਰਿਕਟ ਮੈਚ ਖੇਡਣ ਵਾਲੇ ਖਿਡਾਰੀਆਂ ਦੀ ਪਛਾਣ ਕਰਨ ਵਿੱਚ ਜੁੱਟ ਗਈਆਂ ਹਨ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਖਿਡਾਰੀ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਨਾਲ ਸਬੰਧਤ ਹਨ।
ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਮੁਲਜ਼ਮਾਂ ਰਵਿੰਦਰ ਸਿੰਘ ਡੰਡੀਵਾਲ ਵਾਸੀ ਨੌਹਰ, ਜ਼ਿਲ੍ਹਾ ਹਨੂਮਾਨਗੜ੍ਹ (ਰਾਜਸਥਾਨ) ਅਤੇ ਪੰਕਜ ਅਰੋੜਾ ਅਤੇ ਰਾਜੇਸ਼ ਗਰਗ ਉਰਫ਼ ਰਾਜੂ ਕਾਲੀਆ ਦੋਵੇਂ ਹਾਲ ਵਾਸੀ ਜ਼ੀਰਕਪੁਰ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਡੰਡੀਵਾਲ ਇੱਥੋਂ ਦੇ ਫੇਜ਼-3ਬੀ1 ਵਿੱਚ ਪਿਛਲੇ 6 ਸਾਲ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਜਦੋਂਕਿ ਪੰਕਜ ਅਰੋੜਾ ਵਿਕਟੋਰੀਆ ਹਾਈਟਸ ਸੁਸਾਇਟੀ ਪੀਰ ਮੁਛੱਲਾ (ਜ਼ੀਰਕਪੁਰ) ਅਤੇ ਰਾਜੇਸ਼ ਗਰਗ ਉਰਫ਼ ਰਾਜੂ ਕਾਲੀਆ ਵਰੀਦਰਾਵਨ ਗਾਰਡਨ ਸੁਸਾਇਟੀ (ਜ਼ੀਰਕਪੁਰ) ਵਿੱਚ ਰਹਿ ਰਹੇ ਸੀ। ਪਿਛਲੇ ਕੁਝ ਹੀ ਸਮੇਂ ਵਿੱਚ ਡੰਡੀਵਾਲ ਨੇ ਕ੍ਰਿਕਟ ਦੇ ਪੁਰਾਣੇ ਖਿਡਾਰੀਆਂ ਨਾਲ ਵੀ ਚੰਗੀ ਜਾਣ ਪਛਾਣ ਕਰ ਬਣਾ ਲਈ ਸੀ।
ਪਿਛਲੇ ਹੀ ਹਫ਼ਤੇ ਆਸਟਰੇਲੀਆ ਦੀ ਵਿਕਟੋਰੀਆ ਪੁਲੀਸ ਨੇ ਉਸ ਦੇ ਭਤੀਜੇ ਨੂੰ ਹਿਰਾਸਤ ਵਿੱਚ ਲਿਆ ਸੀ, ਜੋ ਉੱਥੇ ਕੁੱਕ ਦਾ ਕੰਮ ਕਰਦੇ ਸੀ ਅਤੇ ਮੈਚ ਫਿਕਸਿੰਗ ਅਤੇ ਸੱਟੇ ਦੇ ਕੰਮ ਸਰਗਰਮ ਸੀ। ਇਹੀ ਨਹੀਂ ਬਰਾਜ਼ੀਲ ਵਿੱਚ ਟੇਬਲ ਟੈਨਿਸ ਸੀਰੀਜ਼ ਦੇ ਵੀ ਕਈ ਮੈਚਾਂ ਦੀ ਫਿਕਸਿੰਗ ਕੀਤੀ ਸੀ। ਹਾਲਾਂਕਿ ਡੰਡੀਵਾਲ ਜ਼ੀਰਕਪੁਰ ਵਿੱਚ ਰਹਿੰਦਾ ਸੀ ਪ੍ਰੰਤੂ ਜ਼ਿਆਦਾਤਰ ਉਹ ਵਿਦੇਸ਼ੀ ਮੁਲਕਾਂ ਦੇ ਦੌਰਿਆਂ ’ਤੇ ਰਹਿੰਦਾ ਸੀ। ਇਹ ਵੀ ਪਤਾ ਲੱਗਾ ਹੈ ਕਿ ਡੰਡੀਵਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਭਾਰਤੀ ਟੀਮ ਵਿੱਚ ਖਿਡਾਉਣ ਦੇ ਸਪਨੇ ਦਿਖਾ ਕੇ ਉਨ੍ਹਾਂ ਦਾ ਸੋਸ਼ਣ ਕਰਦਾ ਸੀ। ਇਹੀ ਨਹੀਂ ਉਹ ਆਪਣੀ ਅਕੈਡਮੀ ਵਿੱਚ ਕ੍ਰਿਕਟ ਦੇ ਮਸ਼ਹੂਰ ਖਿਡਾਰੀਆਂ ਨਾਲ ਫੋਟੋਆਂ ਖਿਚਾ ਕੇ ਦੂਜਿਆਂ ਨੂੰ ਆਪਣੇ ਵੱਲ ਖਿੱਚਦਾ ਸੀ।
ਡੰਡੀਵਾਲ ਨੇ ਖਿਡਾਰੀਆਂ ਦੀਆਂ ਵਰਦੀਆਂ ਵੱਖ-ਵੱਖ ਰੰਗਾਂ ਅਤੇ ਵੱਖ-ਵੱਖ ਕਲੱਬਾਂ ਦੀਆਂ ਆਨਲਾਈਨ ਆਰਡਰ ਕਰਕੇ ਜਲੰਧਰ ਤੋਂ ਮੰਗਵਾਈਆਂ ਸਨ। ਇਸ ਟੂਰਨਾਮੈਂਟ ਨੂੰ ਵੱਡੇ ਪੱਧਰ ’ਤੇ ਕ੍ਰਿਕਟ ਦੀ ਦੁਨੀਆਂ ਵਿੱਚ ਸੱਟੇਬਾਜ਼ੀ ਕਰਨ ਵਾਲੇ ਵਿਅਕਤੀ/ਬੁੱਕੀ ਜਿਨ੍ਹਾਂ ਵਿੱਚ ਆਰਪੀਐਨ (ਰਾਹੁਲ ਪਟੇਲ ਨਗਰ ਦਿੱਲੀ), ਸੰਦੀਪ ਜੈਨ ਵਾਸੀ ਦਿੱਲੀ, ਕੁੱਲੂ ਜੈਨ ਵਾਸੀ ਦਿੱਲੀ, ਗੂਗਲ ਦਿੱਲੀ ਦੀ ਸਾਜ਼ਿਸ਼ ਅਤੇ ਮਿਲੀਭੁਗਤ ਹੋਣ ਦੀ ਗੱਲ ਸਾਹਮਣੇ ਆਈ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
(ਬਾਕਸ ਆਈਟਮ)
ਪੁਲੀਸ ਦੀ ਜਾਣਕਾਰੀ ਅਨੁਸਾਰ ਬੀਸੀਸੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਟੀਮ ਦੇ ਮੁਖੀ ਅਲੋਕ ਕੁਮਾਰ ਨੇ ਮੁਲਜ਼ਮ ਰਵਿੰਦਰ ਸਿੰਘ ਡੰਡੀਵਾਲ ਤੋਂ ਪਿਛਲੇ ਸਾਲਾਂ ਦੌਰਾਨ ਵਿਦੇਸ਼ੀ ਮੁਲਕਾਂ ਵਿੱਚ ਕਰਵਾਏ ਗਏ ਫਰਜ਼ੀ ਮੈਚਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰਦਿਲਆਂ ਦੱਸਿਆ ਕਿ ਉਸ ਨੇ 2009 ਵਿੱਚ ਕ੍ਰਿਕਟ ਕੌਂਸਲ ਆਫ਼ ਇੰਡੀਆ (ਸੀਸੀਆਈ) ਦੇ ਨਾਮ ’ਤੇ ਕਲੱਬ ਰਜਿਸਟਰਡ ਕਰਵਾਇਆ ਸੀ। ਸਭ ਤੋਂ ਪਹਿਲਾਂ ਉਸ ਨੇ ਅਗਸਤ-ਸਤੰਬਰ 2016 ਵਿੱਚ ਸ੍ਰੀਲੰਕਾ ਵਿੱਚ ਟੂਰਨਾਮੈਂਟ ਕਰਵਾਇਆ। ਦਸੰਬਰ 2016 ਵਿੱਚ ਆਪਣੇ ਕਲੱਬ ਦੀ ਟੀਮ ਲੈ ਕੇ ਆਸਟ੍ਰੇਲੀਆ ਗਿਆ। ਜਿੱਥੇ 25 ਤੋਂ 31 ਦਸੰਬਰ ਤੱਕ ਬਿਲੋ ਫੈਸਟ ਦੇ ਨਾਮ ’ਤੇ ਹਰ ਸਾਲ ਹੋਣ ਵਾਲੇ ਕ੍ਰਿਕਟ ਟੂਰਨਾਮੈਂਟ ਵਿੱਚ ਭਾਗ ਲਿਆ। 2017 ਵਿੱਚ ਦੁਬਈ ਅਤੇ ਇਕ ਮੈਚ ਕਾਠਮੰਡੂ (ਨੇਪਾਲ) ਅਤੇ ਇਕ ਮੈਚ ਅਫਗਾਨਿਸਤਾਨ ਵਿੱਚ ਕਰਵਾਇਆ ਸੀ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…