
ਫਰਜ਼ੀ ਟੀ-20 ਮੈਚ: ਅਦਾਲਤ ਨੇ ਦੋ ਮੁਲਜ਼ਮਾਂ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ
ਮੈਚ ਖੇਡਣ ਵਾਲੇ ਖਿਡਾਰੀਆਂ ਦੇ ਬਿਆਨ ਦਰਜ, ਜਰਸੀਆਂ ਅਤੇ ਸਟੇਡੀਅਮ ’ਚ ਲੱਗੇ ਬੈਨਰ ਕੀਤੇ ਜ਼ਬਤ
ਜਰਸੀਆਂ ਉੱਤੇ ਲਿਖੇ ਹੋਏ ਨੇ ਸ੍ਰੀਲੰਕਾ ਤੇ ਹੋਰਨਾਂ ਮੁਲਕਾਂ ਦੇ ਖਿਡਾਰੀਆਂ ਦੇ ਫਰਜ਼ੀ ਨਾਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਜ਼ਿਲ੍ਹਾ ਪੁਲੀਸ ਨੇ ਲਾਂਡਰਾਂ-ਸਰਹਿੰਦ ਮੁੱਖ ਮਾਰਗ ’ਤੇ ਸਥਿਤ ਪਿੰਡ ਸਵਾੜਾ ਦੇ ਗਰਾਊਂਡ ਵਿੱਚ ਕਰਵਾਏ ਫਰਜ਼ੀ ਟੀ-20 ਕ੍ਰਿਕਟ ਮੈਚ ਦਾ ਆਨਲਾਈਨ ਪ੍ਰਸਾਰਨ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਕੀਤੀ ਗਈ ਹੈ। ਮੁਲਜ਼ਮਾਂ ਨੇ ਇੱਥੇ ਕਰਵਾਏ ਫਰਜ਼ੀ ਮੈਚ ਦਾ ਸ੍ਰੀਲੰਕਾ ਤੋਂ ਸਿੱਧਾ ਪ੍ਰਸਾਰਨ ਦਿਖਾ ਕੇ ਕਰੋੜਾ ਦਾ ਸੱਟਾ ਖੇਡਿਆ ਗਿਆ ਹੈ। ਮੁਹਾਲੀ ਦੀ ਐਸਪੀ (ਦਿਹਾਤੀ) ਸ੍ਰੀਮਤੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਦੋ ਮੁਲਜ਼ਮਾਂ ਪੰਕਜ ਅਰੋੜਾ ਵਿਕਟੋਰੀਆ ਹਾਈਟਸ ਸੁਸਾਇਟੀ ਪੀਰ ਮੁਛੱਲਾ (ਜ਼ੀਰਕਪੁਰ) ਅਤੇ ਰਾਜੇਸ਼ ਗਰਗ ਉਰਫ਼ ਰਾਜੂ ਕਾਲੀਆ ਵਰੀਦਰਾਵਨ ਗਾਰਡਨ ਸੁਸਾਇਟੀ (ਜ਼ੀਰਕਪੁਰ) ਨੂੰ ਫਿਲਹਾਲ ਅਦਾਲਤ ਨੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਮੁਲਜ਼ਮਾਂ ਕੋਲੋਂ ਡਬਲ ਨਿੱਜੀ ਮੁਚੱਲਕਾ ਭਰਵਾਇਆ ਗਿਆ ਹੈ ਤਾਂ ਜੋ ਲੋੜ ਪੈਣ ’ਤੇ ਉਨ੍ਹਾਂ ਨੂੰ ਪੁੱਛਗਿੱਛ ਲਈ ਦੁਬਾਰਾ ਤਲਬ ਕੀਤਾ ਜਾ ਸਕੇ। ਜਦੋਂਕਿ ਮੁੱਖ ਮੁਲਜ਼ਮ ਰਵਿੰਦਰ ਸਿੰਘ ਡੰਡੀਵਾਲ ਵਾਸੀ ਨੌਹਰ, ਜ਼ਿਲ੍ਹਾ ਹਨੂਮਾਨਗੜ੍ਹ (ਰਾਜਸਥਾਨ) ਪੁਲੀਸ ਰਿਮਾਂਡ ’ਤੇ ਚੱਲ ਰਿਹਾ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਫਰਜ਼ੀ ਮੈਚਾਂ ਅਤੇ ਸੱਟਾ ਖੇਡਣ ਅਤੇ ਮੈਚ ਫਿਕਸਿੰਗ ਬਾਰੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਫਰਜ਼ੀ ਦਾ ਮੈਚ ਦਾ ਆਨਲਾਈਨ ਪ੍ਰਸਾਰਨ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਨੋਟਿਸ ਵਿੱਚ ਪੁੱਛਿਆ ਗਿਆ ਹੈ ਕਿ ਉਨ੍ਹਾਂ ਨੇ ਕਿਸ ਆਧਾਰ ’ਤੇ ਮੈਚ ਦਾ ਪ੍ਰਸਾਰਨ ਕੀਤਾ ਹੈ। ਕੀ ਉਨ੍ਹਾਂ ਨੇ ਇੱਥੇ ਮੈਚ ਹੋਏ ਮੈਚਾਂ ਦੀ ਸਚਾਈ ਜਾਣਨ ਦੀ ਕੋਸ਼ਿਸ਼ ਕੀਤੀ ਸੀ? ਜਾਂ ਉਨ੍ਹਾਂ ਦੀ ਵੀ ਕਥਿਤ ਮਿਲੀਭੁਗਤ ਹੈ। ਪੁਲੀਸ ਇਨ੍ਹਾਂ ਸਾਰੇ ਪਹਿਲੂਆਂ ’ਤੇ ਬਰੀਕੀ ਨਾਲ ਪੜਤਾਲ ਕਰ ਰਹੀ ਹੈ।
ਐਸਪੀ ਗਰੇਵਾਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਚਾਰ ਟੀਮਾਂ ਬਣਾ ਕੇ ਇੱਥੇ ਮੈਚ ਖੇਡੇ ਗਏ ਹਨ। ਪੁਲੀਸ ਨੇ ਖਿਡਾਰੀਆਂ ਨੂੰ ਦਿੱਤੀਆਂ ਜਰਸੀਆਂ ਵੀ ਬਰਾਮਦ ਕਰ ਲਈਆਂ ਹਨ। ਜਿਨ੍ਹਾਂ ਉੱਤੇ ਭਾਰਤੀ ਖਿਡਾਰੀਆਂ ਅਤੇ ਵਿਦੇਸ਼ੀ ਮੁਲਕਾਂ ਦੇ ਖਿਡਾਰੀਆਂ ਦੇ ਫਰਜ਼ੀ ਨਾਮ ਲਿਖੇ ਹੋਏ ਹਨ। ਇਸ ਤੋਂ ਇਲਾਵਾ ਪੁਲੀਸ ਨੇ ਸਵਾੜਾ ਦੇ ਗਰਾਊਂਡ ’ਚੋਂ ਬੈਨਰ ਵੀ ਆਪਣੇ ਕਬਜ਼ੇ ਵਿੱਚ ਲਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਦੀ ਤਕਨੀਕੀ ਫੋਰੈਂਸਿਕ ਜਾਂਚ ਟੀਮ ਨੇ ਵੀ ਮੌਕੇ ’ਤੇ ਪਹੁੰਚ ਕੇ ਵੱਖ-ਵੱਖ ਸੈਂਪਲ ਲਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਦੀ ਜ਼ਮੀਨ ਵਿੱਚ ਕ੍ਰਿਕਟ ਅਕੈਡਮੀ ਬਣਾਈ ਹੋਈ ਸੀ। ਜਿੱਥੇ ਖਿਡਾਰੀਆਂ ਨੂੰ ਅਭਿਆਸ ਕਰਵਾਇਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਚਾਰ ਖਿਡਾਰੀਆਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਖਿਡਾਰੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਐਸਪੀ ਨੇ ਦੱਸਿਆ ਕਿ ਇਹ ਮੈਚ ਖੇਡਣ ਵਾਲੇ ਨੌਜਵਾਨ ਪੁਲੀਸ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ। ਖਿਡਾਰੀਆਂ ਨੇ ਹੀ ਗੜਬੜੀ ਦੀ ਸ਼ੰਕਾ ਪ੍ਰਗਟ ਕਰਦਿਆਂ ਪੁਲੀਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਸੀ।