
ਫਰਜ਼ੀ ਟੀ-20 ਮੈਚ: ਸਵਾੜਾ ਸਟੇਡੀਅਮ\ਗਰਾਊਂਡ ਦੀ ਜ਼ਮੀਨ ਦੇ ਮਾਲਕ ਦੇ ਬਿਆਨ ਦਰਜ
ਟੂਰਨਾਮੈਂਟ ਦਾ ਆਨਲਾਈਨ ਪ੍ਰਸਾਰਨ ਦਿਖਾਉਣ ਵਾਲਿਆਂ ਨੇ ਰੱਖਿਆ ਲਿਖਤੀ ਪੱਖ
ਜ਼ਿਲ੍ਹਾ ਪੁਲੀਸ ਦੀ ਜਾਂਚ ਟੀਮ ਨੇ ਐਪਜ਼ ਦੇ ਕਾਨੂੰਨੀ ਸੈੱਲਾਂ ਦੇ ਨੁਮਾਇੰਦਿਆਂ ਤੋਂ ਕੀਤੀ ਪੁੱਛਗਿੱਛ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਲਾਂਡਰਾਂ-ਸਰਹਿੰਦ ਮੁੱਖ ਮਾਰਗ ’ਤੇ ਸਥਿਤ ਪਿੰਡ ਸਵਾੜਾ ਦੇ ਗਰਾਊਂਡ ਵਿੱਚ ਫਰਜ਼ੀ ਟੀ-20 ਕ੍ਰਿਕਟ ਟੂਰਨਾਮੈਂਟ ਦੀ ਆੜ ਵਿੱਚ ਕਰੋੜਾ ਰੁਪਏ ਦਾ ਸੱਟਾ ਲਗਾਉਣ ਦੇ ਮਾਮਲੇ ਦੇ ਭੇਤ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਅੱਜ ਫੈਨ ਕੋਡ ਐਪ ਸਮੇਤ ਹੋਰਨਾਂ ਕਈ ਐਪਜ਼ ਦੇ ਪ੍ਰਬੰਧਕਾਂ ਨੇ ਆਪੋ ਆਪਣੇ ਕਾਨੂੰਨੀ ਸੈੱਲ ਦੇ ਨੁਮਾਇੰਦਿਆਂ ਰਾਹੀਂ ਪੁਲੀਸ ਕੋਲ ਆਪਣਾ ਲਿਖਤੀ ਪੱਖ ਰੱਖਿਆ। ਮੁਹਾਲੀ ਦੀ ਐਸਪੀ (ਦਿਹਾਤੀ) ਸ੍ਰੀਮਤੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਫਰਜ਼ੀ ਮੈਚ ਦਾ ਆਨਲਾਈਨ ਪ੍ਰਸਾਰਨ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਕੀਤੀ ਗਈ ਸੀ। ਮੁਲਜ਼ਮਾਂ ਨੇ ਇੱਥੇ ਕਰਵਾਏ ਫਰਜ਼ੀ ਮੈਚ ਦਾ ਸ੍ਰੀਲੰਕਾ ਤੋਂ ਸਿੱਧਾ ਪ੍ਰਸਾਰਨ ਦਿਖਾ ਕੇ ਕਰੋੜਾ ਦਾ ਸੱਟਾ ਖੇਡਿਆ ਹੈ। ਨੋਟਿਸ ਵਿੱਚ ਪੁੱਛਿਆ ਗਿਆ ਸੀ ਕਿ ਉਨ੍ਹਾਂ (ਆਨਲਾਈਨ ਐਪਜ਼) ਨੇ ਕਿਸ ਆਧਾਰ ’ਤੇ ਮੈਚ ਦਾ ਪ੍ਰਸਾਰਨ ਦਿਖਾਇਆ ਹੈ। ਕੀ ਉਨ੍ਹਾਂ ਨੇ ਇੱਥੇ ਹੋਏ ਮੈਚਾਂ ਦੀ ਸਚਾਈ ਜਾਣਨ ਦੀ ਕੋਸ਼ਿਸ਼ ਕੀਤੀ ਸੀ?
ਇਸ ਬਾਰੇ ਆਨਲਾਈਨ ਐਪਜ਼ ਦੇ ਕਾਨੂੰਨੀ ਸੈੱਲ ਨੇ ਪੁਲੀਸ ਨੂੰ ਦੱਸਿਆ ਕਿ ਟੀ-20 ਕ੍ਰਿਕਟ ਟੂਰਨਾਮੈਂਟ ਕਰਵਾਉਣ ਵਾਲੇ ਵਿਅਕਤੀਆਂ ਨਾਲ ਉਨ੍ਹਾਂ ਦਾ ਈਮੇਲ ਰਾਹੀਂ ਤਾਲਮੇਲ ਹੋਇਆ ਸੀ। ਮੈਚ ਦੇ ਪ੍ਰਸਾਰਨ ਸਬੰਧੀ ਸਾਰੀ ਗੱਲਬਾਤ ਚਿੱਠੀ ਪੱਤਰ ਰਾਹੀਂ ਹੋਈ। ਐਪਜ਼ ਵਾਲਿਆਂ ਨੇ ਪੁਲੀਸ ਨੂੰ ਕੁਝ ਈਮੇਲ ਐਡਰੈੱਸ ਵੀ ਦਿੱਤੇ ਹਨ। ਜਿਨ੍ਹਾਂ ਰਾਹੀਂ ਲੋੜੀਂਦੀ ਜਾਣਕਾਰੀ ਇਕ ਦੂਜੇ ਨਾਲ ਸਾਂਝੀ ਕਰਦੇ ਸੀ।
ਐਸਪੀ ਗਰੇਵਾਲ ਨੇ ਦੱਸਿਆ ਕਿ ਇਸ ਸਬੰਧੀ ਕੰਪਿਊਟਰ ਫੋਰੈਂਸਿਕ ਟੀਮ ਨੂੰ ਜਾਂਚ ਸੌਂਪੀ ਗਈ ਹੈ ਤਾਂ ਜੋ ਈਮੇਲ ਐਡਰੈੱਸ ਦੀ ਸਚਾਈ ਦਾ ਪਤਾ ਲਗਾਇਆ ਜਾ ਸਕੇ। ਪੁਲੀਸ ਨੇ ਪਿੰਡ ਸਵਾੜਾ ਦੇ ਸਟੇਡੀਅਮ\ਗਰਾਊਂਡ ਵਾਲੀ ਜ਼ਮੀਨ ਦੇ ਮਾਲਕਾਂ ਤੋਂ ਵੀ ਫਰਜ਼ੀ ਟੀ-20 ਕ੍ਰਿਕਟ ਟੂਰਨਾਮੈਂਟ ਕਰਵਾਉਣ ਦੀ ਇਜਾਜ਼ਤ ਦੇਣ ਬਾਰੇ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ। ਮੁਲਜ਼ਮਾਂ ਨੇ ਆਪਣੇ ਸਾਥੀ ਗੋਲਡੀ ਨਾਲ ਮਿਲਕੇ ਪਿੰਡ ਸਵਾੜਾ ਵਿੱਚ ਸਟੋਕਰ ਕ੍ਰਿਕਟ ਅਕੈਡਮੀ ਦਾ ਗਰਾਊਡ ਬੀਤੀ 29 ਜੂਨ ਤੋਂ 5 ਜੁਲਾਈ ਤੱਕ 33 ਹਜ਼ਾਰ ਰੁਪਏ ਵਿੱਚ ਬੁੱਕ ਕਰਵਾਇਆ ਸੀ। ਪਹਿਲੇ ਦਿਨ ਪੰਕਜ, ਗੋਲਡੀ, ਰਾਜੇਸ਼ ਗਰਗ ਨੇ ਆਪਣੇ ਸਾਥੀਆ ਨਾਲ ਮਿਲਕੇ ਚਾਰ ਟੀਮਾਂ ਬਣਾ ਕੇ ਇਸ ਸੀਰੀਜ਼ ਦਾ ਨਾਮ ਯੂਵੀਏ ਟੀ-20 ਪ੍ਰੀਮੀਅਰ ਸ੍ਰੀਲੰਕਾ ਵਿੱਚ ਪ੍ਰਸਾਰਨ ਦਿਖਾ ਕੇ ਧੋਖੇ ਨਾਲ ਵੱਡੀ ਮਾਤਰਾ ਵਿੱਚ ਸੱਟਾ ਖੇਡਿਆ। ਪੁਲੀਸ ਅਨੁਸਾਰ ਮੁਲਜ਼ਮ ਦੁਰਗੇਸ਼ ਦੀ ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਦੋ ਤਿੰਨ ਲਿੰਕ ਦੱਸੇ ਹਨ। ਜਿਨ੍ਹਾਂ ਤੋਂ ਹਾਈਟੈੱਕ ਕੈਮਰੇ ਬਰਾਮਦ ਕੀਤੇ ਜਾਣਗੇ।
ਇਹ ਵੀ ਪਤਾ ਲੱਗਾ ਹੈ ਕਿ ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਦੀ ਜ਼ਮੀਨ ਵਿੱਚ ਕ੍ਰਿਕਟ ਅਕੈਡਮੀ ਵਿੱਚ ਖਿਡਾਰੀਆਂ ਨੂੰ ਕ੍ਰਿਕਟ ਮੈਚਾਂ ਸਬੰਧੀ ਅਭਿਆਸ ਕਰਵਾਇਆ ਜਾਂਦਾ ਸੀ। ਕ੍ਰਿਕਟ ਅਕੈਡਮੀ ਦੇ ਸੰਚਾਲਕ ਰਵੀ ਕੁਮਾਰ ਨੇ ਧਾਰਾ 164 ਤਹਿਤ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾਏ ਗਏ ਹਨ। ਉਨ੍ਹਾਂ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਅਕੈਡਮੀ ਦੇ ਚਾਰ ਖਿਡਾਰੀਆਂ ਨੇ ਫਰਜ਼ੀ ਟੀ-20 ਕ੍ਰਿਕਟ ਮੈਚ ਵਿੱਚ ਹਿੱਸਾ ਲਿਆ ਸੀ। ਪੁਲੀਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਫਰਜ਼ੀ ਮੈਚ ਖੇਡਣ ਵਾਲੇ ਖਿਡਾਰੀਆਂ ਸਬੰਧੀ ਰਿਕਾਰਡ ਹਾਸਲ ਕੀਤਾ ਹੈ।