ਜ਼ਮੀਨ ਵਿਵਾਦ: ਤੱਥਾਂ ਦੀ ਜਾਂਚ ਤੋਂ ਬਿਨਾਂ ਸਿਆਸੀ ਸ਼ਹਿ ’ਤੇ ਝੂਠਾ ਕੇਸ ਦਰਜ ਕੀਤਾ: ਹਰਵਿੰਦਰ ਸਿੰਘ

ਜ਼ਮੀਨ ਦਾ ਇੰਤਕਾਲ ਚੜ੍ਹਨ ਤੋਂ ਬਾਅਦ ਮੇਜਰ ਸਿੰਘ ਦਾ ਪਰਿਵਾਰ ਬੁਖਲਾਇਆ, ਘਟਨਾ ਦੇ 10 ਦਿਨ ਬਾਅਦ ਦਿੱਤੀ ਸ਼ਿਕਾਇਤ

ਸੀਸੀਟੀਵੀ ਕੈਮਰੇ ਵਿੱਚ ਦਿਖਾਈ ਦੇਣ ਵਾਲੇ ਬੰਦਿਆਂ ਨਾਲ ਮੇਚ ਨਹੀਂ ਖਾਂਦੇ ਉਨ੍ਹਾਂ ਦੇ ਚਿਹਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਇੱਥੋਂ ਦੇ ਨਜ਼ਦੀਕੀ ਪਿੰਡ ਭਾਗੋਮਾਜਰਾ ਵਿੱਚ ਸਾਲ 1995 ਦੌਰਾਨ 10 ਕਨਾਲ 12 ਮਰਲੇ ਜ਼ਮੀਨ ’ਚੋਂ 1 ਕਨਾਲ 6 ਮਰਲੇ ਜ਼ਮੀਨ ਦੀ ਰਜਿਸਟਰੀ ਕਰਵਾ ਚੁੱਕੇ ਹਰਵਿੰਦਰ ਸਿੰਘ ਪਿੰਡ ਸੰਤੇ ਮਾਜਰਾ ਨੇ ਅੱਜ ਇੱਥੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਉਸ ਨੇ ਜ਼ਮੀਨ ਦੇ ਅਸਲ ਹੱਕਦਾਰ ਤੇ ਮਾਲਕ ਜਸਬੀਰ ਸਿੰਘ ਵਾਸੀ ਪਿੰਡ ਸਹੌੜਾ ਤੋਂ ਖਰੀਦੀ ਸੀ। ਜਿਸ ਦੀ ਬੀਤੀ 23 ਜਨਵਰੀ ਨੂੰ ਰਜਿਸਟਰੀ ਹੋਈ ਸੀ ਪ੍ਰੰਤੂ ਪਿੰਡ ਭਾਗੋਮਾਜਰਾ ਦੇ ਮੇਜਰ ਸਿੰਘ ਅਤੇ ਉਸਦੇ ਭਰਾਵਾਂ ਨੇ ਸਿਆਸੀ ਸ਼ਹਿ ’ਤੇ ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਦਰਜ ਕਰਵਾ ਕੇ ਉਨ੍ਹਾਂ ਨੂੰ ਤੰਗ ਪੇ੍ਰਸ਼ਾਨ ਅਤੇ ਬਦਨਾਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਿਸ ਦਿਨ ਮੇਜਰ ਸਿੰਘ ਅਤੇ ਉਸ ਦੇ ਭਰਾਵਾਂ ਵੱਲੋਂ ਉਕਤ ਜ਼ਮੀਨ ਨੂੰ ਹਥਿਆਉਣ ਲਈ ਝਗੜਾ ਕਰਨ ਦੀ ਗੱਲ ਬਿਲਕੁਲ ਬੇਬੁਨਿਆਦ ਹੈ ਕਿਉਂਕਿ ਸੀਸੀਟੀਵੀ ਕੈਮਰੇ ਵਿੱਚ ਦਿਖਾਈ ਦੇ ਕੇ ਵਿਅਕਤੀਆਂ ਨਾਲ ਉਨ੍ਹਾਂ ਦੇ ਚਿਹਰੇ ਮੇਲ ਹੀ ਨਹੀਂ ਖਾਂਦੇ ਹਨ।
ਉਨ੍ਹਾਂ ਦੱਸਿਆ ਕਿ ਵੈਸੇ ਵੀ ਜ਼ਮੀਨ ਨੂੰ ਲੈ ਕੇ ਧਮਕਾਉਣ ਸਬੰਧੀ ਘਟਨਾ ਦੇ 10 ਦਿਨ ਬਾਅਦ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਚਾਈ ਇਹ ਹੈ ਕਿ ਜਦੋਂ ਮੇਜਰ ਸਿੰਘ ਅਤੇ ਉਸ ਦੇ ਭਰਾਵਾਂ ਨੂੰ ਪਤਾ ਲੱਗਾ ਕਿ ਰਜਿਸਟਰੀ ਹਰਵਿੰਦਰ ਸਿੰਘ ਦੇ ਨਾਮ ਹੋ ਚੁੱਕੀ ਹੈ ਅਤੇ ਇੰਤਕਾਲ ਵੀ ਚੜ੍ਹ ਗਿਆ ਹੈ ਤਾਂ ਸੀਸੀਟੀਵੀ ਵਿੱਚ ਕੈਦ ਵੀਡੀਓ ਨੂੰ ਕਿਸੇ ਹੋਰ ਢੰਗ ਨਾਲ ਪੁਲੀਸ ਅੱਗੇ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਖ਼ਿਲਾਫ਼ ਲੜਾਈ ਝਗੜਾ ਕਰਨ ਅਤੇ ਅਸਲਾ ਐਕਟ ਦੇ ਤਹਿਤ ਝੂਠਾ ਕੇਸ ਦਰਜ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਪੁਲੀਸ ਨੇ ਬਿਨਾਂ ਤੱਥਾਂ ਦੀ ਜਾਂਚ ਕੀਤੇ ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ। ਹਮਲੇ ਦੇ ਸਮੇਂ ਉਹ ਸਵੇਰੇ 4.52 ਵਜੇ ਸਾਰੇ ਆਪਣੇ ਘਰ ਵਿੱਚ ਸੁੱਤੇ ਪਏ ਸੀ। ਜਿਸ ਦੀ ਸੀਸੀਟੀਵੀ ਫੁਟੇਜ ਉਨ੍ਹਾਂ ਕੋਲ ਸਬੂਤ ਦੇ ਤੌਰ ’ਤੇ ਮੌਜੂਦ ਹੈ।
ਇਸ ਮੌਕੇ ਹਰਜਿੰਦਰ ਲਾਲੀ ਅਤੇ ਰਸਨ ਸਿੰਘ ਰਸਨਾ ਨੇ ਦੋਸ਼ ਲਾਇਆ ਕਿ ਮੇਜਰ ਸਿੰਘ ਅਤੇ ਉਸਦੇ ਭਰਾਵਾਂ ਨੇ ਉਕਤ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੂੰ ਹਰਵਿੰਦਰ ਸਿੰਘ ਦਾ ਸਾਥ ਦੇਣ ਲਈ ਝੂਠੇ ਮਾਮਲੇ ਵਿੱਚ ਫਸਾਇਆ ਗਿਆ ਹੈ ਤਾਂ ਜੋ ਦਬਾਅ ਬਣਾ ਕੇ ਉਕਤ ਜ਼ਮੀਨ ਨੂੰ ਹਥਿਆ ਸਕਣ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਖਰੜ ਦੇ ਜਿਸ ਬਿਲਡਰ ਦਾ ਨਾਮ ਲਿਆ ਜਾ ਰਿਹਾ ਹੈ, ਉਹ ਉਸ ਨੂੰ ਜਾਣਦੇ ਤੱਕ ਨਹੀਂ ਹਨ।
ਉਧਰ, ਦੂਜੇ ਪਾਸੇ ਮੇਜਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਹਰਵਿੰਦਰ ਸਿੰਘ ਵਗੈਰਾ ਕਾਨੂੰਨੀ ਕਾਰਵਾਈ ਤੋਂ ਬਚਨ ਲਈ ਗਲਤ ਬਿਆਨਬਾਜ਼ੀ ਕਰ ਰਹੇ ਹਨ। ਸਾਲ 1995 ਵਿੱਚ ਉਨ੍ਹਾਂ ਨੇ ਨਰਿੰਦਰ ਕੌਰ ਤੋਂ ਜ਼ਮੀਨ ਖਰੀਦੀ ਸੀ। ਜਿਸ ’ਤੇ ਕੋਈ ਵਿਵਾਦ ਵੀ ਨਹੀਂ ਹੈ। ਲੇਕਿਨ ਹੁਣ ਕੁੱਝ ਲੋਕ ਖਰੜ ਦੇ ਬਿਲਡਰ ਨਾਲ ਮਿਲ ਕੇ ਉਨ੍ਹਾਂ ਦੀ ਜ਼ਮੀਨ ’ਤੇ ਆਪਣੀ ਮਾਲਕੀ ਦਾ ਦਾਅਵਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਜ਼ਮੀਨ ਦਾ ਕਬਜ਼ਾ ਛੱਡਣ ਲਈ ਡਰਾਇਆ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੀ 12 ਫਰਵਰੀ ਨੂੰ ਕੁਝ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਕੇ ਧਮਕੀਆਂ ਦਿੱਤੀਆਂ ਸਨ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਫੁਟੇਜ ’ਤੇ ਆਧਾਰ ’ਤੇ ਹਰਵਿੰਦਰ ਸਿੰਘ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਧਾਰਾ 452, 506, 148, 149 ਆਈਪੀਸੀ ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …