nabaz-e-punjab.com

ਝੂਠਾ ਪੁਲੀਸ ਮੁਕਾਬਲਾ: ਮੁਹਾਲੀ ਦੀ ਸੀਬੀਆਈ ਅਦਾਲਤ ਵੱਲੋਂ 21 ਪੁਲੀਸ ਮੁਲਾਜ਼ਮਾਂ ਦੇ ਖ਼ਿਲਾਫ਼ ਦੋਸ਼ ਤੈਅ

ਦੋਸ਼ੀਆਂ ਖ਼ਿਲਾਫ਼ 1 ਮਈ ਨੂੰ ਸੁਣਾਇਆ ਜਾਵੇਗਾ ਫੈਸਲਾ, ਸੇਵਾਮੁਕਤ ਐਸਪੀ ਗੁਰਸ਼ਰਨ ਸਿੰਘ ਕੇਸ ’ਚੋਂ ਡਿਸਚਾਰਜ

1993 ਵਿੱਚ ਤਰਨ ਤਾਰਨ ਨੇ ਖਾਲਸਾ ਸਕੂਲ ਦੇ ਬਾਰ੍ਹਵੀ ਸ਼੍ਰੇਣੀ ਦੇ ਵਿਦਿਆਰਥੀ ਨੂੰ ਘਰੋਂ ਚੁੱਕ ਕੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਿਆ ਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਪਰੈਲ:
ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ 26 ਸਾਲ ਪੁਰਾਣੇ ਝੂਠੇ ਪੁਲੀਸ ਮੁਕਾਬਲੇ ਦੇ ਮਾਮਲੇ ਵਿੱਚ ਨਾਮਜ਼ਦ 21 ਪੁਲੀਸ ਮੁਲਾਜ਼ਮਾਂ ਦੇ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਹਨ ਜਦੋਂਕਿ ਇੱਕ ਸੇਵਾਮੁਕਤ ਐਸਪੀ ਗੁਰਸ਼ਰਨ ਸਿੰਘ ਨੂੰ ਕੇਸ ’ਚੋਂ ਡਿਸਚਾਰਜ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਤਰਨ ਤਾਰਨ ਇਲਾਕੇ ਵਿੱਚ ਜਦੋਂ 1993 ਵਿੱਚ ਝੂਠਾ ਪੁਲੀਸ ਮੁਕਾਬਲਾ ਹੋਇਆ ਉਦੋਂ ਗੁਰਸ਼ਰਨ ਸਿੰਘ ਤਰਨ ਤਾਰਨ ਥਾਣੇ ਦੇ ਐਸਐਚਓ ਦੇ ਅਹੁਦੇ ’ਤੇ ਤਾਇਨਾਤ ਸਨ। ਜਿਨ੍ਹਾਂ ਪੁਲੀਸ ਮੁਲਾਜ਼ਮਾਂ ਦੇ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਹਨ। ਉਨ੍ਹਾਂ ਵਿੱਚ ਉਸ ਸਮੇਂ ਦੇ ਸੀਆਈਏ ਇੰਸਪੈਕਟਰ ਸੰਤ ਕੁਮਾਰ, ਤਤਕਾਲੀ ਇੰਸਪੈਕਟਰ ਬਖ਼ਸ਼ੀਸ਼ ਸਿੰਘ, ਸਬ ਇੰਸਪੈਕਟਰ ਸਮਸ਼ੇਰ ਸਿੰਘ, ਏਐਸਆਈ ਦਵਿੰਦਰ ਸਿੰਘ, ਸ੍ਰੀ ਗੋਪਾਲ, ਗੁਰਨਾਮ ਸਿੰਘ, ਹੌਲਦਾਰ ਇਕਬਾਲ ਸਿੰਘ, ਸਿਪਾਹੀ ਗੁਰਜੰਟ ਸਿੰਘ, ਗੁਰਸੇਵਕ ਸਿੰਘ, ਗੁਲਜ਼ਾਰਾ ਸਿੰਘ, ਅਮਰਜੀਤ ਸਿੰਘ, ਸੁਰਿੰਦਰ ਸਿੰਘ, ਬ੍ਰਹਮ ਦਾਸ, ਸੁਰਜੀਤ ਸਿੰਘ, ਰਾਮ ਸਿੰਘ, ਸੁਖਦੇਵ ਸਿੰਘ, ਐਸਪੀਓ ਜਸਪਾਲ ਸਿੰਘ, ਨਰਿੰਦਰਪਾਲ ਸਿੰਘ, ਗੁਰਬਚਨ ਸਿੰਘ ਅਤੇ ਦੇ ਨਾਂਅ ਸ਼ਾਮਲ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਤਰਨ ਤਾਰਨ ਪੁਲੀਸ ਵੱਲੋਂ ਗੁਰਪ੍ਰਤਾਪ ਸਿੰਘ (17 ਸਾਲ) ਪੁੱਤਰ ਕੰਵਰਜੀਤ ਸਿੰਘ ਵਾਸੀ ਪਿੰਡ ਵਾਲੀਪੁਰ (ਤਰਨ ਤਾਰਨ) ਨੂੰ ਘਰੋਂ ਚੁੱਕ ਕੇ ਹਿਰਾਸਤ ਵਿੱਚ ਲਿਆ ਗਿਆ ਸੀ। ਗੁਰਪ੍ਰਤਾਪ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਸੀ ਅਤੇ ਉਸ ਨੂੰ ਝੂਠੇ ਕੇਸ ਵਿੱਚ ਫਸਾ ਕੇ ਕਈ ਦਿਨ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ। ਜਿਸ ਨੂੰ ਪੁਲੀਸ ਨੇ ਝੂਠੇ ਪੁਲੀਸ ਮੁਕਾਬਲੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਮਾਮਲੇ ਦੀ ਸੁਣਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚਲ ਰਹੀ ਸੀ ਪ੍ਰੰਤੂ ਕਰੀਬ ਦੋ ਕੁ ਸਾਲ ਪਹਿਲਾਂ ਹਾਈ ਕੋਰਟ ਨੇ ਇਸ ਕੇਸ ਨੂੰ ਮੁਹਾਲੀ ਸਥਿਤ ਸੀਬੀਆਈ ਅਦਾਲਤ ਦੇ ਸਪੁਰਦ ਕਰ ਦਿੱਤਾ ਗਿਆ ਸੀ।
(ਬਾਕਸ ਆਈਟਮ)
ਹਾਈ ਕੋਰਟ ਨੇ ਸੀਬੀਆਈ ਅਦਾਲਤ ਵਿੱਚ ਤਬਦੀਲ ਕਰਦਿਆਂ ਆਦੇਸ਼ ਦਿੱਤੇ ਸਨ ਕਿ ਤਰਨ ਤਾਰਨ ਪੁਲੀਸ ਵੱਲੋਂ ਵਿਦਿਆਰਥੀ ਗੁਰਪ੍ਰਤਾਪ ਸਿੰਘ ’ਤੇ ਲਗਾਏ ਦੋਸ਼ਾਂ ਬਾਰੇ ਵੱਖ ਵੱਖ ਪਹਿਲੂਆਂ ’ਤੇ ਬਰੀਕੀ ਨਾਲ ਪੜਤਾਲ ਕੀਤੀ ਜਾਵੇ। ਇਸ ਸਬੰਧੀ ਗੁਰਪ੍ਰਤਾਪ ਦੇ ਮਾਪਿਆਂ ਨੇ ਇਨਸਾਫ਼ ਲਈ ਦਾਇਰ ਕੀਤੀ ਆਪਣੀ ਪਟੀਸ਼ਨ ਵਿੱਚ ਦੋਸ਼ ਲਾਇਆ ਸੀ ਕਿ ਪੁਲੀਸ ਨੇ ਉਨ੍ਹਾਂ ਦੇ ਨੌਜਵਾਨ ਪੁੱਤ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਪੁਲੀਸ ਵੱਲੋਂ ਵਿਦਿਆਰਥੀ ਦੇ ਖ਼ਿਲਾਫ਼ ਅਕਤੂਬਰ 1993 ਦੇ ਖ਼ਿਲਾਫ਼ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਤਹਿਤ ਕੇਸ ਦਰਜ ਕਰ ਕੇ ਹਿਰਾਸਤ ਵਿੱਚ ਲਿਆ ਗਿਆ ਸੀ। ਉਕਤ ਵਿਦਿਆਰਥੀ ਨੂੰ ਏਐਸਆਈ ਦਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਹਰੀ ਰਾਮ ਸੈਲਰ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਵੱਲੋਂ ਗ੍ਰਿਫ਼ਤਾਰੀ ਵੇਲੇ ਗੁਰਪ੍ਰਤਾਪ ਕੋਲੋਂ .32 ਬੋਰ ਦਾ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬਾਅਦ ਵਿੱਚ ਪੁਲੀਸ ਨੇ ਉਕਤ ਹਥਿਆਰ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਗਈ। ਗ੍ਰਿਫ਼ਤਾਰੀ ਵਾਲੇ ਦਿਨ ਤੋਂ ਹੀ ਗੁਰਪ੍ਰਤਾਪ ਦੇ ਮਾਪੇ ਅਤੇ ਨਜ਼ਦੀਕੀ ਰਿਸ਼ਤੇਦਾਰ ਉਸ ਨੂੰ ਮਿਲਣ ਲਈ ਥਾਣਾ ਮੁਖੀ ਅਤੇ ਹੋਰ ਉੱਚ ਅਧਿਕਾਰੀਆਂ ਦੇ ਤਰਲੇ ਕੱਢਦੇ ਰਹੇ ਲੇਕਿਨ ਬਾਅਦ ਵਿੱਚ ਪੁਲੀਸ ਵੱਲੋਂ ਚੁੱਕੇ ਉਕਤ ਨੌਜਵਾਨ ਬਾਰੇ ਘਰਦਿਆਂ ਨੂੰ ਕੋਈ ਵੀ ਉੱਘ ਸੁੱਗ ਨਹੀਂ ਮਿਲੀ। ਪਤਾ ਲੱਗਾ ਕਿ ਪੁਲੀਸ ਨੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਤੋਂ ਬਾਅਦ ਸਿਟੀ ਪੁਲੀਸ ਤਰਨ ਤਾਰਨ ਦੀ ਰੋਜ਼ਾਨਾ ਡਾਇਰੀ ਨੂੰ 12 ਜਨਵਰੀ 1996 ਨੂੰ ਤਰਨ ਤਾਰਨ ਦੇ ਉਸ ਸਮੇਂ ਦੇ ਇਕ ਐਸਪੀ ਦੇ ਹੁਕਮਾਂ ’ਤੇ ਨਸ਼ਟ ਕਰ ਦਿੱਤਾ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਪੁਲੀਸ ਨੇ ਗੁਰਪ੍ਰਤਾਪ ਦਾ ਅਣਪਛਾਤੀ ਲਾਸ਼ ਕਹਿ ਕੇ ਅੰਤਿਮ ਸਸਕਾਰ ਵੀ ਖ਼ੁਦ ਹੀ ਕਰ ਦਿੱਤਾ ਗਿਆ ਸੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …