ਪੁਲੀਸ ਵਧੀਕੀਆਂ ਦਾ ਸ਼ਿਕਾਰ ਪੀੜਤ ਪਰਿਵਾਰ 27 ਮਈ ਨੂੰ ਕਰਨਗੇ ਐਸਐਸਪੀ ਦਫ਼ਤਰ ਦਾ ਘਿਰਾਓ

ਡੀਐਸਪੀ ਦਫ਼ਤਰ ਦੇ ਬਾਹਰ ਧਰਨਾ ਦੇਣ ਅਤੇ ਐਸਐਸਪੀ ਨੂੰ ਸ਼ਿਕਾਇਤਾਂ ਦੇਣ ਦੇ ਬਾਵਜੂਦ ਨਹੀਂ ਮਿਲਿਆ ਇਨਸਾਫ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਪੁਲੀਸ ਥਾਣਿਆਂ ਦੇ ਸਟਾਫ਼ ਸਮੇਤ ਹੋਰਨਾਂ ਵਿਅਕਤੀਆਂ ਦੀਆਂ ਵਧੀਕੀਆਂ ਦਾ ਸ਼ਿਕਾਰ ਪੀੜਤ ਪਰਿਵਾਰਾਂ ਵੱਲੋਂ 27ਅ ਮਈ ਨੂੰ ਐਸਐਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਸ਼ਾਮ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਗ੍ਰਹਿ ਵਿਖੇ ਪੀੜਤ ਪਰਿਵਾਰਾਂ ਦੀ ਮੀਟਿੰਗ ਹੋਈ ਅਤੇ ਪੁਲੀਸ ਵਿਰੁੱਧ ਕੀਤੇ ਜਾਣ ਵਾਲੇ ਧਰਨਾ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ ਦਾ ਫੈਸਲਾ ਲਿਆ ਗਿਆ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪੀੜਤ ਪਰਿਵਾਰ ਸਬੰਧਤ ਥਾਣਿਆਂ ਅਤੇ ਡੀਐਸਪੀ ਦਫ਼ਤਰ ਦੇ ਬਾਹਰ ਧਰਨਾ ਅਤੇ ਪੁਤਲੇ ਸਾੜ ਚੁੱਕੇ ਹਨ ਅਤੇ ਐਸਐਸਪੀ ਨੂੰ ਵੀ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਪ੍ਰੰਤੂ ਹੁਣ ਤੱਕ ਕਿਸੇ ਪੀੜਤ ਨੂੰ ਇਨਸਾਫ਼ ਨਹੀਂ ਮਿਲਿਆ। ਪੀੜਤ ਪਰਿਵਾਰ ਪਿਛਲੇ ਕਾਫ਼ੀ ਸਮੇਂ ਤੋਂ ਥਾਣਿਆਂ ਦੇ ਚੱਕਰ ਕੱਟ ਰਹੇ ਹਨ। ਲੇਕਿਨ ਪੀੜਤਾਂ ਨੇ ਇਨਸਾਫ਼ ਪ੍ਰਾਪਤੀ ਲਈ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾ ਲਿਆ ਹੈ। ਮੀਟਿੰਗ ਵਿੱਚ ਪਿਛਲੇ ਦਿਨੀਂ ਡੇਰਾਬੱਸੀ ਦੇ ਪਿੰਡ ਸੁੰਡੜਾ ਵਿੱਚ ਮਾਸੂਮ ਬੱਚੀ ਦੀ ਅੱਗ ਦੀ ਲਪੇਟ ਵਿੱਚ ਆਉਣ ਨਾਲ ਹੋਈ ਮੌਤ ’ਤੇ ਦੁਖ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਫੈਸਲਾ ਲਿਆ ਗਿਆ।
ਮੀਟਿੰਗ ਵਿੱਚ ਅਵਤਾਰ ਸਿੰਘ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਤਰਸੇਮ ਖਾਨ (ਸਰਵ ਮੁਸਲਮਾਨ ਵੈਲਫੇਅਰ ਕਮੇਟੀ ਮਟੌਰ), ਸੁਰਿੰਦਰ ਸਿੰਘ ਕੰਡਾਲਾ, ਬੀਬੀ ਗੁਰਨਾਮ ਕੌਰ ਸਾਬਕਾ ਬਲਾਕ ਸਮਿਤੀ ਮੈਂਬਰ, ਜ਼ਿਲ੍ਹਾ ਕਾਂਗਰਸ ਐਸਸੀ ਵਿੰਗ ਦੇ ਚੇਅਰਮੈਨ ਅਜੈਬ ਸਿੰਘ ਬਾਕਰਪੁਰ, ਬਲਜਿੰਦਰ ਸਿੰਘ, ਮਨਦੀਪ ਸਿੰਘ, ਹਰਜਿੰਦਰ ਸਿੰਘ, ਨਾਗਰ ਸਿੰਘ, ਗੁਰਮੇਲ ਸਿੰਘ, ਕ੍ਰਿਸ਼ਨ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਬਲਵਿੰਦਰ ਕੁੰਭੜਾ ਨੇ ਦੱਸਿਆ ਕਿ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ, ਜਨਰਲ ਸਕੱਤਰ ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਸੁਖਦੇਵ ਸਿੰਘ ਚੱਪੜਚਿੜੀ ਪਹਿਲਾਂ ਹੀ ਅੱਗ ਵਿੱਚ ਝੁਲਸੀ ਬੱਚੀ ਦੇ ਵਾਰਸਾਂ ਨੂੰ ਇਨਸਾਫ਼ ਦਿਵਾਉਣ ਲਈ 27 ਮਈ ਨੂੰ ਐਸਐਸਪੀ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕਰ ਚੁੱਕੇ ਹਨ। ਫਰੰਟ ਵੱਲੋਂ ਬਸਪਾ ਨੂੰ ਵੀ ਐਸਐਸਪੀ ਦਫ਼ਤਰ ਦਾ ਘਿਰਾਓ ਕਰਨ ਸਮੇਂ ਸਮਰਥਨ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …