ਸ਼ਹੀਦ ਪੁਲੀਸ ਜਵਾਨਾਂ ਦੇ ਪਰਿਵਾਰਾਂ ਨੂੰ ਘਰ-ਘਰ ਜਾ ਕੇ ਕੀਤਾ ਜਾਵੇਗਾ ਸਨਮਾਨਿਤ

ਮੁਹਾਲੀ ਵਿੱਚ ਜ਼ਿਲ੍ਹਾ ਪੁਲੀਸ ਨੇ ਮਨਾਇਆ ਪੁਲੀਸ ਯਾਦਗਾਰੀ ਦਿਵਸ

ਡੀਸੀ, ਐਸਐਸਪੀ ਤੇ ਜੁਡੀਸ਼ਲ ਮੈਜਿਸਟਰੇਟ ਵੱਲੋਂ ਪੁਲੀਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਕਤੂਬਰ:
ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਪੁਲੀਸ ਦੇ ਬਹਾਦਰ ਜਵਾਨਾਂ ਦੇ ਬਲੀਦਾਨ ਨੂੰ ਸਦੀਵੀ ਯਾਦ ਰੱਖਣ ਲਈ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿਖੇ ਪੁਲੀਸ ਸ਼ਹੀਦ ਯਾਦਗਾਰੀ ਦਿਵਸ ਮਨਾਇਆ ਗਿਆ। ਇਸ ਮੌਕੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਐਸਐਸਪੀ ਨਵਜੋਤ ਸਿੰਘ ਮਾਹਲ, ਜੁਡੀਸ਼ਲ ਮੈਜਿਸਟਰੇਟ ਮੁਕੇਸ਼ ਸਿੰਗਲਾ ਤੇ ਹੋਰਨਾਂ ਅਧਿਕਾਰੀਆਂ ਨੇ ਪੁਲੀਸ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਡੀਸੀ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪੁਲੀਸ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਜ਼ਿੰਮੇਵਾਰ ਹੈ ਪਰ ਪੁਲੀਸ ਦੇ ਜਵਾਨ ਦੇਸ਼ ਦੀ ਰਾਖੀ ਲਈ ਵੀ ਆਪਣੀਆਂ ਜਾਨਾਂ ਕੁਰਬਾਨ ਤੋਂ ਕਦੇ ਪਿੱਛੇ ਨਹੀਂ ਹਟੇ। ਪਿਛਲੇ ਇਕ ਸਾਲ ਦੌਰਾਨ ਦੇਸ਼ ਭਰ ਵਿੱਚ 377 ਜਵਾਨਾਂ ਨੇ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਤਾ ਹੈ, ਜਿਸ ਵਿੱਚ ਦੋ ਜਵਾਨ ਪੰਜਾਬ ਦੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਹਮੇਸ਼ਾ ਆਪਣੇ ਇਨ੍ਹਾਂ ਮਹਾਨ ਨਾਇਕਾਂ ਦਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਪੁਲੀਸ ਦੇ ਸ਼ਹੀਦ ਜਵਾਨਾਂ ਦੇ ਬਲੀਦਾਨ ਨੂੰ ਕਦੇ ਵੀ ਨਹੀਂ ਭੁਲਾਇਆ ਜਾਵੇਗਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦਾਂ ਦੇ ਪਰਿਵਾਰਾਂ ਨਾਲ ਚਟਾਨ ਵਾਂਗ ਖੜ੍ਹਾ ਰਹੇਗਾ।
ਇਸ ਮੌਕੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਪੁਲੀਸ ਆਪਣੀ ਡਿਊਟੀ ਪੂਰੀ ਸਮਰਪਣ ਤੇ ਦ੍ਰਿੜ੍ਹਤਾ ਨਾਲ ਨਿਭਾਉਂਦੀ ਰਹੇਗੀ। ਕੋਵਿਡ ਮਹਾਮਾਰੀ ਦੌਰਾਨ ਪੁਲੀਸ ਜਵਾਨਾਂ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਰਫ਼ਿਊ ਦੌਰਾਨ ਜਦੋਂ ਸਾਰੇ ਲੋਕ ਘਰਾਂ ਵਿੱਚ ਬੰਦ ਸਨ ਤਾਂ ਪੁਲੀਸ ਜਵਾਨਾਂ ਨੇ ਆਪਣੀ ਸਿਹਤ ਅਤੇ ਪਰਿਵਾਰਾਂ ਦੀ ਪ੍ਰਵਾਹ ਕੀਤੇ ਬਿਨਾਂ ਫਰੰਟ ਲਾਈਨ ’ਤੇ ਸਿੱਧੀ ਲੜਾਈ ਲੜੀ ਗਈ।

ਉਨ੍ਹਾਂ ਦੱਸਿਆ ਕਿ ਕੋਵਿਡ ਮਹਾਮਾਰੀ ਕਾਰਨ ਦੇਸ਼ ਭਰ ਵਿੱਚ 86 ਪੁਲੀਸ ਮੁਲਾਜ਼ਮਾਂ ਨੇ ਆਪਣੀ ਜਾਨ ਗਵਾਈ। ਉਨ੍ਹਾਂ ਦੱਸਿਆ ਕਿ ਕੋਵਿਡ ਪ੍ਰੋਟੋਕਾਲ ਦੌਰਾਨ ਇਸ ਸਾਲ ਦਾ ਸਮਾਰੋਹ ਸੰਖੇਪ ਰੱਖਿਆ ਗਿਆ ਅਤੇ ਮੁਹਾਲੀ ਜ਼ਿਲ੍ਹੇ ਨਾਲ ਸਬੰਧਤ 35 ਪੁਲੀਸ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਮਾਗਮ ਲਈ ਸੱਦਾ ਪੱਤਰ ਨਹੀਂ ਭੇਜਿਆ ਗਿਆ, ਬਲਕਿ ਇਨ੍ਹਾਂ ਪਰਿਵਾਰਾਂ ਨੂੰ ਉਨ੍ਹਾਂ ਦੇ ਘਰ-ਘਰ ਜਾ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਐਸਪੀ (ਐੱਚ) ਆਕਾਸ਼ਦੀਪ ਸਿੰਘ ਅੌਲਖ ਨੇ ਪੁਲੀਸ ਦੇ ਸ਼ਹੀਦ ਜਵਾਨਾਂ ਦੇ ਨਾਵਾਂ ਦੀ ਸੂਚੀ ਪੜ੍ਹੀ।

ਇਸ ਮੌਕੇ ਐਸਪੀ (ਇੰਡਸਟਰੀ ਸਕਿਉਰਿਟੀ) ਹਰਬੀਰ ਸਿੰਘ ਅਟਵਾਲ, ਐਸਪੀ (ਅਪਰੇਸ਼ਨ) ਮੁਖ਼ਤਿਆਰ ਰਾਏ, ਡੀਐਸਪੀ (ਜ਼ੀਰਕਪੁਰ) ਅਮਰੋਜ਼ ਸਿੰਘ, ਡੀਐਸਪੀ (ਸਿਟੀ-2) ਸੁਖਜੀਤ ਸਿੰਘ, ਡੀਐਸਪੀ ਬਿਕਰਮਜੀਤ ਸਿੰਘ ਬਰਾੜ, ਡੀਐਸਪੀ (ਐੱਚ) ਮਨਵੀਰ ਸਿੰਘ, ਡੀਐਸਪੀ (ਸਪੈਸ਼ਲ ਕਰਾਈਮ) ਮਹੇਸ਼ ਇੰਦਰ ਸਿੰਘ, ਡੀਐਸਪੀ (ਆਰਥਿਕ ਅਪਰਾਧ ਤੇ ਸਾਈਬਰ ਕਰਾਈਮ) ਗੁਰਪ੍ਰੀਤ ਸਿੰਘ, ਡੀਐਸਪੀ (ਐਨਡੀਪੀਐਸ-ਕਮ-ਨਾਰਕੋਟਿਕਸ) ਰੁਪਿੰਦਰਜੀਤ ਸਿੰਘ, ਡੀਐਸਪੀ (ਕਮਿਊਨਿਟੀ ਪੁਲਿਸਿੰਗ) ਮਨਜੀਤ ਸਿੰਘ, ਡੀਐਸਪੀ ਡੇਰਾਬੱਸੀ ਗੁਰਬਖਸ਼ੀਸ਼ ਸਿੰਘ, ਡੀਐਸਪੀ (ਤਕਨੀਕੀ ਸਹਾਇਤਾ ਤੇ ਫੋਰੈਂਸਿਕ) ਅਮਰਪ੍ਰੀਤ ਸਿੰਘ ਅਤੇ ਡੀਐਸਪੀ (ਐਮਰਜੈਂਸੀ ਰਿਸਪਾਂਸ ਸਿਸਟਮ ਤੇ ਸੀਸੀਟੀਐਨਐਸ) ਗਣੇਸ਼ ਕੁਮਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …