Nabaz-e-punjab.com

ਹਸਪਤਾਲ ਤੇ ਸਕੂਲ ਨੇੜੇ ਸ਼ਰਾਬ ਦਾ ਠੇਕਾ ਖੋਲ੍ਹਣ ਵਿਰੁੱਧ ਕੁੰਭੜਾ ਵਾਸੀਆਂ ਵਿਸ਼ਾਲ ਰੋਸ ਮੁਜ਼ਾਹਰਾ

ਪ੍ਰਦਰਸ਼ਨਕਾਰੀ ਲੋਕਾਂ ਅਤੇ ਬੀਬੀਆਂ ਨੇ ਜ਼ਬਰਦਸਤੀ ਸ਼ਰਟ ਥੱਲੇ ਸੁੱਟ ਕੇ ਠੇਕਾ ਬੰਦ ਕਰਕੇ ਕੀਤੀ ਨਾਅਰੇਬਾਜ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਇੱਥੋਂ ਦੇ ਸੈਕਟਰ-69 ਸਥਿਤ ਰਿਹਾਇਸ਼ੀ ਖੇਤਰ ਵਿੱਚ ਘਰਾਂ ਨੇੜੇ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਵਿਰੋਧ ਕਰਦਿਆਂ ਲੋਕ ਸੜਕਾਂ ’ਤੇ ਉਤਰ ਆਏ ਹਨ। ਪਿੰਡ ਕੁੰਭੜਾ ਅਤੇ ਸੈਕਟਰ ਵਾਸੀਆਂ ਨੇ ਮੰਗ ਕੀਤੀ ਕਿ ਠੇਕੇ ਨੂੰ ਇੱਥੋਂ ਤੁਰੰਤ ਪ੍ਰਭਾਵ ਹਟਾਇਆ ਜਾਵੇ ਕਿਉਂਕਿ ਗਮਾਡਾ ਨੇ ਠੇਕੇਦਾਰ ਨੂੰ ਥਾਂ ਅਲਾਟ ਕਰਨ ਲੱਗਿਆ ਜ਼ਮੀਨੀ ਹਕੀਕਤ ਨੂੰ ਵਾਚਿਆ ਨਹੀਂ ਗਿਆ ਹੈ। ਇੱਥੇ ਨੇੜੇ ਹੀ ਇੱਕ ਪਾਸੇ ਸਕੂਲ ਅਤੇ ਦੂਜੇ ਪਾਸੇ ਪ੍ਰਾਈਵੇਟ ਹਸਪਤਾਲ ਹੈ ਅਤੇ ਬਿਲਕੁਲ ਸਾਹਮਣੇ ਪਿੰਡ ਕੁੰਭੜਾ, ਬਾਬਾ ਬਾਲਕ ਨਾਥ ਮੰਦਰ ਅਤੇ ਪਿੱਛੇ ਸੈਕਟਰ-69 ਦਾ ਰਿਹਾਇਸ਼ੀ ਇਲਾਕਾ ਹੈ। ਪਹਿਲਾਂ ਵੀ ਰੋਸ ਮੁਜ਼ਾਹਰੇ ਕਰ ਚੁੱਕੇ ਹਨ ਲੇਕਿਨ ਅਜੇ ਤਾਈਂ ਇੱਥੋਂ ਸ਼ਰਾਬ ਦਾ ਠੇਕਾ ਸ਼ਿਫ਼ਟ ਨਹੀਂ ਕੀਤਾ ਗਿਆ ਹੈ।
ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਠੇਕੇ ਨੂੰ ਤੁਰੰਤ ਘਰਾਂ ਨੇੜਿਓਂ ਹਟਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਠੇਕੇਦਾਰ ਨੇ ਆਪਣਾ ਠੇਕਾ ਇੱਥੋਂ ਨਾ ਚੁੱਕਿਆ ਤਾਂ ਉਹ ਜ਼ਬਰਦਸਤੀ ਠੇਕਾ ਬੰਦ ਕਰਵਾਉਣ ਲਈ ਮਜਬੂਰ ਹੋਣਗੇ। ਇਸ ਦੌਰਾਨ ਪੈਦਾ ਹੋਣ ਵਾਲੇ ਹਾਲਾਤਾਂ ਅਤੇ ਨੁਕਸਾਨ ਲਈ ਪੰਜਾਬ ਸਰਕਾਰ ਅਤੇ ਠੇਕੇਦਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ। ਰੋਹ ਵਿੱਚ ਆਈਆਂ ਬੀਬੀਆਂ ਠੇਕੇ ਦੇ ਅੰਦਰ ਜਾ ਵੜੀਆਂ। ਜਿਨ੍ਹਾਂ ਨੂੰ ਪੁਲੀਸ ਕਰਮਚਾਰੀਆਂ ਨੇ ਸਮਝਾ ਕੇ ਬਾਹਰ ਕੱਢਿਆ ਲੇਕਿਨ ਉਨ੍ਹਾਂ ਨੇ ਬਾਹਰ ਆਉਂਦੇ ਹੀ ਲੋਕਾਂ ਦੀ ਮਦਦ ਨਾਲ ਜ਼ਬਰਦਸਤੀ ਸ਼ਰਟ ਥੱਲੇ ਸੁੱਟ ਕੇ ਠੇਕਾ ਬੰਦ ਕਰਨ ਲਈ ਤਾਲਾ ਲਗਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਸਥਿਤੀ ਤਣਾਅ ਪੂਰਨ ਬਣ ਗਈ ਲੇਕਿਨ ਪੁਲੀਸ ਨੇ ਉੱਚ ਅਧਿਕਾਰੀਆਂ ਦੇ ਆਉਣ ਦਾ ਵਾਸਤਾ ਦੇ ਕੇ ਲੋਕਾਂ ਦਾ ਗੁੱਸਾ ਸ਼ਾਂਤ ਕੀਤਾ।
ਕਾਫੀ ਦੇਰ ਬਾਅਦ ਕਰ ਤੇ ਆਬਕਾਰੀ ਵਿਭਾਗ, ਗਮਾਡਾ ਅਤੇ ਮੁਹਾਲੀ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਨੂੰ ਸ਼ਾਂਤ ਕਰਕੇ ਠੇਕਾ ਖੁੱਲ੍ਹਵਾਇਆ। ਲੋਕਾਂ ਨੇ ਚਿਤਾਵਨੀ ਦਿੱਤੀ ਜੇਕਰ ਠੇਕਾ ਬੰਦ ਨਹੀਂ ਕੀਤਾ ਗਿਆ ਤਾਂ ਉਹ ਗਮਾਡਾ ਅਤੇ ਆਬਕਾਰੀ ਵਿਭਾਗ ਦੇ ਦਫ਼ਤਰਾਂ ਬਾਹਰ ਧਰਨੇ ਦੇਣ ਤੋਂ ਗੁਰੇਜ਼ ਨਹੀਂ ਕਰਨਗੇ। ਗਮਾਡਾ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਠੇਕੇ ਨੂੰ ਕਿਸੇ ਹੋਰ ਢੁਕਵੀਂ ਥਾਂ ’ਤੇ ਸ਼ਿਫ਼ਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਫਾਈਲ ਵਧੀਕ ਮੁੱਖ ਪ੍ਰਸ਼ਾਸਕ ਨੂੰ ਭੇਜੀ ਗਈ ਹੈ।
(ਬਾਕਸ ਆਈਟਮ)
ਠੇਕੇਦਾਰ ਰਵੀ ਸ਼ਰਮਾ ਨੇ ਲੋਕਾਂ ਨੂੰ ਦੱਸਿਆ ਕਿ ਉਸ ਨੇ 5 ਕਰੋੜ 55 ਲੱਖ ਰੁਪਏ ਜਮ੍ਹਾ ਕਰਵਾ ਠੇਕਾ ਲਿਆ ਅਤੇ ਗਮਾਡਾ ਨੇ ਇਹ ਥਾਂ ਅਲਾਟ ਕੀਤੀ ਹੈ। ਪ੍ਰੰਤੂ ਫਿਰ ਵੀ ਉਹ ਇਸ ਗੱਲ ਲਈ ਤਿਆਰ ਹਨ ਕਿ ਜੇਕਰ ਗਮਾਡਾ ਕੋਈ ਹੋਰ ਬਦਲਵੀਂ ਢੁਕਵੀਂ ਸਾਈਟ ਅਲਾਟ ਕਰਦਾ ਹੈ ਤਾਂ ਉਹ ਆਪਣਾ ਠੇਕਾ ਉੱਥੇ ਤਬਦੀਲ ਕਰ ਲੈਣਗੇ। ਠੇਕੇਦਾਰ ਨੇ ਕਿਹਾ ਕਿ ਅਸਲ ਵਿੱਚ ਇਹ ਸਾਰਾ ਕੁਝ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਕੁੰਭੜਾ ਦੇ ਦੂਜੇ ਪਾਸੇ ਵੀ ਸ਼ਰਾਬ ਠੇਕਾ ਹੈ। ਉਹ ਤਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਹੈ। ਕਿਉਂÎਕ ਉਹ ਠੇਕਾ ਰਸੂਖਵਾਨਾਂ ਹੈ ਜੋ ਇੱਥੇ ਕੋਈ ਦੂਜਾ ਠੇਕਾ ਖੁੱਲ੍ਹਣ ਨਹੀਂ ਦੇਣਾ ਚਾਹੁੰਦੇ। ਉਨ੍ਹਾਂ ਦੱਸਿਆ ਕਿ ਮਈ ਵਿੱਚ ਉਨ੍ਹਾਂ ਨੂੰ ਠੇਕਾ ਅਲਾਟ ਹੋਇਆ ਸੀ। ਜਦੋਂ ਵੀ ਉਹ ਠੇਕਾ ਖੋਲ੍ਹਦੇ ਹਨ ਤਾਂ ਉਨ੍ਹਾਂ ’ਤੇ ਦਬਾਅ ਪਾਉਣ ਲਈ ਲੋਕਾਂ ਤੋਂ ਵਿਰੋਧ ਕਰਵਾ ਦਿੱਤਾ ਜਾਂਦਾ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…