ਇਨਸਾਫ਼ ਪ੍ਰਾਪਤੀ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਨੇ ਦੰਗਾ ਪੀੜਤ ਪਰਿਵਾਰ

ਸਿੱਖ ਕਤਲੇਆਮ ਪੀੜਤ ਵੈਲਵੇਅਰ ਐਸੋਸੀਏਸ਼ਨ ਨੇ ਡੀਸੀ ਨੂੰ ਸੌਂਪੀ ਸਬੂਤਾਂ ਦੀ ਗੱਠੜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੂਨ:
ਸਿੱਖ ਕਤਲੇਆਮ ਤੋਂ ਪੀੜਤ ਦਿੱਲੀ ਤੋਂ ਆ ਕੇ ਮੁਹਾਲੀ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿ ਰਹੇ ਦੰਗਾ ਪੀੜਤ ਪਰਿਵਾਰ ਇਨਸਾਫ਼ ਪ੍ਰਾਪਤੀ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਨਵੰਬਰ 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ ਨੇ ਅੱਜ ਲਾਭਪਾਤਰੀ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸਬੂਤਾਂ ਦੀ ਗੱਠੜੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀ ਗਈ। ਸਬੂਤਾਂ ਵਿੱਚ ਹੁਣ ਤੱਕ ਹੋਈਆਂ ਵੱਖ-ਵੱਖ ਪੜਤਾਲਾਂ ਅਤੇ ਉੱਚ ਅਦਾਲਤਾਂ ਦੇ ਦੰਗਾ ਪੀੜਤਾਂ ਦੇ ਹੱਕ ਵਿੱਚ ਹੋਏ ਫੈਸਲੇ ਦੀਆਂ ਜੱਜਮੈਂਟਾਂ ਵੀ ਮੌਜੂਦ ਹਨ।
ਡੀਸੀ ਦਫ਼ਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਵਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਇਨਸਾਫ਼ ਲਈ ਭਟਕ ਰਹੇ ਹਨ ਪ੍ਰੰਤੂ ਕੋਈ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰਾਂ ਨੇ ਸਾਲ 2009 ਵਿੱਚ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਹਾਈ ਕੋਰਟ ਵਿੱਚ ਚੁਨੌਤੀ ਦਿੱਤੀ ਗਈ ਸੀ ਅਤੇ ਸਾਲ 2010 ਵਿੱਚ ਹਾਈ ਕੋਰਟ ਵੱਲੋਂ ਵੱਖ-ਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਦੰਗਾ ਪੀੜਤਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਗਿਆ ਸੀ ਲੇਕਿਨ ਹੁਣ ਤੱਕ ਸਾਰੇ ਅਤੇ ਅਸਲ ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨ ਨਹੀਂ ਮਿਲੇ। ਜਦੋਂਕਿ ਸਰਕਾਰ ਦੀ ਆਪਣੀ ਰਿਪੋਰਟ ਮੁਤਾਬਕ ਇਸ ਸਮੇਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ 3400 ਮਕਾਨ ਖਾਲੀ ਪਏ ਹਨ। ਦੰਗਾ ਪੀੜਤਾਂ ਲਈ ਬਣਾਏ ਗਏ ਬਹੁਤ ਸਾਰੇ ਮਕਾਨਾਂ ਉੱਤੇ ਅੱਜ ਵੀ ਸਿਆਸੀ ਆਗੂਆਂ, ਗੈਰ ਦੰਗਾ ਪੀੜਤਾਂ ਪਰਿਵਾਰਾਂ ਅਤੇ ਪੁਲੀਸ ਮੁਲਾਜ਼ਮਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਜੇਕਰ ਹੁਣ ਵੀ ਇਨਸਾਫ਼ ਨਹੀਂ ਮਿਲਿਆ ਤਾਂ ਹਾਈ ਕੋਰਟ ਵਿੱਚ ਕੋਰਟ ਆਫ਼ ਕਟੈਂਪਟ ਦਾਇਰ ਕੀਤੀ ਜਾਵੇਗੀ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਦੀ ਏਡੀਸੀ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਅੱਜ ਹੀ ਦੰਗਾ ਪੀੜਤ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕੁੱਝ ਦਸਤਾਵੇਜ਼ ਸੌਂਪੇ ਗਏ ਹਨ। ਉਨ੍ਹਾਂ ਦੱਸਿਆ ਕਿ ਦੰਗਾ ਪੀੜਤਾਂ ਨੂੰ ਮਕਾਨ ਅਲਾਟ ਕਰਨ ਬਾਰੇ ਕੇਸ ਦੀ ਸੁਣਵਾਈ ਭਲਕੇ 4 ਜੂਨ ਨੂੰ ਜ਼ਿਲ੍ਹਾ ਮੈਜਿਸਟਰੇਟ ਦੀ ਅਦਾਲਤ ਵਿੱਚ ਹੋਵੇਗੀ। ਜਿੱਥੇ ਦੰਗ ਪੀੜਤ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵੀ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਹੋਈਆਂ ਪੜਤਾਲਾਂ ਅਤੇ ਸਬੂਤਾਂ ਨੂੰ ਆਧਾਰ ਬਣਾ ਕੇ ਸਰਕਾਰੀ ਨੇਮਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…