
ਪੁਲੀਸ ਵਧੀਕੀਆਂ ਖ਼ਿਲਾਫ਼ ਸੜਕਾਂ ’ਤੇ ਉਤਰੇ ਪੀੜਤ ਪਰਿਵਾਰ, ਐੱਸਐੱਸਪੀ ਦਫ਼ਤਰ ਅੱਗੇ ਦਿੱਤਾ ਧਰਨਾ
ਪੀੜਤ ਪਰਿਵਾਰਾਂ ਨੇ ਪੰਜਾਬ ਪੁਲੀਸ ’ਤੇ ਲਾਇਆ ਅਦਾਲਤ ਦੇ ਆਦੇਸ਼ ਨਾ ਮੰਨਣ ਦਾ ਦੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਈ:
ਪੰਜਾਬ ਪੁਲੀਸ ਦੀਆਂ ਕਥਿਤ ਵਧੀਕੀਆਂ ਅਤੇ ਇਨਸਾਫ਼ ਲਈ ਥਾਣਿਆਂ ਵਿੱਚ ਖੱਜਲ-ਖੁਆਰ ਹੋ ਰਹੇ ਪੀੜਤ ਪਰਿਵਾਰਾਂ ਨੇ ਅੱਜ ਮੁਹਾਲੀ ਵਿਖੇ ਐੱਸਐੱਸਪੀ ਦਫ਼ਤਰ ਦੇ ਬਾਹਰ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਹੁਕਮਰਾਨਾਂ ਸਮੇਤ ਸਬੰਧਤ ਕੇਸਾਂ ਤਫ਼ਤੀਸ਼ੀ ਅਫ਼ਸਰਾਂ ਨੂੰ ਰੱਜ ਕੇ ਕੋਸਿਆ। ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਪੀੜਤ ਪਰਿਵਾਰ ਅੱਜ ਆਪਣੇ ਗਲਾਂ ਵਿੱਚ ਕਾਲੇ ਚੋਲੇ ਪਾ ਕੇ ਰੋਸ ਮਾਰਚ ਕਰਦੇ ਹੋਏ ਐੱਸਐੱਸਪੀ ਦਫ਼ਤਰ ਪਹੁੰਚੇ ਅਤੇ ਗੇਟ ਦੇ ਬਾਹਰ ਧਰਨਾ ਲਗਾ ਕੇ ਬੈਠ ਗਏ।
ਪੀੜਤ ਪਰਿਵਾਰਾਂ ਨੇ ਠੰਢੇ ਬਸਤੇ ਵਿੱਚ ਪਏ ਵੱਖ-ਵੱਖ ਕੇਸਾਂ ਦਾ ਵੇਰਵਾ ਦਿੰਦੇ ਹੋਏ ਪੁਲੀਸ ’ਤੇ ਅਦਾਲਤ ਦੇ ਹੁਕਮ ਨਾ ਮੰਨਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਨਸਾਫ਼ ਲਈ ਥਾਣਿਆਂ ਵਿੱਚ ਖੱਜਲ ਹੋ ਰਹੇ ਹਨ ਲੇਕਿਨ ਕੋਈ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੈ। ਇਹੀ ਨਹੀਂ ਕਈ ਕੇਸਾਂ ਬਾਰੇ ਉੱਚ ਅਦਾਲਤ ਵੱਲੋਂ ਪੁਲੀਸ ਨੂੰ ਬਣਦੀ ਕਾਰਵਾਈ ਦੇ ਆਦੇਸ਼ ਵੀ ਜਾਰੀ ਕੀਤੇ ਜਾ ਚੁੱਕੇ ਹਨ ਪ੍ਰੰਤੂ ਪੁਲੀਸ ’ਤੇ ਕੋਈ ਅਸਰ ਨਹੀਂ ਹੋ ਰਿਹਾ।
ਬਲਵਿੰਦਰ ਕੁੰਭੜਾ ਨੇ ਅੱਜ ਪੀੜਤ ਪਰਿਵਾਰਾਂ ਨੂੰ ਮੀਡੀਆ ਅੱਗੇ ਪੇਸ਼ ਕਰਕੇ ਆਪਣੀ ਹੱਡਬੀਤੀ ਦੱਸੀ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਜਲਦੀ ਇਨਸਾਫ਼ ਨਹੀਂ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਧਰਨੇ ਨੂੰ ਸ਼ਵਿੰਦਰ ਸਿੰਘ ਲੱਖੋਵਾਲ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਅਜੈਬ ਸਿੰਘ ਬਾਕਰਪੁਰ, ਕਰਮਜੀਤ ਕੌਰ ਚੋਟਲਾਂ, ਸੋਨੀਆ ਰਾਣੀ, ਦਿਆਲ ਕੌਰ, ਅਵਤਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ।

ਉਧਰ, ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਨੇ ਮੌਕੇ ’ਤੇ ਪਹੁੰਚ ਕੇ ਪੀੜਤ ਪਰਿਵਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਹਨ ਅਤੇ ਉਨ੍ਹਾਂ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮਗਰੋਂ ਪੀੜਤ ਪਰਿਵਾਰਾਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸਨਅਤੀ ਪੁਲੀਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਵੀ ਹਾਜ਼ਰ ਸਨ।