Nabaz-e-punjab.com

ਸਾਡਾ ਪਰਿਵਾਰ ਨਸ਼ਾ ਤਸਕਰੀ ਨਹੀਂ, ਫਲਾਂ ਦੀ ਰੇਹੜੀ ਲਗਾ ਕੇ ਕਰਦਾ ਹੈ ਗੁਜ਼ਾਰਾ: ਜਸਵੀਰ ਕੌਰ

ਮੁਲਜ਼ਮ ਸੰਦੀਪ ਕੌਰ ਦੀ ਸੱਸ ਨੇ ਮੀਡੀਆ ਸਾਹਮਣੇ ਤੋੜੀ ਚੁੱਪੀ, ਕਿਹਾ ਨੂੰਹ ਨੂੰ ਝੂਠੇ ਕੇਸ ’ਚ ਫਸਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਦਸੰਬਰ:
ਅੰਮ੍ਰਿਤਸਰ ਦੇ ਬਹੁ ਕਰੋੜੀ ਹੈਰੋਇਨ ਤਸਕਰੀ ਦੀ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਸੰਦੀਪ ਕੌਰ ਵਾਸੀ ਪਿੰਡ ਧੌਲ ਕਲਾਂ (ਅੰਮ੍ਰਿਤਸਰ) ਦੀ ਸੱਸ ਜਸਵੀਰ ਕੌਰ ਨੇ ਅੱਜ ਐਨਆਈਏ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਮੀਡੀਆ ਦੇ ਸਾਹਮਣੇ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਉਸ ਦੀ ਨੂੰਹ ਨੂੰ ਨਸ਼ਾ ਤਸਕਰੀ ਦੇ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਉਹ ਇਕ ਘਰੇਲੂ ਅੌਰਤ ਹੈ। ਸੱਸ ਜਸਵੀਰ ਕੌਰ ਨੇ ਦੱਸਿਆ ਕਿ ਉਹ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਰੇਹੜੀਆਂ ’ਤੇ ਫਲ ਫਰੂਟ, ਕੇਲੇ ਆਦਿ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ।
ਜਸਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਟੱਬਰ ਹੀ ਕੇਲੇ ਵੇਚਦਾ ਹੈ ਅਤੇ ਉਨ੍ਹਾਂ ਨੇ ਆਪਣੀ ਉਮਰ ਭਰ ਦੀ ਕਮਾਈ ਨਾਲ ਤਿੰਨ ਸਾਲ ਪਹਿਲਾਂ 2016 ਵਿੱਚ ਮਹਿਜ਼ 115 ਗਜ ਦਾ ਪਲਾਟ ਖ਼ਰੀਦਿਆਂ ਸੀ। ਜਿਸ ਬਾਰੇ ਪੁਲੀਸ ਇਹ ਕੂੜ ਪ੍ਰਚਾਰ ਕਰ ਰਹੀ ਹੈ ਕਿ ਉਨ੍ਹਾਂ ਨੇ ਡਰੱਗ ਮਨੀ ਨਾਲ ਇਹ ਪਲਾਟ ਖ਼ਰੀਦਿਆਂ ਹੈ। ਉਨ੍ਹਾਂ ਕੋਲ ਇਸ ਪਲਾਟ ਸਮੇਤ ਜੱਦੀ ਘਰ ਤੋਂ ਇਲਾਵਾ ਹੋਰ ਕੋਈ ਜ਼ਮੀਨ ਜਾਇਦਾਦ ਨਹੀਂ ਹੈ। ਅਦਾਲਤ ਵਿੱਚ ਪੇਸ਼ੀ ਦੌਰਾਨ ਮੁਲਜ਼ਮ ਸੰਦੀਪ ਕੌਰ ਦਾ ਦਿਉਰ ਵੀ ਹਾਜ਼ਰ ਸੀ। ਉਨ੍ਹਾਂ ਕਿਹਾ ਕਿ 532 ਕਿੱਲੋ ਹੈਰੋਇਨ ਤਸਕਰੀ ਨਾਲ ਉਸ ਦੀ ਭਾਬੀ ਜਾਂ ਪਰਿਵਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ।
ਜਸਵੀਰ ਕੌਰ ਨੇ ਇਹ ਵੀ ਦੱਸਿਆ ਕਿ ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਸੰਮਨ ਕਰਕੇ ਪੁੱਛਗਿੱਛ ਲਈ ਥਾਣੇ ਸੱਦਿਆ ਗਿਆ ਸੀ ਲੇਕਿਨ ਬਾਅਦ ਵਿੱਚ ਪੁਲੀਸ ਨੇ ਉਨ੍ਹਾਂ ਦੀ ਨੂੰਹ ਸੰਦੀਪ ਕੌਰ ਦੀ ਹੈਰੋਇਨ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ ਪਾ ਲਈ ਅਤੇ ਉਸ ਦਿਨ ਤੋਂ ਹੀ ਉਹ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ ਅਤੇ ਅੱਜ ਐਨਆਈਏ ਦੀ ਟੀਮ ਉਸ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਆਪਣੇ ਨਾਲ ਦਿੱਲੀ ਲੈ ਗਈ ਹੈ। ਉਨ੍ਹਾਂ ਕਿਹਾ ਕਿ ਉਹ ਗਰੀਬ ਹੋਣ ਕਾਰਨ ਆਰਥਿਕ ਪੱਖੋਂ ਬੂਰੀ ਤਰ੍ਹਾਂ ਟੁੱਟੇ ਹੋਏ ਹਨ ਅਤੇ ਦਿੱਲੀ ਸਥਿਤ ਐਨਆਈਏ ਦੇ ਮੁੱਖ ਦਫ਼ਤਰ ਅਤੇ ਮੁਹਾਲੀ ਅਦਾਲਤ ਵਿੱਚ ਆਉਣ ਜਾਣ ਲਈ ਉਨ੍ਹਾਂ ਕੋਲ ਭਾੜਾ ਵੀ ਨਹੀਂ ਹੈ ਅਤੇ ਉਨ੍ਹਾਂ ਨੂੰ ਉਧਾਰੇ ਪੈਸੇ ਲੈ ਕੇ ਆਉਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਉਸ ਦੀ ਨੂੰਹ ਨੂੰ ਕੇਸ ’ਚੋਂ ਡਿਸਚਾਰਜ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…