ਪਸ਼ੂਆਂ ਕਾਰਨ ਸੜਕ ਹਾਦਸੇ ਵਿੱਚ ਮਰਨ ਵਾਲੇ ਵਿਅਕਤੀ ਦੇ ਪਰਿਵਾਰ ਨੂੰ ਮਿਲੇਗਾ 2 ਲੱਖ ਰੁਪਏ ਦਾ ਮੁਆਵਜ਼ਾ

ਗਊਸ਼ਾਲਾ ਵਿਚਲੇ ਪਸ਼ੂਆਂ ਲਈ ਗਊ ਸੈੱਸ ਦੀ ਰਾਸ਼ੀ ’ਚੋਂ ਰੋਜ਼ਾਨਾ ਖ਼ਰੀਦਿਆਂ ਜਾਵੇਗਾ 10 ਹਜ਼ਾਰ ਰੁਪਏ ਦਾ ਹਰਾ ਤੇ ਸੁੱਕਾ ਚਾਰਾ

ਪਾਲਤੂ ਜਾਨਵਰਾਂ ਕੁੱਤੇ, ਬਿੱਲੀਆਂ ਤੇ ਹੋਰ ਜਾਨਵਰਾਂ ਦੀ ਮਾਲਕਾਂ ਨੂੰ ਹੁਣ ਕਰਵਾਉਣੀ ਪਇਆ ਕਰੇਗੀ ਰਜਿਸਟਰੇਸ਼ਨ

ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਸਹਿਯੋਗ ਦੇਣ ਲਈ ਮੇਅਰ ਨੇ ਸਾਰੇ ਕੌਂਸਲਰਾਂ ਅਤੇ ਅਧਿਕਾਰੀਆਂ ਦਾ ਕੀਤਾ ਧੰਨਵਾਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਪਰੈਲ:
ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਪਸ਼ੂਆਂ ਕਾਰਨ ਵਾਪਰਦੇ ਸੜਕ ਹਾਦਸਿਆਂ ਵਿੱਚ ਫੌਤ ਹੋਏ (ਮਰਨ ਵਾਲੇ) ਵਿਅਕਤੀ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਇਹ ਫੈਸਲਾ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਮੀਟਿੰਗ ਵਿੱਚ ਲਿਆ ਗਿਆ। ਮੇਅਰ ਦੀ ਇਹ ਅੰਤਿਮ ਮੀਟਿੰਗ ਹੈ ਕਿਉਂਕਿ ਨਗਰ ਨਿਗਮ ਦੀ ਮੌਜੂਦਾ ਟੀਮ ਦਾ ਕਾਰਜਕਾਲ ਭਲਕੇ 26 ਅਪਰੈਲ ਨੂੰ ਖ਼ਤਮ ਹੋ ਰਿਹਾ ਹੈ।
ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਪਸ਼ੂ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਮਰਨ ਵਾਲੇ ਵਿਅਕਤੀ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਸਬੰਧੀ ਪੀੜਤ ਪਰਿਵਾਰ ਨੂੰ ਪਸ਼ੂ ਕਾਰਨ ਵਾਪਰੇ ਹਾਦਸੇ ਸਬੰਧੀ ਪੁਖ਼ਤਾ ਸਬੂਤ ਦੇਣਾ ਪਵੇਗਾ। ਜਿਸ ਦੀ ਜਾਂਚ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਵੱਲੋਂ ਕੀਤੀ ਜਾਵੇਗੀ ਅਤੇ ਜਾਂਚ ਰਿਪੋਰਟ ਤੋਂ ਬਾਅਦ ਹੀ ਸਬੰਧਤ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਗਊਸ਼ਾਲਾ ਦੇ ਪਸ਼ੂਆਂ ਲਈ ਗਊ ਸੈੱਸ ਦੀ ਰਾਸ਼ੀ ’ਚੋਂ ਰੋਜ਼ਾਨਾ 10 ਹਜ਼ਾਰ ਰੁਪਏ ਦੀ ਕੀਮਤ ਦਾ ਹਰਾ ਅਤੇ ਸੁੱਕਾ ਚਾਰਾ ਖ਼ਰੀਦਿਆਂ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਲਤੂ ਜਾਨਵਰ (ਕੁੱਤੇ, ਬਿੱਲੀਆਂ ਤੇ ਹੋਰ) ਰੱਖਣ ਵਾਲੇ ਵਿਅਕਤੀ ਲਈ ਸਬੰਧਤ ਜਾਨਵਰ ਦੀ ਰਜਿਸਟਰੇਸ਼ਨ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸ ਸਬੰਧੀ ਵੱਖ ਵੱਖ ਜਾਨਵਰਾਂ ਦੀ ਕਿਸਮਾਂ ਮੁਤਾਬਕ ਫੀਸਾਂ ਵੀ ਨਿਰਧਾਰਿਤ ਕੀਤੀਆਂ ਗਈਆਂ ਹਨ। ਅਖੀਰ ਵਿੱਚ ਮੇਅਰ ਨੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਸਹਿਯੋਗ ਦੇਣ ਲਈ ਸਾਰੇ ਕੌਂਸਲਰਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਕਮਿਸ਼ਨਰ ਕਮਲ ਕੁਮਾਰ ਗਰਗ ਅਤੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਸਕੱਤਰ ਰੰਜੀਵ ਕੁਮਾਰ ਅਤੇ ਹੋਰਨਾਂ ਨੇ ਮੇਅਰ ਦਾ ਸਵਾਗਤ ਕੀਤਾ।
ਇਸ ਤੋਂ ਪਹਿਲਾਂ ਵੀ ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਕਾਰਨ ਬੀਤੀ 10 ਅਪਰੈਲ ਨੂੰ ਵੀ ਮੇਅਰ ਕੁਲਵੰਤ ਸਿੰਘ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੌਂਸਲਰਾਂ ਨਾਲ ਮੀਟਿੰਗ ਕੀਤੀ ਸੀ ਅਤੇ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਵੈਂਟੀਲੇਟਰ ਖ਼ਰੀਦਣ ਲਈ 50 ਲੱਖ ਰੁਪਏ ਅਤੇ ਕਰੋਨਾ ਸਬੰਧੀ ਮੁੱਖ ਮੰਤਰੀ ਰਾਹਤ ਫੰਡ ਵਿੱਚ ਤਿੰਨ ਕਰੋੜ ਰੁਪਏ ਦੇਣ ਦਾ ਮਤਾ ਪਾਸ ਕੀਤਾ ਗਿਆ ਸੀ।
(ਬਾਕਸ ਆਈਟਮ)
ਉਧਰ, ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਦਾ ਦਫ਼ਤਰੀ ਕੰਮ ਚਲਾਉਣ ਲਈ ਕਮਿਸ਼ਨਰ ਕਮਲ ਕੁਮਾਰ ਗਰਗ ਨੂੰ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਉਹ ਸੋਮਵਾਰ ਨੂੰ ਆਪਣੇ ਨਵੇਂ ਅਹੁਦੇ ਦਾ ਚਾਰਜ ਸੰਭਾਲਣਗੇ। ਉਂਜ ਅੱਜ ਮੀਟਿੰਗ ਦੌਰਾਨ ਸ੍ਰੀ ਗਰਗ ਨੇ ਸ਼ਹਿਰ ਦੇ ਵਿਕਾਸ ਲਈ ਸਮੂਹ ਕੌਂਸਲਰਾਂ ਤੋਂ ਪਹਿਲਾਂ ਵਾਂਗ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ। ਕੌਂਸਲਰਾਂ ਨੇ ਵਿਕਾਸ ਕਾਰਜਾਂ ਲਈ ਪਾਰਟੀਬਾਜ਼ੀ ਤੋਂ ਉਪਰ ਉੱਠ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …