ਮਸ਼ਹੂਰ ਖੂਨਦਾਨੀ ਬੀਬੀ ਜਸਵੰਤ ਕੌਰ ਮੁਹਾਲੀ ਦਾ ਦੇਹਾਂਤ, ਸੋਗ ਦੀ ਲਹਿਰ

ਨਬਜ਼-ਏ-ਪੰਜਾਬ, ਮੁਹਾਲੀ, 25 ਫਰਵਰੀ:
ਮਸ਼ਹੂਰ ਖੂਨਦਾਨੀ ਜੋੜੀ ਬਲਵੰਤ ਸਿੰਘ-ਜਸਵੰਤ ਕੌਰ ਪਰਿਵਾਰ ਨੂੰ ਅੱਜ ਉਸ ਸਮੇਂ ਵੱਡਾ ਸਦਮਾ ਲੱਗਿਆ ਜਦੋਂਕਿ ਬੀਬੀ ਜਸਵੰਤ ਕੌਰ (69) ਦਾ ਦੇਹਾਂਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਬੀ ਜਸਵੰਤ ਕੌਰ ਅੱਜ ਸਵੇਰੇ ਸੈਕਟਰ-126 ਸਥਿਤ ਆਪਣੇ ਘਰ ਵਿੱਚ ਕਿਧਰੇ ਜਾਣ ਲਈ ਤਿਆਰ ਹੋ ਰਹੇ ਸਨ, ਇਸ ਦੌਰਾਨ ਉਹ ਅਚਾਨਕ ਫਰਸ਼ ’ਤੇ ਡਿੱਗ ਪਏ। ਉਨ੍ਹਾਂ ਦੇ ਪਤੀ ਬਲਵੰਤ ਸਿੰਘ ਉਨ੍ਹਾਂ ਨੂੰ ਤੁਰੰਤ ਫੋਰਟਿਸ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਮੁੱਢਲੀ ਮੈਡੀਕਲ ਜਾਂਚ ਤੋਂ ਬਾਅਦ ਬੀਬੀ ਜਸਵੰਤ ਕੌਰ ਮ੍ਰਿਤਕ ਐਲਾਨ ਦਿੱਤਾ।
ਬੀਬੀ ਜਸਵੰਤ ਕੌਰ ਬਾਬਾ ਸ਼ੇਖ ਫਰੀਦ ਬਲੱਡ ਡੋਨਰਜ ਕੌਂਸਲ ਦੇ ਫਾਉਂਡਰ ਪ੍ਰਧਾਨ ਸਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਸੰਸਥਾ ਵੱਲੋਂ ਹੁਣ ਤੱਕ ਕਰੀਬ 150 ਖੂਨਦਾਨ ਕੈਂਪ ਲਗਾਏ ਜਾ ਚੁੱਕੇ ਸਨ। ਉਹ ਅਤੇ ਉਨ੍ਹਾਂ ਦੇ ਪਤੀ ਖੂਨਦਾਨੀ ਜੋੜੀ ਵਜੋਂ ਕਾਫ਼ੀ ਮਸ਼ਹੂਰ ਸਨ। ਜਿਨ੍ਹਾਂ ਨੇ ਇਕੱਠਿਆਂ 110 ਤੋਂ ਵੱਧ ਵਾਰ ਖੂਨਦਾਨ ਕੀਤਾ ਹੈ। ਇਸ ਖੂਨਦਾਨੀ ਜੋੜੀ ਦਾ ਨਾਂਮ ਲਿਮਕ ਬੁੱਕ ਵਿੱਚ ਦਰਜ ਹੈ। ਬਾਬਾ ਸ਼ੇਖ ਫਰੀਦ ਬਲੱਡ ਡੋੋਨਰਜ ਕੌਂਸਲ ਦੇ ਜਨਰਲ ਸਕੱਤਰ ਹਾਕਮ ਸਿੰਘ ਜਵੰਦਾ ਨੇ ਦੱਸਿਆ ਕਿ ਬੀਬੀ ਜਸਵੰਤ ਕੌਰ ਦੇ ਬੱਚੇ ਕੈਨੇਡਾ ਵਿੱਚ ਰਹਿੰਦੇ ਹਨ। ਉਨ੍ਹਾਂ ਨੂੰ ਇਸ ਦੁਖਾਂਤ ਬਾਰੇ ਸੂਚਨਾ ਕਰ ਦਿੱਤੀ ਗਈ ਹੈ। ਉਨ੍ਹਾਂ ਦੇ ਭਲਕੇ ਬੁੱਧਵਾਰ ਨੂੰ ਸ਼ਾਮ ਤੱਕ ਵਾਪਸ ਆਉਣ ਦੀ ਉਮੀਦ ਹੈ, ਇਸ ਤੋਂ ਬਾਅਦ ਬੀਬੀ ਜੀ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਬੀਬੀ ਜਸਵੰਤ ਕੌਰ ਦੀ ਮੌਤ ਕਾਰਨ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ।
‘ਆਪ’ ਵਿਧਾਇਕ ਕੁਲਵੰਤ ਸਿੰਘ, ਐਮਪੀ ਮਾਲਵਿੰਦਰ ਸਿੰਘ ਕੰਗ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਮੇਅਰ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ‘ਆਪ’ ਦੇ ਮੁੱਖ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ, ਸਟੇਟ ਐਵਾਰਡੀ ਫੂਲਰਾਜ ਸਿੰਘ, ਸਾਬਕਾ ਕੌਂਸਲਰ ਗੁਰਮੀਤ ਸਿੰਘ ਵਾਲੀਆ, ਪਾਵਰਕੌਮ ਦੇ ਮੁਲਾਜ਼ਮ ਆਗੂ ਲੱਖਾ ਸਿੰਘ, ਜ਼ਿਲ੍ਹਾ ਪ੍ਰੈਸ ਕਲੱਬ ਐਸਏਐਸ ਨਗਰ ਦੇ ਚੇਅਰਮੈਨ ਦਰਸ਼ਨ ਸਿੰਘ ਸੋਢੀ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਸਮੇਤ ਹੋਰਨਾਂ ਆਗੂਆਂ ਨੇ ਬੀਬੀ ਜਸਵੰਤ ਕੌਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਰਿਟਾਇਰੀ ਆਫ਼ੀਸਰ ਐਸੋਸੀਏਸ਼ਨ ਵੱਲੋਂ ਸਾਬਕਾ ਚੇਅਰਮੈਨ ਸ਼ੇਰਗਿੱਲ ਦੀ ਯਾਦ ਵਿੱਚ ਸਮਾਗਮ

ਰਿਟਾਇਰੀ ਆਫ਼ੀਸਰ ਐਸੋਸੀਏਸ਼ਨ ਵੱਲੋਂ ਸਾਬਕਾ ਚੇਅਰਮੈਨ ਸ਼ੇਰਗਿੱਲ ਦੀ ਯਾਦ ਵਿੱਚ ਸਮਾਗਮ ਸਿੱਖਿਆ ਬੋਰਡ ਦੇ ਆਡੀਟੋਰ…