
ਫਰੀਦਕੋਟ ਗੋਲੀਕਾਂਡ: ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੇ ਬਿਆਨ ਦਰਜ
ਬਾਦਲ ਪਿਉ-ਪੁੱਤ ਸਮੇਤ ਹੁਣ ਤੱਕ 200 ਵਿਅਕਤੀਆਂ ਤੋਂ ਕੀਤੀ ਜਾ ਚੁੱਕੀ ਹੈ ਪੁੱਛਗਿੱਛ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ:
ਪਿੰਡ ਬਰਗਾੜੀ ਸਮੇਤ ਹੋਰ ਵੱਖ-ਵੱਖ ਥਾਵਾਂ ਉੱਤੇ ਵਾਪਰੀਆਂ ਬੇਅਦਬੀ ਦੀਆਂ ਘਟਨਾ ਤੋਂ ਬਾਅਦ 2015 ਵਿੱਚ ਕੋਟਕਪੁਰਾ ਵਿੱਚ ਪੁਲੀਸ ਵੱਲੋਂ ਕੀਤੀ ਗਈ ਫਾਇਰਿੰਗ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਉੱਤੇ ਪੰਜਾਬ ਪੁਲੀਸ ਦੇ ਏਡੀਜੀਪੀ ਐਲ.ਕੇ. ਯਾਦਵ ਦੀ ਅਗਵਾਈ ਹੇਠ ਗਠਿਤ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਜਾਂਚ ਤੇਜ਼ ਕਰ ਦਿੱਤੀ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਅੱਜ ਸਿੱਟ ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਜਥੇਦਾਰ ਨੇ ਸਿੱਟ ਨੂੰ ਕੁੱਝ ਅਹਿਮ ਦਸਤਾਵੇਜ਼ ਵੀ ਦਿੱਤੇ ਹਨ। ਹਾਲਾਂਕਿ ਸਾਬਕਾ ਜਥੇਦਾਰ ਨੇ ਸਿੱਟ ਕੋਲ ਕੀ ਬਿਆਨ ਦਰਜ ਕਰਵਾਏ ਹਨ। ਇਸ ਬਾਰੇ ਪੁਖ਼ਤਾ ਜਾਣਕਾਰੀ ਨਹੀਂ ਮਿਲ ਸਕੀ ਹੈ ਪ੍ਰੰਤੂ ਜੇਕਰ ਸੂਤਰਾਂ ਦੀ ਗੱਲ ਮੰਨੀਏ ਤਾਂ ਸਾਬਕਾ ਜਥੇਦਾਰ ਨੇ ਬੇਅਦਬੀ ਘਟਨਾਵਾਂ ਅਤੇ ਗੋਲੀਕਾਂਡ ਸਬੰਧੀ ਅਹਿਮ ਜਾਣਕਾਰੀ ਤਿੰਨ ਮੈਂਬਰੀ ਸਿੱਟ ਨਾਲ ਸਾਂਝੀ ਕੀਤੀ ਹੈ। ਸਾਬਕਾ ਜਥੇਦਾਰ ਦੇ ਕਲਮਬੰਦ ਕੀਤੇ ਬਿਆਨਾਂ ਨੂੰ ਅਹਿਮ ਮੰਨਿਆਂ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜਾਂਚ ਵਿੱਚ ਸ਼ਾਮਲ ਕਰਕੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਅਤੇ ਹੁਣ ਤੱਕ ਲਗਪਗ 200 ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਅਤੇ ਨਵੀਂ ਸਿੱਟ ਨੂੰ ਜਾਂਚ ਵਿੱਚ ਸਹਿਯੋਗ ਦੇਣ ਲਈ ਕਈ ਨਵੇਂ ਗਵਾਹ ਵੀ ਸਾਹਮਣੇ ਆਏ ਹਨ। ਤਿੰਨ ਮੈਂਬਰੀ ਨਵੀਂ ਸਿੱਟ ਬਹੁਤ ਹੀ ਸ਼ਿੱਦਤ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਰ ਛੋਟੇ ਤੋਂ ਛੋਟੇ ਪਹਿਲੂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਂਜ ਇਸ ਤੋਂ ਪਹਿਲਾਂ ਸੀਨੀਅਰ ਆਈਪੀਐਸ ਅਧਿਕਾਰੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਜਾਂਚ ਟੀਮ ਵੱਲੋਂ ਪਿਛਲੇ ਸਾਲ 16 ਨਵੰਬਰ ਨੂੰ ਪ੍ਰਕਾਸ਼ ਸਿੰਘ ਬਾਦਲ ਤੋਂ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ ਸੀ।