Nabaz-e-punjab.com

ਕਿਸਾਨ ਵੱਲੋਂ ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ’ਤੇ ਕਰੋੜਾਂ ਦੀ ਜ਼ਮੀਨ ਹੜੱਪਣ ਦਾ ਦੋਸ਼

ਅਦਾਲਤਾਂ ਤੋਂ ਜਿੱਤਿਆ ਤੇ ਪੁਲੀਸ ਵਧੀਕੀਆਂ ਅੱਗੇ ਹਾਰਿਆ ਕਿਸਾਨ, ਮਰਨ ਵਰਤ ਸ਼ੁਰੂ ਕਰਨ ਦੀ ਧਮਕੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਫਰਵਰੀ:
ਜ਼ਿਲ੍ਹਾ ਮੁਹਾਲੀ ਦੇ ਪਿੰਡ ਨਵਾਂਗਰਾਉਂ ਦਾ ਵਸਨੀਕ ਇੱਕ ਕਿਸਾਨ ਗਰਜਾ ਸਿੰਘ ਆਪਣੀ ਜੱਦੀ ਪੁਸ਼ਤੀ ਜ਼ਮੀਨ ਸਬੰਧੀ ਵੱਖ-ਵੱਖ ਅਦਾਲਤਾਂ ਤੋਂ ਕੇਸ ਜਿੱਤਣ ਦੇ ਬਾਵਜੂਦ ਵੀ ਮੋਹਾਲੀ ਪੁਲੀਸ ਦੀ ਜ਼ਿਆਦਤੀ ਅੱਗੇ ਹਾਰਦਾ ਨਜ਼ਰ ਆ ਰਿਹਾ ਹੈ। ਪੰਜਾਬ ਪੁਲੀਸ ਦਾ ਇੱਕ ਸਾਬਕਾ ਡੀਜੀਪੀ ਉਸ ਦੀ ਕਰੋੜਾਂ ਰੁਪਇਆਂ ਦੀ ਜ਼ਮੀਨ ’ਤੇ ਜ਼ਬਰਦਸਤੀ ਕਬਜ਼ਾ ਕਰਨ ਵਿਚ ਲੱਗਾ ਹੋਇਆ ਹੈ ਅਤੇ ਮੁਹਾਲੀ ਪੁਲੀਸ ਦੇ ਐਸਐਸਪੀ ਤੱਕ ਵੀ ਪੁਲੀਸ ਦੀ ਜ਼ਿਆਦਤੀ ਦਾ ਮਾਮਲਾ ਪਹੁੰਚਾਉਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਪੀੜਤ ਕਿਸਾਨ ਗਰਜਾ ਸਿੰਘ ਨੇ ਅੱਜ ਇੱਥੇ ਮੁਹਾਲੀ ਪ੍ਰੈੱਸ ਕਲੱਬ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਕਤ ਜਾਣਕਾਰੀ ਦਿੱਤੀ। ਕਿਸਾਨ ਗਰਜਾ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਨਵਾਂਗਰਾਉਂ ਵਿਖੇ ਲਗਭਗ 7 ਏਕੜ ਜੱਦੀ ਪੁਸ਼ਤੀ ਜ਼ਮੀਨ ਸਾਬਕਾ ਡੀਜੀਪੀ ਸੰਜੀਵ ਗੁਪਤਾ ਵੱਲੋਂ ਪੁਲੀਸ ਦੀ ਸ਼ਹਿ ਉੱਤੇ ਦੱਬੀ ਜਾ ਰਹੀ ਹੈ। ਇਸ ਜ਼ਮੀਨ ਸਬੰਧੀ ਗਰਜਾ ਸਿੰਘ ਅਦਾਲਤ ਵਿਚੋਂ ਕੇਸ ਵੀ ਉਨ੍ਹਾਂ ਦੇ ਹੱਕ ਵਿਚ ਹੋ ਚੁੱਕਾ ਹੈ ਅਤੇ ਜ਼ਿਲ੍ਹਾ ਸ਼ੈਸ਼ਨਜ਼ ਜੱਜ ਦੀ ਅਦਾਲਤ ਵੱਲੋਂ ਗਰਜਾ ਸਿੰਘ ਦੇ ਹੱਕ ਵਿਚ ਸਟੇਅ ਵੀ ਹੋ ਚੁੱਕਾ ਹੋਇਆ ਹੈ। ਇਸ ਦੇ ਬਾਵਜੂਦ ਵੀ ਸੰਜੀਵ ਗੁਪਤਾ ਆਪਣੇ ਬੰਦਿਆਂ ਰਾਹੀਂ ਉਨ੍ਹਾਂ ਦੀ ਜ਼ਮੀਨ ਉਤੇ ਨਜਾਇਜ਼ ਕਬਜ਼ਾ ਕਰਨ ਵਿਚ ਜੁਟਿਆ ਹੋਇਆ ਹੈ। ਕਦੇ ਉਸ ਦੀ ਜ਼ਮੀਨ ਵਾਹੁਣ ਲੱਗ ਪੈਂਦੇ ਹਨ ਅਤੇ ਕਦੇ ਜ਼ਮੀਨ ਦੀ ਚਾਰਦੀਵਾਰੀ ਕਰਨ ਲੱਗ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ 7 ਫ਼ਰਵਰੀ 2020 ਨੂੰ ਸਾਬਕਾ ਡੀਜੀਪੀ ਸੰਜੀਵ ਗੁਪਤਾ ਅਤੇ ਪੁਲੀਸ ਦਾ ਇੱਕ ਹੋਰ ਅਫ਼ਸਰ ਐਸ.ਐਸ.ਪੀ. ਵਿਜੀਲੈਂਸ ਕੇ.ਐਸ. ਬਖਸ਼ੀ ਤੇ ਕੁਝ ਹੋਰ ਬੰਦਿਆਂ ਨੂੰ ਨਾਲ ਲੈ ਕੇ ਚਾਰ ਦੀਵਾਰੀ ਬਣਾਉਣ ਲੱਗ ਪਏ। ਜਦੋਂ ਐਸਐਸਪੀ ਕੋਲ ਸ਼ਿਕਾਇਤ ਲੈ ਕੇ ਗਏ ਤਾਂ ਉਲਟਾ ਐਸਐਸਪੀ ਨੇ ਉਨ੍ਹਾਂ ਨੂੰ ਹੀ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਉਹ ਜ਼ਮੀਨ ਉਨ੍ਹਾਂ ਦੇ ਪੁਲੀਸ ਅਫ਼ਸਰ ਸੰਜੀਵ ਗੁਪਤਾ ਦੀ ਹੀ ਹੈ। ਗਰਜਾ ਸਿੰਘ ਨੇ ਦੱਸਿਆ ਕਿ ਆਪਣੀ ਜ਼ਮੀਨ ਉਤੇ ਸਾਬਕਾ ਡੀਜੀਪੀ ਸੰਜੀਵ ਗੁਪਤਾ ਵੱਲੋਂ ਕੀਤੇ ਜਾ ਰਹੇ ਨਜਾਇਜ਼ ਕਬਜ਼ੇ ਸਬੰਧੀ ਉਨ੍ਹਾਂ ਨਵਾਂਗਰਾਉਂ ਪੁਲੀਸ ਸਟੇਸ਼ਨ ਦੇ ਐਸਐਚਓ, ਐਸਐਸਪੀ ਅਤੇ ਡੀਜੀਪੀ ਦਿਨਕਰ ਗੁਪਤਾ ਕੋਲ ਵੀ ਇਨਸਾਫ਼ ਲਈ ਗਏ ਪ੍ਰੰਤੂ ਅਜੇ ਤੱਕ ਉਨ੍ਹਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਕਦੇ ਵੀ ਉਹ ਆਪਣੀ ਜ਼ਮੀਨ ਉਤੇ ਹੋ ਰਹੇ ਕਬਜ਼ੇ ਸਬੰਧੀ ਪੁਲੀਸ ਨੂੰ 100 ਨੰਬਰ, 112 ਨੰਬਰ ਆਦਿ ਉੱਤੇ ਜਾਂ ਨਵਾਂ ਗਰਾਉਂ ਥਾਣੇ ਜਾ ਕੇ ਸ਼ਿਕਾਇਤ ਕਰਦੇ ਹਨ ਤਾਂ ਪੁਲੀਸ ਕਬਜ਼ਾਕਾਰੀਆਂ ਨੂੰ ਹਟਾਉਣ ਦੀ ਬਜਾਇ ਉਲਟਾ ਉਨ੍ਹਾਂ ਨੂੰ ਹੀ ਥਾਣੇ ਵਿਚ ਬਿਠਾ ਕੇ ਆਪਣੇ ਸਾਬਕਾ ਸੀਨੀਅਰ ਪੁਲੀਸ ਅਫ਼ਸਰ ਦੀ ਮੱਦਦ ਕਰਦੇ ਹੋਏ ਨਜਾਇਜ਼ ਕਬਜ਼ਾ ਕਰਵਾਉਣ ਵਿਚ ਮੱਦਦ ਕਰਦੀ ਰਹਿੰਦੀ ਹੈ।
(ਬਾਕਸ ਆਈਟਮ)
ਪੱਤਰਕਾਰਾਂ ਨੂੰ ਆਪਣਾ ਦੁੱਖਭਰੀ ਗਾਥਾ ਸੁਣਾਉਂਦਾ ਹੋਇਆ ਕਿਸਾਨ ਗਰਜਾ ਸਿੰਘ ਭੁੱਬਾਂ ਮਾਰ ਕੇ ਰੋਣ ਲੱਗ ਪਿਆ ਕਿ ਮੁਹਾਲੀ ਪੁਲੀਸ ਦੀ ਜ਼ਿਆਦਤੀ ਕਾਰਨ ਉਸ ਦੀ ਕਰੋੜਾਂ ਰੁਪਇਆਂ ਦੀ ਜੱਦੀ ਪੁਸ਼ਤੀ ਜ਼ਮੀਨ ਸਾਬਕਾ ਡੀਜੀਪੀ ਸੰਜੀਵ ਗੁਪਤਾ ਵੱਲੋਂ ਕਬਜ਼ਾਈ ਜਾ ਰਹੀ ਹੈ। ਗਰਜਾ ਸਿੰਘ ਨੇ ਕਿਹਾ ਕਿ ਜੇਕਰ ਉਸ ਦੀ ਜ਼ਮੀਨ ’ਤੇ ਕਬਜ਼ਾ ਨਾ ਰੋਕਿਆ ਗਿਆ ਤਾਂ ਉਹ ਐਸਐਸਪੀ ਦਫ਼ਤਰ ਅੱਗੇ ਮਰਨ ਵਰਤ ਸ਼ੁਰੂ ਕਰਨਗੇ।
(ਬਾਕਸ ਆਈਟਮ)
ਇਸ ਸਬੰਧੀ ਸੰਪਰਕ ਕਰਨ ’ਤੇ ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ਸੰਜੀਵ ਗੁਪਤਾ ਨੇ ਕਿਸਾਨ ਗਰਜ਼ਾ ਸਿੰਘ ਵੱਲੋਂ ਉਸ ’ਤੇ ਕਰੋੜਾਂ ਦੀ ਜ਼ਮੀਨ ਹਨੱਪਣ ਦੇ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠੇ ਦੱਸਦਿਆਂ ਕਿਹਾ ਕਿ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਜਿਸ ’ਤੇ ਭਲਕੇ ਸੁਣਵਾਈ ਹੋਣੀ ਹੈ। ਉਨ੍ਹਾਂ ਦੱਸਿਆ ਕਿ ਉਕਤ ਜ਼ਮੀਨ ਮੁਸ਼ੱਤਰਕਾ ਖਾਤੇ ਦੀ ਹੈ। ਜਿਸ ਦੇ 2707 ਮਾਲਕ ਹਨ। ਜਿਨ੍ਹਾਂ ’ਚ ਉਹ ਅਤੇ ਗਰਜਾ ਸਿੰਘ ਵੀ ਹਨ। ਸਾਬਕਾ ਡੀਜੀਪੀ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਜ਼ਮੀਨ 9 ਸਾਲ ਪਹਿਲਾਂ ਖਰੀਦੀ ਸੀ। ਸਰਕਾਰੀ ਨੇਮਾਂ ਮੁਤਾਬਕ ਜ਼ਮੀਨ ਦੀ ਰਜਿਸਟਰੀ ਹੋਈ ਹੈ ਅਤੇ ਜ਼ਮੀਨ ਵਿੱਚ ਉਸ ਦੇ ਦੋ ਮਕਾਨ ਬਣੇ ਹੋਏ ਹਨ ਅਤੇ ਬਿਜਲੀ ਦਾ ਮੀਟਰ ਵੀ ਉਨ੍ਹਾਂ ਦੇ ਨਾਂ ਦਾ ਲੱਗਾ ਹੋਇਆ ਹੈ। ਹਾਈ ਕੋਰਟ ਵਿੱਚ ਗਰਜ਼ਾ ਸਿੰਘ ਖ਼ੁਦ ਮੰਨ ਚੁੱਕੇ ਹਨ ਕਿ ਉਕਤ ਜ਼ਮੀਨ ’ਤੇ ਉਨ੍ਹਾਂ (ਗੁਪਤਾ) ਦਾ ਕਬਜ਼ਾ ਹੈ, ਚਾਰ ਦੀਵਾਰੀ ਅਤੇ ਦੋ ਮਕਾਨ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ 2011 ਤੋਂ ਬਾਅਦ ਉਸ ਨੇ ਉਕਤ ਜ਼ਮੀਨ ਵਿੱਚ ਇਕ ਇੰਟ ਤੱਕ ਨਹੀਂ ਲਗਾਈ ਹੈ। ਸਾਰੀ ਉਸਾਰੀ ਜ਼ਮੀਨ ਖ਼ਰੀਦਣ ਵੇਲੇ ਦੀ ਕੀਤੀ ਹੋਈ ਹੈ ਪ੍ਰੰਤੂ ਗਰਜਾ ਸਿੰਘ ਅਦਾਲਤ ਅਤੇ ਮੀਡੀਆ ਨੂੰ ਗੁਮਰਾਹ ਕਰਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦਾ ਹੈ। ਸਾਬਕਾ ਡੀਜੀਪੀ ਨੇ ਕਿਹਾ ਕਿ ਜ਼ਮੀਨ ਸਬੰਧੀ ਅਦਾਲਤ ਜੋ ਵੀ ਫੈਸਲਾ ਸੁਣਾਏਗੀ। ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ। ਲੇਕਿਨ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਮੀਡੀਆ ਵਿੱਚ ਜਾਣਾ ਕਿਸਾਨ ਨੂੰ ਸੋਭਾ ਨਹੀਂ ਦਿੰਦਾ ਹੈ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …