Nabaz-e-punjab.com

ਬਜ਼ੁਰਗ ਕਿਸਾਨ ਵੱਲੋਂ ਪੁਲੀਸ ਚੌਂਕੀ ਇੰਚਾਰਜ ’ਤੇ ਮਾੜੀ ਸ਼ਬਦਾਵਲੀ ਤੇ ਦਾੜੀ ਪੁੱਟਣ ਦੀ ਧਮਕੀ ਦੇਣ ਦਾ ਦੋਸ਼

ਚੌਂਕੀ ਇੰਚਾਰਜ ਨੇ ਦੋਸ਼ ਨਕਾਰੇ, ਕਿਹਾ ਪੁਲੀਸ ’ਤੇ ਦਬਾਅ ਪਾ ਕੇ ਚਾਹੁੰਦਾ ਸੀ ਕਾਰਵਾਈ ਕਰਵਾਉਣਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਇੱਥੋਂ ਦੇ ਨਜ਼ਦੀਕੀ ਪਿੰਡ ਰਾਏਪੁਰ ਖੁਰਦ ਦੇ ਵਸਨੀਕ ਅਤੇ ਬਜ਼ੁਰਗ ਕਿਸਾਨ ਸੁਰਮੁੱਖ ਸਿੰਘ ਨੇ ਦੋਸ਼ ਲਾਇਆ ਹੈ ਕਿ ਪੁਲੀਸ ਚੌਂਕੀ ਸਨੇਟਾ ਦੇ ਇੰਚਾਰਜ ਸਤਪਾਲ ਚੌਧਰੀ ਨੇ ਉਸ ਨਾਲ ਕਥਿਤ ਦੁਰਵਿਵਹਾਰ ਕੀਤਾ ਅਤੇ ਉਸ ਦੀ ਦਾੜੀ ਪੁੱਟਣ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਪਿੰਡ ਗੋਬਿੰਦਗੜ੍ਹ ਦੇ ਇਕ ਵਸਨੀਕ ਦੇ ਖ਼ਿਲਾਫ਼ ਦਿੱਤੀ ਸ਼ਿਕਾਇਤ ’ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲੀਸ ਚੌਂਕੀ ਗਿਆ ਸੀ। ਇਸ ਸਬੰਧੀ ਪੀੜਤ ਸੁਰਮੁੱਖ ਸਿੰਘ ਨੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਅਤੇ ਐਸਐਸਪੀ ਦਾ ਬੂਹਾ ਖੜਕਾਉਂਦਿਆਂ ਸ਼ਿਕਾਇਤ ਦੇ ਕੇ ਚੌਂਕੀ ਇੰਚਾਰਜ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਧਰ, ਦੂਜੇ ਪਾਸੇ ਚੌਕੀ ਇੰਚਾਰਜ ਸਤਪਾਲ ਨੇ ਬਜ਼ੁਰਗ ਕਿਸਾਨ ਦੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਉਕਤ ਵਿਅਕਤੀ ਉਨ੍ਹਾਂ ’ਤੇ ਦਬਾਅ ਪਾਉਣ ਲਈ ਝੂਠੇ ਦੋਸ਼ ਲਗਾ ਰਿਹਾ ਹੈ।
ਸ੍ਰੀ ਸੁਰਮੁੱਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਗੋਬਿੰਦਗੜ੍ਹ ਦੇ ਵਸਨੀਕ ਖ਼ਿਲਾਫ਼ ਜ਼ਮੀਨ ’ਚੋਂ ਦਰਖਤ ਕੱਟਣ ਸਬੰਧੀ ਪੁਲੀਸ ਚੌਂਕੀ ਸਨੇਟਾ ਵਿੱਚ ਸ਼ਿਕਾਇਤ ਦਿੱਤੀ ਸੀ ਅਤੇ ਚੌਂਕੀ ਇੰਚਾਰਜ ਵੱਲੋਂ ਦੋਵਾਂ ਧਿਰਾਂ ਨੂੰ ਚੌਂਕੀ ਵਿੱਚ ਸੱਦਿਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਹ ਚੌਂਕੀ ਪਹੁੰਚੇ ਤਾਂ ਇੰਚਾਰਜ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਲਟਾ ਉਨ੍ਹਾਂ ਨੂੰ ਸ਼ਿਕਾਇਤ ਵਾਪਸ ਲੈਣ ਲਈ ਕਿਹਾ ਗਿਆ ਅਤੇ ਉਨ੍ਹਾਂ ਖ਼ਿਲਾਫ਼ ਮਾੜੀ ਸ਼ਬਦਾਵਲੀ ਵਰਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਥਾਣੇਦਾਰ ਨੇ ਉਸ ਦੀ ਦਾੜੀ ਪੁੱਟਣ ਦੀ ਧਮਕੀ ਵੀ ਦਿੱਤੀ।
ਇਸ ਮੌਕੇ ਮੌਜੂਦ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਬਲਵੰਤ ਸਿੰਘ ਨੰਡਿਆਲੀ ਨੇ ਕਿਹਾ ਕਿ ਉਕਤ ਪੁਲੀਸ ਅਧਿਕਾਰੀ ਵੱਲੋਂ ਕਿਸਾਨ ਦੀ ਜ਼ਮੀਨ ’ਤੇ ਹੋ ਰਹੀ ਕਥਿਤ ਨਾਜਾਇਜ਼ ਦਖ਼ਲਅੰਦਾਜ਼ੀ ਨੂੰ ਰੋਕਣ ਲਈ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਉਲਟਾ ਉਸ ਨੂੰ ਧਮਕਾਇਆ ਗਿਆ ਹੈ ਅਤੇ ਬਜ਼ੁਰਗ ਕਿਸਾਨ ਦੇ ਖ਼ਿਲਾਫ਼ ਮੰਦੀ ਸ਼ਬਦਾਵਲੀ ਵਰਤੀ ਹੈ। ਜਿਸ ਲਈ ਉਕਤ ਅਧਿਕਾਰੀ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
(ਬਾਕਸ ਆਈਟਮ)
ਉਧਰ, ਸਨੇਟਾ ਪੁਲੀਸ ਚੌਂਕੀ ਦੇ ਇੰਚਾਰਜ ਸਤਪਾਲ ਚੌਧਰੀ ਨੇ ਕਿਹਾ ਕਿ ਸ਼ਿਕਾਇਤ ਕਰਤਾ ਸੁਰਮੁੱਖ ਸਿੰਘ ਵੱਲੋਂ ਉਨ੍ਹਾਂ ਵਿਰੁੱਧ ਲਗਾਏ ਸਾਰੇ ਦੋਸ਼ ਪੂਰੀ ਤਰ੍ਹਾਂ ਬੇ-ਬੁਨਿਆਦ ਤੇ ਝੂਠੇ ਹਨ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲੀਸ ਵੱਲੋਂ ਦੋਵਾਂ ਧਿਰਾਂ ਨੂੰ ਪੁਲੀਸ ਚੌਕੀ ਵਿੱਚ ਸੱਦਿਆ ਗਿਆ ਸੀ ਪ੍ਰੰਤੂ ਇਹ ਵਿਅਕਤੀ ਦੂਜੀ ਧਿਰ ਦੇ ਨਾਲ ਆਈ ਪਿੰਡ ਗੋਬਿੰਦਗੜ੍ਹ ਦੀ ਪੰਚਾਇਤ ਨੂੰ ਬੋਲਣ ਨਹੀਂ ਦੇ ਰਿਹਾ ਸੀ। ਜਦੋਂ ਇਹ ਵਿਅਕਤੀ ਚੁੱਪ ਨਹੀਂ ਹੋਇਆ ਤਾਂ ਉਨ੍ਹਾਂ ਨੇ ਉਸ ਨੂੰ ਸਿਰਫ਼ ਏਨਾ ਕਿਹਾ ਸੀ ਕਿ ਉਹ ਪੁਲੀਸ ’ਤੇ ਦਬਾਅ ਪਾ ਕੇ ਆਪਣੇ ਹੱਕ ਵਿੱਚ ਕਾਰਵਾਈ ਨਹੀਂ ਕਰਵਾ ਸਕਦੇ ਅਤੇ ਪਹਿਲਾਂ ਪੁਲੀਸ ਵੱਲੋਂ ਮੌਕਾ ਦੇਖਿਆ ਜਾਵੇਗਾ ਅਤੇ ਲੋਕਾਂ ਨਾਲ ਗੱਲ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ। ਜਿਸ ਤੋਂ ਬਾਅਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਉਨ੍ਹਾਂ ’ਤੇ ਦਬਾਅ ਪਾਉਣ ਲਈ ਝੂਠੀ ਬਿਆਨਬਾਜ਼ੀ ਕਰ ਰਿਹਾ ਹੈ ਜਦੋਂਕਿ ਉਨ੍ਹਾਂ ਨੇ ਉਸ ਨੂੰ ਅਜਿਹਾ ਕੁਝ ਨਹੀਂ ਕਿਹਾ। ਜਿਸ ਨਾਲ ਬਜ਼ੁਰਗ ਨੂੰ ਠੇਸ ਪਹੁੰਚੀ ਹੋਵੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …