ਇਪਟਾ ਦੇ ਰੰਗਕਰਮੀਆਂ ਵੱਲੋਂ ਮੋਗਾ ਸਿਟੀ ਥਾਣੇ ਦਾ ਘਿਰਾਓ, ਕਿਸਾਨਾਂ ਨੇ ਵੀ ਕੀਤੀ ਨਿਖੇਧੀ

ਮੋਗਾ ਪੁਲੀਸ ਦੇ ਸ਼ਰਾਬ ਦੇ ਨਸ਼ੇ ’ਚ ਟੱਲੀ ਮੁਲਾਜ਼ਮਾਂ ’ਤੇ ਮਹਿਲਾ ਰੰਗਕਰਮੀ ਤੇ ਹੋਰਨਾਂ ਨਾਲ ਬਦਸਲੂਕੀ ਕਰਨ ਦਾ ਦੋਸ਼

ਰੰਗਕਰਮੀਆਂ ਨਾਲ ਬਦਸਲੂਕੀ ਕਰਨ ਵਾਲਿਆਂ ਨੇ ਜਨਤਕ ਤੌਰ ’ਤੇ ਮੁਆਫ਼ੀ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਕਤੂਬਰ:
ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀਬਾੜੀ ਸੈਕਟਰ ਨਾਲ ਜੁੜੇ ਤਿੰਨ ਆਰਡੀਨੈਂਸ ਪਾਸ ਕਰਨ ਖ਼ਿਲਾਫ਼ ਅੰਨਦਾਤਾ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਪੰਜਾਬ ਦੇ ਗਾਇਕ, ਅਦਾਕਾਰਾ ਅਤੇ ਰੰਗਕਰਮੀ ਅਤੇ ਨਾਟਕਰਮੀ ਵੀ ਕਿਸਾਨੀ ਸੰਘਰਸ਼ ਵਿੱਚ ਕੁੱਦ ਪਏ ਹਨ। ਇਸੇ ਦੌਰਾਨ ਕਿਸਾਨ ਅੰਦੋਲਨ ਵਿੱਚ ਹਿੱਸਾ ਲੈ ਕੇ ਮਾਨਸਾ ਤੋਂ ਵਾਪਸ ਪਰਤੇ ਰਹੇ ਇਪਟਾ ਦੀ ਮੋਗਾ ਇਕਾਈ ਦੇ ਤਿੰਨ ਰੰਗਕਰਮੀਆਂ ਅਵਤਾਰ ਚੜਿੱਕ, ਗੁਰਤੇਜ ਸਫ਼ਰੀ ਅਤੇ ਵੀਰਪਾਲ ਕੌਰ ਨੂੰ ਬੀਤੀ 12 ਅਕਤੂਬਰ ਦੇਰ ਰਾਤ 10 ਵਜੇ ਰੇਲਵੇ ਸਟੇਸ਼ਨ ਨੇੜਿਓਂ ਬਿਨਾਂ ਨੇਮ ਪਲੇਟ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਦੋ ਪੁਲੀਸ ਮੁਲਾਜ਼ਮਾਂ ਵੱਲੋਂ ਘੇਰ ਕੇ ਬਦਤਮੀਜ਼ੀ ਕਰਨ, ਬਿਨਾਂ ਮਹਿਲਾ ਪੁਲੀਸ ਤੋਂ ਰੰਗਕਰਮੀ ਵੀਰਪਾਲ ਕੌਰ ਸਮੇਤ ਦੋਵੇਂ ਰੰਗਕਰਮੀਆਂ ਨੂੰ ਧੱਕੇ ਨਾਲ ਥਾਣੇ ਲਿਜਾਉਣ ਖ਼ਿਲਾਫ਼ ਇਪਟਾ ਪੰਜਾਬ ਦੇ ਸਕੱਤਰ ਵਿੱਕੀ ਮਹੇਸਰੀ ਦੀ ਅਗਵਾਈ ਹੇਠ ਰੰਗਕਰਮੀਆਂ, ਕਲਾਕਾਰਾਂ ਅਤੇ ਕਲਮਕਾਰਾਂ ਨੇ ਮਾਡਲ ਥਾਣਾ ਸਿਟੀ ਮੋਗਾ ਦਾ ਘਿਰਾਓ ਕਰਕੇ ਪੁਲੀਸ ਵਧੀਕੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰੰਗਕਰਮੀਆਂ ਨਾਲ ਬਦਸਲੂਕੀ ਅਤੇ ਗ਼ੈਰ ਇਖ਼ਲਾਕੀ ਵਤੀਰੇ ਲਈ ਜ਼ਿੰਮੇਵਾਰ ਪੁਲੀਸ ਮੁਲਾਜ਼ਮਾਂ ਦੇ ਖ਼ਿਲਾਫ਼ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਬਾਅਦ ਵਿੱਚ ਇਪਟਾ ਦੇ ਰੰਗਕਰਮੀਆਂ ਨਾਲ ਬਦਸਲੂਕੀ ਕਰਨ ਵਾਲੇ ਸੀਪੀਓ ਨੂੰ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਪਈ।
ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਅਤੇ ਹੋਰਨਾਂ ਕਾਰਕੁਨਾਂ ਨੇ ਪੁਲੀਸ ਮੁਲਾਜ਼ਮਾਂ ਦੇ ਵਤੀਰੇ ਦੀ ਘੋਰ ਨਿਖੇਧੀ ਕਰਦੇ ਕਿਹਾ ਕਿ ਰੰਗਕਰਮੀਆਂ ਨੂੰ ਥਾਣੇ ਲਿਜਾ ਕੇ ਪੁਲੀਸ ਦੇ ਕਲੇਜੇ ਵਿੱਚ ਠੰਢ ਨਹੀਂ ਪਈ ਬਲਕਿ ਥਾਣੇ ਵਿੱਚ ਪਹਿਲਾਂ ਤੋਂ ਮੌਜੂਦ ਸ਼ਰਾਬ ਨਸ਼ੇ ਟੱਲੀ ਵਿੱਚ ਹੋਰਨਾਂ ਪੁਲੀਸ ਮੁਲਾਜ਼ਮ ਨੇ ਵੀ ਨਾਟ ਕਰਮੀਆਂ ਨਾਲ ਬਦਸਲੂਕੀ ਕਰਦਿਆਂ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਨਾਟਕਾਂ ਨੂੰ ‘ਕੰਜਰਖ਼ਾਨਾ’ ਅਤੇ ਨਾਟਕਰਮੀ ਵੀਰਪਾਲ ਕੌਰ ਨੂੰ ‘ਤੇਰੇ ਵਰਗੀਆਂ’ ਕਹਿਣਾ ਨਾਟਕ ਤੇ ਅੌਰਤ ਵਰਗ ਦੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਰੰਗਕਰਮੀ ਨਾਲ ਬਦਸਲੂਕੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮਹਿਲਾ ਰੰਗ ਕਰਮੀਆਂ ਦਾ ਅਪਰਾਧ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤੀ ਆਰਡੀਨੈਂਸ ਸਿਰਫ਼ ਕਿਸਾਨ ਵਿਰੋਧੀ ਹੀ ਨਹੀਂ ਹਨ ਬਲਕਿ ਇਸ ਸਾਰੇ ਵਰਗਾਂ ਅਤੇ ਇਨਸਾਨੀਅਤ ’ਤੇ ਮਾੜਾ ਅਸਰ ਪੈਣਾ ਹੈ। ਇਸ ਕਰਕੇ ਇਪਟਾ ਪੰਜਾਬ ਦੇ ਰੰਗਕਰਮੀ ਤੇ ਕਲਾਕਾਰ ਸਮੁੱਚੇ ਪੰਜਾਬ ਵਿੱਚ ਕਿਸਾਨ/ਪੰਜਾਬ ਅੰਦੋਲਨ ਵਿੱਚ ਆਪਣੀ ਸ਼ਮੂਲੀਅਤ ਕਰਦੇ ਆ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਕਿਸਾਨੀ ਸੰਘਰਸ਼ ਦਾ ਸਮਰਥਨ ਜਾਰੀ ਰਹੇਗਾ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ 10 ਗਜ਼ਟਿ…