
ਕਿਸਾਨ ਆਗੂ ਰਵਨੀਤ ਸਿੰਘ ਬਰਾੜ ਨੇ ਵੱਖ-ਵੱਖ ਸੈਕਟਰਾਂ ਵਿੱਚ ਕੀਤਾ ਚੋਣ ਪ੍ਰਚਾਰ
ਸੰਯੁਕਤ ਸਮਾਜ ਮੋਰਚਾ ਨੂੰ ਚੋਣ ਕਮਿਸ਼ਨ ਵੱਲੋਂ ਮਾਨਤਾ ਮਿਲਣ ’ਤੇ ਡਾਢੀ ਖੁਸ਼ੀ ਦਾ ਪ੍ਰਗਟਾਵਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
ਮੁਹਾਲੀ ਤੋਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਰਵਨੀਤ ਸਿੰਘ ਬਰਾੜ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਸੰਯੁਕਤ ਸਮਾਜ ਮੋਰਚੇ ਮਾਨਤਾ ਦੇਣ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਦੇਰ ਨਾਲ ਹੀ ਸਹੀ ਪਰ ਇਹ ਫੈਸਲਾ ਸੰਯੁਕਤ ਸਮਾਜ ਮੋਰਚੇ ਦੇ ਚਾਹੁਣ ਵਾਲਿਆਂ ਲਈ ਵੱਡੀ ਖੁਸ਼ੀ ਦੀ ਖਬਰ ਹੈ। ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡ ਮਟੌਰ ਅਤੇ ਸੈਕਟਰ-70, ਸੈਕਟਰ-71 ਸਮੇਤ ਵੱਖ-ਵੱਖ ਸੈਕਟਰਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਰਵਨੀਤ ਬਰਾੜ ਨੇ ਕਿਹਾ ਕਿ ਸਮੂਹ ਕਿਸਾਨ ਭਾਈਚਾਰੇ ਦਾ ਸਮਰਥਨ ਉਨ੍ਹਾਂ ਨੂੰ ਮਿਲ ਰਿਹਾ ਹੈ ਅਤੇ ਸ਼ਹਿਰਾਂ ’ਚੋਂ ਵੀ ਪੜ੍ਹੇ ਲਿਖੇ ਲੋਕ ਉਨ੍ਹਾਂ ਦਾ ਡੱਟ ਕੇ ਸਾਥ ਦੇ ਰਹੇ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੇਵਲ ਰਵਨੀਤ ਬਰਾੜ ਹੀ ਨਹੀਂ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਮੈਂਬਰ ਵੀ ਮੁਹਾਲੀ ਹਲਕੇ ਵਿੱਚ ਵੱਖ-ਵੱਖ ਜਗ੍ਹਾ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਹਲਕਾ ਵਾਸੀਆਂ ਨੂੰ ਸੰਯੁਕਤ ਸਮਾਜ ਮੋਰਚੇ ਦੀਆਂ ਨੀਤੀਆਂ ਨੂੰ ਲੈ ਕੇ ਲਾਮਬੰਦ ਕਰ ਰਹੇ ਹਨ। ਚੋਣ ਪ੍ਰਚਾਰ ਦੋਰਾਨ ਬਰਾੜ ਨੇ ਆਮ ਆਦਮੀ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤੰਜ ਕਰਦਿਆਂ ਕਿਹਾ ਕਿ ਕੇਜਰੀਵਾਲ ਦੀ ਚਲਾਕੀ ਦੇਖੋ ਕਿ ਦਿੱਲੀ ਦੇ ਲੋਕਾਂ ਖਾਸ ਕਰਕੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਵੀਕੈਂਡ ਲੌਕਡਾਊਨ ਵਿੱਚ ਡੱਕ ਕੇ ਆਪ ਕੁਰਸੀ ਦੇ ਲਾਲਚ ਵਿੱਚ ਵੀਕੈਂਡ ਮਨਾਉਣ ਪੰਜਾਬ ਆ ਜਾਂਦੇ ਹਨ। ਵੱਡੀਆਂ ਵੱਡੀਆਂ ਗੱਲਾਂ ਮਾਰਨੀਆਂ ਅਤੇ ਜ਼ਿੰਮੇਵਾਰੀ ਤੋਂ ਭੱਜਣਾ ਕੋਈ ਅਰਵਿੰਦ ਕੇਜਰੀਵਾਲ ਤੋਂ ਸਿੱਖੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਦੀ ਅੰਦਰੂਨੀ ਫੁੱਟ ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਪਾਰਟੀ ਦਰਅਸਲ ਕਨਫਿਊਜ਼ ਪਾਰਟੀ ਬਣ ਕੇ ਰਹਿ ਗਈ ਹੈ। ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਕੌਣ ਕਿਸ ਦੀ ਗੱਲ ਸੁਣੇ। ਕਾਂਗਰਸ ਹਾਈ ਕਮਾਂਡ ਵੀ ਪੰਜਾਬ ਕਾਗਰਸ ਨੂੰ ਸੰਭਾਲਣ ਵਿੱਚ ਨਾਕਾਮ ਹੋ ਗਈ। ਅਕਾਲੀ ਦਲ ਤੇ ਤੰਜ ਕਰਦਿਆਂ ਬਰਾੜ ਨੇ ਕਿਹਾ ਕਿ ਅਕਾਲੀ ਦਲ ਬਾਦਲ ਪਰਿਵਾਰ ਦੀ ਪ੍ਰਾਈਵੇਟ ਪ੍ਰਾਪਰਟੀ ਬਣ ਕੇ ਰਹਿ ਗਈ ਹੈ। ਜਿੱਥੇ ਕੁਰਸੀ ਦਾ ਤਾਂ ਕੋਈ ਰੌਲਾ ਤਾਂ ਨਹੀਂ ਪੈ ਸਕਦਾ ਕਿਉਂਕਿ ਬਾਦਲਾਂ ਖਿਲਾਫ ਬੋਲਣ ਦੀ ਕਿਸੇ ਅਕਾਲੀ ਦੀ ਹਿੰਮਤ ਨਹੀਂ, ਪਰ ਅਕਾਲੀ ਦਲ ਦੇ ਕਾਰਨਾਮੇ ਹੀ ਅਕਾਲੀ ਦਲ ਦੀ ਬੇੜੀ ਵਿੱਚ ਵੱਟੇ ਪਾ ਰਹੇ ਹਨ।