Share on Facebook Share on Twitter Share on Google+ Share on Pinterest Share on Linkedin ਕਿਸਾਨ ਕਤਲ ਕਾਂਡ: ਸੋਹਾਣਾ ਪੁਲੀਸ ਵੱਲੋਂ ਮੁਹਾਲੀ, ਰਾਜਪੁਰਾ, ਅੰਬਾਲਾ, ਦੜੂਆਂ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਕੋਲੋਂ ਪੁੱਛਗਿੱਛ ਤਿੰਨ ਦਿਨ ਬਾਅਦ ਵੀ ਪੁਲੀਸ ਨੂੰ ਮੁਲਜ਼ਮ ਦੇ ਟਿਕਾਣੇ ਬਾਰੇ ਨਹੀਂ ਮਿਲਿਆ ਕੋਈ ਠੋਸ ਸੁਰਾਗ, ਛਾਪੇਮਾਰੀ ਜਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੁਲਾਈ: ਇੱਥੋਂ ਦੇ ਨਜ਼ਦੀਕੀ ਪਿੰਡ ਪੱਤੋਂ ਵਿੱਚ ਕਿਸਾਨ ਸੁਰਿੰਦਰ ਸਿੰਘ (62) ਦੀ ਹੱਤਿਆ ਸਬੰਧੀ ਨੇ ਮੁਲਜ਼ਮ ਪਰਵਾਸੀ ਮਜ਼ਦੂਰ ਦੀ ਭਾਲ ਵਿੱਚ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਲੇਕਿਨ ਮੁਲਜ਼ਮ ਬਾਰੇ ਕੋਈ ਠੋਸ ਸੁਰਾਗ ਨਹੀਂ ਮਿਲਿਆ। ਥਾਣਾ ਸੋਹਾਣਾ ਦੇ ਐਸਐਚਓ ਮਨਫੂਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਅੱਜ ਮੁਹਾਲੀ ਰੇਲਵੇ ਸਟੇਸ਼ਨ ’ਤੇ ਚੈਕਿੰਗ ਕੀਤੀ ਅਤੇ ਯਾਤਰੀਆਂ ਦੇ ਸਮਾਨ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਦੀਆਂ ਹੋਰ ਵੱਖ ਵੱਖ ਟੀਮਾਂ ਵੱਲੋਂ ਮੁਹਾਲੀ, ਰਾਜਪੁਰਾ, ਅੰਬਾਲਾ ਅਤੇ ਦੜੂਆਂ ਰੇਲਵੇ ਸਟੇਸ਼ਨਾਂ ’ਤੇ ਜਾ ਕੇ ਚੈਕਿੰਗ ਕੀਤੀ ਅਤੇ ਯਾਤਰੀਆਂ ਕੋਲੋਂ ਪੁੱਛਗਿੱਛ ਕੀਤੀ ਗਈ ਲੇਕਿਨ ਸਾਰੀਆਂ ਟੀਮਾਂ ਖਾਲੀ ਹੱਥ ਵਾਪਸ ਪਰਤੀਆਂ। ਥਾਣਾ ਮੁਖੀ ਮਨਫੂਲ ਸਿੰਘ ਨੇ ਦੱਸਿਆ ਕਿ ਕਿਸਾਨ ਦੇ ਕਾਤਲ ਨੌਕਰ ਦੀ ਪੈੜ ਨੱਪਣ ਲਈ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਈ ਸ਼ੱਕੀ ਪਰਵਾਸੀ ਮਜ਼ਦੂਰਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਵੀ ਕੀਤੀ ਗਈ ਹੈ। ਲੇਕਿਨ ਹਾਲੇ ਤੱਕ ਮੁਲਜ਼ਮ ਬਾਰੇ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਨੇ ਪਰਵਾਸੀ ਮਜ਼ਦੂਰ ਨੂੰ ਨੌਕਰ ਰੱਖਣ ਤੋਂ ਪਹਿਲਾਂ ਪੁਲੀਸ ਵੈਰੀਫਿਕੇਸ਼ਨ ਕਰਵਾਈ ਹੁੰਦੀ ਤਾਂ ਅੱਜ ਕਿਸਾਨ ਦਾ ਕਾਤਲ ਨੌਕਰ ਹਵਾਲਾਤ ਵਿੱਚ ਡੱਕਿਆ ਹੋਣਾ ਸੀ। ਜਾਣਕਾਰੀ ਅਨੁਸਾਰ ਕਿਸਾਨ ਵੱਲੋਂ ਪਰਵਾਸੀ ਮਜ਼ਦੂਰ ਨੂੰ ਬੀਤੀ 20 ਜੁਲਾਈ ਨੂੰ ਹੀ ਨੌਕਰ ਰੱਖਿਆ ਸੀ। ਜਿਸ ਨੇ ਪੈਸਿਆ ਦੇ ਲਾਲਚ ਵਿੱਚ ਆ ਕੇ ਕਿਸਾਨ ਦੀ ਹੱਤਿਆ ਕਰ ਦਿੱਤੀ। ਨੌਕਰ ਕਿਸਾਨ ਦੀ ਜੇਬ ’ਚੋਂ 20 ਹਜ਼ਾਰ ਰੁਪਏ ਤੋਂ ਵੱਧ ਦੀ ਨਗਦੀ ਲੈ ਕੇ ਫਰਾਰ ਹੋ ਗਿਆ। ਕਿਸਾਨ ਸੁਰਿੰਦਰ ਸਿੰਘ ਬੀਤੀ 21 ਜੁਲਾਈ ਦੀ ਰਾਤ ਨੂੰ ਆਪਣੇ ਵਿਹੜੇ ਵਿੱਚ ਕੂਲਰ ਲਗਾ ਕੇ ਸੁੱਤਾ ਪਿਆ ਸੀ ਜਦੋਂਕਿ ਬਾਕੀ ਪਰਿਵਾਰਕ ਮੈਂਬਰ ਪਹਿਲੀ ਮੰਜ਼ਲ ’ਤੇ ਸੁੱਤੇ ਸਨ। ਕਿਸਾਨ ਦੀ ਪਤਨੀ ਦਰਸ਼ਨ ਕੌਰ ਨੇ 22 ਜੁਲਾਈ ਨੂੰ ਰੋਜ਼ਾਨਾ ਵਾਂਗ ਸਵੇਰੇ 4 ਵਜੇ ਮੱਝਾਂ ਦੀਆਂ ਧਾਰਾਂ ਕੱਢਣ ਲਈ ਹੇਠਾਂ ਉਤਰੀ ਤਾਂ ਵਿਹੜੇ ਵਿੱਚ ਉਸ ਦੇ ਪਤੀ ਦੀ ਮੰਜੇ ’ਤੇ ਖੂਨ ਨਾਲ ਲਥਪਥ ਲਾਸ਼ ਪਈ ਸੀ ਅਤੇ ਦੂਜੇ ਪਾਸੇ ਨੇੜੇ ਹੀ ਪਿਆ ਨੌਕਰ ਫਰਾਰ ਸੀ। ਦੱਸਿਆ ਗਿਆ ਹੈ ਕਿ ਕਿਸਾਨ ਪਿੰਡ ਕੁਰੜੀ ਸਥਿਤ ਐਕਸਿਸ ਬੈਂਕ ’ਚੋਂ 20 ਹਜ਼ਾਰ ਰੁਪਏ ਕਢਵਾ ਕੇ ਲਿਆਇਆ ਸੀ। ਕਿਸਾਨ ਦੀ ਜੇਬ ਵਿੱਚ ਪੈਸਿਆਂ ਬਾਰੇ ਸੂਹ ਲੱਗਣ ’ਤੇ ਦੋ ਦਿਨ ਪਹਿਲਾਂ ਹੀ ਰੱਖੇ ਨੌਕਰ ਨੇ ਕਿਸਾਨ ਦੀ ਪਸ਼ੂ ਬੰਨ੍ਹਣ ਵਾਲੇ ਕਿੱਲੇ ਨਾਲ ਬੇਰਹਿਮੀ ਨਾਲ ਹੱਤਿਆ ਕਰਕੇ ਪੈਸੇ ਲੈ ਕੇ ਰਾਤੋ ਰਾਤ ਘਰੋਂ ਫਰਾਰ ਹੋ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ