ਕਿਸਾਨ ਜਥੇਬੰਦੀਆਂ ਨੇ ‘ਆਪ’ ਵਿਧਾਇਕ ਦੇ ਦਫ਼ਤਰ ਮੂਹਰੇ ਦਿੱਤਾ ਵਿਸ਼ਾਲ ਧਰਨਾ, ਨਾਅਰੇਬਾਜ਼ੀ
‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਕਿਸਾਨਾਂ ਕੋਲ ਜਾ ਕੇ ਬੜੇ ਠਰੰ੍ਹਮੇ ਨਾਲ ਸੁਣੀ ਪੂਰੀ ਗੱਲ
ਕਿਸਾਨਾਂ ਨੇ ਵਿਧਾਇਕ ਵੱਲੋਂ ਪਰੋਸਿਆ ਭੋਜਨ ਖਾਣ ਤੋਂ ਜਵਾਬ, ਗੁਰਦੁਆਰਾ ਸ਼ਹੀਦਾਂ ਦਾ ਲੰਗਰ ਛਕਿਆ
ਨਬਜ਼-ਏ-ਪੰਜਾਬ, ਮੁਹਾਲੀ, 10 ਮਾਰਚ:
ਸੰਯੁਕਤ ਕਿਸਾਨ ਮੋਰਚੇ (ਐਸਕੇਐਮ) ਦੇ ਸੱਦੇ ’ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਮੁਹਾਲੀ ਵਿਖੇ ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਦਫ਼ਤਰ ਬਾਹਰ ਵਿਸ਼ਾਲ ਧਰਨਾ ਦਿੱਤਾ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਯੂਨੀਅਨ (ਰਾਜੇਵਾਲ), ਕਿਸਾਨ ਯੂਨੀਅਨ (ਲੱਖੋਵਾਲ), ਕਿਸਾਨ ਯੂਨੀਅਨ (ਕਾਦੀਆ), ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਕਿਸਾਨ ਯੂਨੀਅਨ (ਕਾਦੀਆ), ਕਿਸਾਨ ਯੂਨੀਅਨ (ਪੁਆਧ) ਅਤੇ ਕਿਰਤੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਜਸਪਾਲ ਸਿੰਘ ਨਿਆਮੀਆਂ, ਦਵਿੰਦਰ ਸਿੰਘ ਦੇਹਕਲਾਂ, ਰਵਨੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ, ਅੰਗਰੇਜ਼ ਸਿੰਘ, ਤਰਲੋਚਨ ਸਿੰਘ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਵੀ ਭਾਜਪਾ ਦੇ ਰਾਹ ਪੈ ਗਈ ਹੈ ਅਤੇ ਕਿਸਾਨਾਂ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨਾ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨਾਲ ਮੀਟਿੰਗ ’ਚੋਂ ਉੱਠ ਕੇ ਚਲੇ ਜਾਣਾ ਅਤੇ ਬਾਅਦ ਵਿੱਚ ਮਾੜਾ ਬੋਲਣਾ ਬਿਲਕੁਲ ਗਲਤ ਹੈ। ਚੰਡੀਗੜ੍ਹ ਮੋਰਚੇ ਤੋਂ ਪਹਿਲਾਂ ਅਤੇ ਉਸ ਦਿਨ ਕਿਸਾਨਾਂ ਨੂੰ ਫੜ ਕੇ ਥਾਣਿਆਂ ਵਿੱਚ ਬੰਦ ਕਰਨਾ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਵਤੀਰਾ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦੇ ਬਰਾਬਰ ਹੈ। ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਖ਼ੁਦ ਚੱਲ ਕੇ ਕਿਸਾਨਾਂ ਕੋਲ ਆਏ ਅਤੇ ਬੜੇ ਠਰੰ੍ਹਮੇ ਨਾਲ ਕਿਸਾਨਾਂ ਦੀ ਪੂਰੀ ਗੱਲ ਸੁਣੀ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀਆਂ ਭਾਵਨਾਵਾਂ ਅਤੇ ਮੰਗਾਂ ਪੰਜਾਬ ਸਰਕਾਰ ਤੱਕ ਪਹੁੰਚਾਉਣਗੇ। ਕੁਲਵੰਤ ਸਿੰਘ ਨੇ ਕਿਸਾਨਾਂ ਲਈ ਲੰਗਰ ਤਿਆਰ ਕਰਵਾਇਆ ਗਿਆ ਅਤੇ ਭੋਜਨ ਪਰੋਸਣ ਦੀ ਵੀ ਪੇਸ਼ਕਸ਼ ਕੀਤੀ ਪ੍ਰੰਤੂ ਕਿਸਾਨਾਂ ਨੇ ‘ਆਪ’ ਵਿਧਾਇਕ ਦਾ ਲੰਗਰ ਨਹੀਂ ਛਕਿਆ। ਬਾਅਦ ਵਿੱਚ ਨੰਬਰਦਾਰ ਹਰਵਿੰਦਰ ਸਿੰਘ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ’ਚੋਂ ਲੰਗਰ ਲੈ ਕੇ ਆਏ ਅਤੇ ਸਾਰੇ ਕਿਸਾਨਾਂ ਨੇ ਪੰਗਤ ਵਿੱਚ ਬੈਠ ਕੇ ਛਕਿਆ।
ਇਸ ਮੌਕੇ ਕੁਲਵੰਤ ਸਿੰਘ ਤ੍ਰਿਪੜੀ, ਜਸਪਾਲ ਲਾਂਡਰਾਂ, ਜਗਵਿੰਦਰ ਸਿੰਘ ਕੰਡਾਲਾ, ਹਰਦੀਪ ਸਿੰਘ ਬਠਲਾਣਾ, ਗੁਰਜਿੰਦਰ ਸਿੰਘ ਸਿਆਊ, ਹਰਜੀਤ ਸਿੰਘ, ਸ਼ੇਰ ਸਿੰਘ ਦੈੜੀ, ਸਤਨਾਮ ਸਿੰਘ, ਦਰਸ਼ਨ ਸਿੰਘ ਦੁਰਾਲੀ, ਗੁਰਨਾਮ ਸਿੰਘ ਦਾਊਂ, ਕਮਲਪ੍ਰੀਤ ਸਿੰਘ ਲਾਂਡਰਾਂ, ਰੁਸਤਮ ਭਬਾਤ, ਤਰਲੋਚਨ ਭਬਾਤ ਅਤੇ ਹੋਰਨਾਂ ਕਿਸਾਨਾਂ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਅਤੇ ਕਿਸਾਨਾਂ ’ਤੇ ਜੁਲਮ ਢਾਹੁਣ ਦੀ ਕੋਸ਼ਿਸ਼ ਕੀਤੀ ਤਾਂ ਸੂਬੇ ਵਿੱਚ ਵੱਡੇ ਪੱਧਰ ’ਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।