Nabaz-e-punjab.com

ਘਰੇਲੂ ਬਗੀਚੀ ਵਿੱਚ ਸਬਜ਼ੀਆਂ ਤੇ ਫਲਾਂ ਦਾ ਉਤਪਾਦਨ ਕਰ ਰਿਹਾ ਹੈ ਬਜ਼ੁਰਗ ਕਿਸਾਨ ਉਜਾਗਰ ਸਿੰਘ

ਬਜ਼ੁਰਗ ਕਿਸਾਨ ਦਾ ਦਾਅਵਾ: 25 ਸਾਲਾਂ ਤੋਂ ਨਹੀਂ ਖਰੀਦੀ ਬਾਜ਼ਾਰ ’ਚੋਂ ਕੋਈ ਸਬਜ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੁਲਾਈ:
ਅਜੋਕੇ ਸਮੇਂ ਵਿੱਚ ਆਮ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖੁਰਾਕ, ਜਿਸ ਵਿੱਚ ਵਿਟਾਮਿਨ, ਪ੍ਰੋਟੀਨ ਅਤੇ ਹੋਰ ਲੋੜੀਂਦੇ ਖੁਰਾਕੀ ਤੱਤ ਹੋਣ, ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਸੰਤੁਲਿਤ ਖੁਰਾਕ ਲਈ ਹਰ ਵਿਅਕਤੀ ਨੂੰ ਰੋਜ਼ਾਨਾ 300 ਗਰਾਮ ਸਬਜ਼ੀਆਂ ਅਤੇ 100 ਗਰਾਮ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਸਰਵੇਖਣਾਂ ਤੋਂ ਪਤਾ ਲਗਦਾ ਹੈ ਕਿ ਅਸੀਂ ਰੋਜ਼ਾਨਾ 180 ਗਰਾਮ ਸਬਜ਼ੀਆਂ ਅਤੇ ਨਾਮਾਤਰ ਫਲਾਂ ਦਾ ਸੇਵਨ ਕਰਦੇ ਹਾਂ। ‘ਮਿਸ਼ਨ ਤੰਦਰੁਸਤ ਪੰਜਾਬ’ ਦੇ ਸ਼ੁਰੂ ਹੋਣ ਨਾਲ ਆਮ ਨਾਗਰਿਕ ਜਿੱਥੇ ਸੁਰੱਖਿਅਤ ਸਬਜ਼ੀਆਂ ਅਤੇ ਫਲਾਂ ਦੀ ਖਪਤ ਵੱਲ ਜਾਗਰੂਕ ਹੋਏ ਹਨ, ਉੱਥੇ ਘਰੇਲੂ ਸਬਜ਼ੀ ਉਤਪਾਦਨ ਸਮੇਂ ਦੀ ਲੋੜ ਬਣ ਗਿਆ ਹੈ, ਜਿਸ ਨੂੰ ਪਛਾਣ ਕੇ ਪਿੰਡ ਕੰਸਾਲਾ ਬਲਾਕ ਮਾਜਰੀ ਦੇ 85 ਸਾਲਾ ਦੇ ਬਜ਼ੁਰਗ ਕਿਸਾਨ ਉਜਾਗਰ ਸਿੰਘ ਆਪਣੀ ਹਵੇਲੀ ਵਿੱਚ ਘਰੇਲੂ ਪੱਧਰ ’ਤੇ ਪਰਿਵਾਰ ਦੀ ਲੋੜ ਲਈ ਸਬਜ਼ੀਆਂ ਅਤੇ ਫਲਾਂ ਦਾ ਉਤਪਾਦਨ ਕਰ ਰਿਹਾ ਹੈ।
ਕਿਸਾਨ ਉਜਾਗਰ ਸਿੰਘ ਨੇ ਆਪਣੀ ਹਵੇਲੀ ਵਿੱਚ ਕੰਧਾਂ ਦੇ ਨਾਲ-ਨਾਲ ਫਰਸ਼ ਪੁੱਟ ਕੇ ਬਗੀਚੀ ਤਿਆਰ ਕੀਤੀ ਹੋਈ ਹੈ, ਜਿਸ ਵਿੱਚ ਘਰੇਲੂ ਪੱਧਰ ’ਤੇ ਪਰਿਵਾਰ ਦੀ ਲੋੜ ਲਈ ਸਬਜ਼ੀਆਂ ਅਤੇ ਫਲਾਂ ਦਾ ਉਤਪਾਦਨ ਕਰ ਰਿਹਾ ਹੈ। ਕਿਸਾਨ ਦਾ ਕਹਿਣਾ ਹੈ ਕਿ ਘਰ ਪਹਿਲਾਂ ਤੋਂ ਵੱਡੇ ਹੋ ਗਏ ਹਨ ਪਰ ਸਾਰਿਆਂ ਨੇ ਆਪਣੇ ਘਰਾਂ ਵਿੱਚ ਫਰਸ਼ ਬਣਾ ਲਏ ਹਨ ਅਤੇ ਹਰ ਪਰਿਵਾਰ ਸਬਜ਼ੀ ਬੀਜਣ ਲਈ ਜਗ੍ਹਾ ਉਪਲਬਧ ਹੋਣ ਦੇ ਬਾਵਜੂਦ ਬਾਜ਼ਾਰ ਤੋਂ ਖਰੀਦ ਕੇ ਸਬਜ਼ੀ ਖਾਣ ਵਿੱਚ ਰੁਚੀ ਰੱਖਦਾ ਹੈ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਵਿੱਚ 9 ਏਕੜ ਜ਼ਮੀਨ ਹੈ ਪਰ ਆਪਣੀ ਲੋੜ ਲਈ ਉਹ ਆਪਣੇ ਘਰ ਵਿੱਚ ਬਹੁਤ ਹੀ ਸ਼ੌਕ ਨਾਲ ਖੁਦ ਪਨੀਰੀ ਬੀਜ ਕੇ ਤਕਰੀਬਨ ਹਰ ਸਬਜ਼ੀ ਆਪਣੀ ਪਸੰਦ ਅਨੁਸਾਰ ਉਗਾਉਂਦਾ ਹੈ ਅਤੇ ਪਿਛਲੇ 25 ਸਾਲਾਂ ਤੋਂ ਉਨ੍ਹਾਂ ਕਦੇ ਬਾਜ਼ਾਰ ਤੋਂ ਸਬਜ਼ੀ ਨਹੀਂ ਖਰੀਦੀ।
ਇਸ ਮੌਕੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਆਮ ਭਾਰਤੀ ਰੋਜ਼ਾਨਾ 450 ਗਰਾਮ ਅਨਾਜ ਦੀ ਖ਼ਪਤ ਕਰਦਾ ਹੈ, ਜੋ ਦੁਨੀਆਂ ਵਿੱਚ ਸੱਭ ਤੋਂ ਵੱਧ ਹੈ। ਸਾਨੂੰ ਅਨਾਜ ਦੀ ਖ਼ਪਤ ਘਟਾ ਕੇ ਤੰਦਰੁਸਤ ਸਿਹਤ ਲਈ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਵਧਾਉਣ ਦੀ ਲੋੜ ਹੈ। ਪੰਜਾਬ ਵਿੱਚ ਸਬਜ਼ੀਆਂ ਅਤੇ ਫਲਾਂ ਦੀ ਕੋਈ ਘਾਟ ਨਹੀਂ ਹੈ ਪਰ ਸਾਨੂੰ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕਿਸਾਨਾਂ ਨੂੰ ਸਬਜ਼ੀਆਂ ਅਤੇ ਫਲਾਂ ਦੀ ਪੈਦਾਵਾਰ ਲਈ ਸੁਰੱਖਿਅਤ ਕੀਟਨਾਸ਼ਕਾਂ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਕਿਸਾਨ ਹੁਣ ਇਨ੍ਹਾਂ ਦੀ ਵਰਤੋਂ ਵੀ ਕਰ ਰਹੇ ਹਨ। ਆਮ ਨਾਗਰਿਕ ਹੁਣ ਬਿਨਾਂ ਕਿਸੇ ਸੰਕੋਚ ਤੋਂ ਇਨ੍ਹਾਂ ਦਾ ਇਸਤੇਮਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਸ਼ੁਰੂਆਤ ਹਰ ਵਿਅਕਤੀ ਆਪਣੇ ਆਪ ਤੋਂ ਅਤੇ ਆਪਣੇ ਪਰਿਵਾਰ ਤੋਂ ਕਰੇ।
ਬਾਗਬਾਨੀ ਵਿਕਾਸ ਅਫ਼ਸਰ ਤਰਲੋਚਨ ਸਿੰਘ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਘਰੇਲੂ ਬੀਜ ਕਿੱਟਾਂ ਹਰ ਸਾਲ ਸਤੰਬਰ ਅਤੇ ਫਰਵਰੀ ਮਹੀਨੇ ਬਿਜਾਈ ਲਈ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਜਾਗਰ ਸਿੰਘ ਦੀ ਤਰਜ਼ ’ਤੇ ਘਰੇਲੂ ਸਬਜ਼ੀ ਉਤਪਾਦਨ ਵੱਲ ਧਿਆਨ ਦਿੱਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…