
ਨਕਲੀ ਖਾਦ ਤੇ ਕੀੜੇਮਾਰ ਦਵਾਈਆਂ ਦੀ ਸ਼ਿਕਾਇਤ ਲੈ ਕੇ ਵਿਜੀਲੈਂਸ ਮੁਖੀ ਨੂੰ ਮਿਲੇ ਕਿਸਾਨ ਆਗੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ:
ਖੇਤੀਬਾੜੀ ਵਿਭਾਗ ਦੇ ਫੈਲੇ ਕਥਿਤ ਭ੍ਰਿਸ਼ਟ ਅਤੇ ਨਕਲੀ ਖਾਦ ਅਤੇ ਕੀੜੇਮਾਰ ਦਵਾਈਆਂ ਦੀ ਸ਼ਿਕਾਇਤ ਲੈ ਕੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਮੈਂਬਰ ਸਤਨਾਮ ਸਿੰਘ ਬਹਿਰੂ ਦੀ ਅਗਵਾਈ ਹੇਠ ਕਿਸਾਨਾਂ ਦਾ ਪੰਜ ਮੈਂਬਰੀ ਵਫ਼ਦ ਅੱਜ ਮੁਹਾਲੀ ਵਿਖੇ ਪੰਜਾਬ ਵਿਜੀਲੈਂਸ ਵਿਭਾਗ ਦੇ ਚੀਫ਼ ਡਾਇਰੈਕਟਰ ਵਰਿੰਦਰ ਕੁਮਾਰ ਨੂੰ ਮਿਲਿਆ। ਕਿਸਾਨਾਂ ਨੇ ਵਿਜੀਲੈਂਸ ਮੁਖੀ ਨੂੰ ਮੰਗ ਪੱਤਰ ਸੌਂਪ ਕੇ ਖੇਤੀਬਾੜੀ ਵਿਭਾਗ ਦੇ ਭ੍ਰਿਸ਼ਟ ਅਤੇ ਬਦਨਾਮ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਉਸ ਇੱਕ ਖੇਤੀਬਾੜੀ ਅਫ਼ਸਰ ਦੇ ਖ਼ਿਲਾਫ਼ ਅਪਰਾਧਿਕ ਪਰਚਾ ਦਰਜ ਕਰਨ ਦੀ ਮੰਗ ਕੀਤੀ ਕਿ ਜਿਸ ਦੇ ਖ਼ਿਲਾਫ਼ ਜਨਵਰੀ 2022 ਵਿੱਚ ਵਿਜੀਲੈਂਸ ਦੀ ਮੁੱਢਲੀ ਜਾਂਚ ਮੁਕੰਮਲ ਹੋ ਚੱੁਕੀ ਹੈ। ਕਿਸਾਨਾਂ ਨੇ ਸੂਤਰਾਂ ਦੇ ਹਵਾਲੇ ਨੇ ਦੱਸਿਆ ਕਿ ਖੇਤੀ ਅਫ਼ਸਰ ਦੇ ਖ਼ਿਲਾਫ਼ ਦੋਸ਼ ਵੀ ਸਾਬਤ ਹੋ ਚੁੱਕੇ ਹਨ ਅਤੇ ਵਿਜੀਲੈਂਸ ਦੇ ਡੀਐਸਪੀ ਤੇ ਜਾਂਚ ਅਧਿਕਾਰੀ ਨੇ ਭ੍ਰਿਸ਼ਟ ਅਧਿਕਾਰੀ ਖ਼ਿਲਾਫ਼ ਪਰਚਾ ਦਰਜ ਕਰਨ ਦੀ ਸਰਕਾਰ ਤੋਂ ਆਗਿਆ ਮੰਗੀ ਹੈ। ਜਾਂਚ ਅਧਿਕਾਰੀ ਨੂੰ ਐਫ਼ਆਈਆਰ ਦਰਜ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਕਿਸਾਨਾਂ ਨੇ ਵਿਜੀਲੈਂਸ ਮੁਖੀ ਦੇ ਧਿਆਨ ਵਿੱਚ ਲਿਆਂਦਾ ਕਿ ਉਕਤ ਅਧਿਕਾਰੀ ਆਪਣਾ ਰਸੂਖ਼ ਵਰਤ ਕੇ ਆਪਣੇ ਬਚਾਅ ਲਈ ਪੈਰਵੀ ਕਰਕੇ ਕਾਨੂੰਨੀ ਕਾਰਵਾਈ ਬਚਨਾ ਚਾਹੁੰਦਾ ਹੈ। ਜਿਸ ’ਤੇ ਵਿਜੀਲੈਂਸ ਮੁਖੀ ਨੇ ਤੁਰੰਤ ਕਿਸਾਨਾਂ ਦੀ ਹਾਜ਼ਰੀ ਵਿੱਚ ਆਪਣੇ ਅਫ਼ਸਰ ਨੂੰ ਸੱਦ ਕੇ ਹਦਾਇਤ ਕੀਤੀ ਕਿ ਕਿਸਾਨਾਂ ਨਾਲ ਧ੍ਰੋਹ ਕਮਾਉਣ ਵਾਲੇ ਭ੍ਰਿਸ਼ਟ ਅਧਿਕਾਰੀ ਖ਼ਿਲਾਫ਼ ਤੁਰੰਤ ਪਰਚਾ ਦਰਜ ਕਰਵਾਇਆ ਜਾਵੇ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਚੌਕਸੀ ਵਿਭਾਗ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੇ ਪੱਧਰ ’ਤੇ ਮੁਹਿੰਮ ਵਿੱਢੀ ਗਈ ਹੈ ਅਤੇ ਕਿਸਾਨ ਜਥੇਬੰਦੀਆਂ ਤੇ ਆਮ ਨਾਗਰਿਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ।
ਵਿਜੀਲੈਂਸ ਮੁਖੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਨਕਲੀ ਖਾਦਾਂ ਅਤੇ ਨਕਲੀ ਕੀੜੇਮਾਰ ਦਵਾਈਆਂ ਅਤੇ ਨਕਲੀ ਬੀਜਾਂ ਨੇ ਕਿਸਾਨਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਕੀਤਾ ਹੈ। ਹਾਲਾਂਕਿ ਕਈ ਖੇਤੀਬਾੜੀ ਅਫ਼ਸਰਾਂ ਵੱਲੋਂ ਸਮੇਂ ਸਮੇਂ ਸਿਰ ਸੈਂਪਲ ਵੀ ਭਰੇ ਜਾਂਦੇ ਹਨ ਪ੍ਰੰਤੂ ਹੁਣ ਤੱਕ ਵੱਡੇ ਮਿਲਾਵਟਖੋਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਖੇਤੀਬਾੜੀ ਲਈ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਵੀ ਭ੍ਰਿਸ਼ਟ ਅਫ਼ਸਰ ਖ਼ੁਦ ਹੀ ਹੜੱਪ ਜਾਂਦੇ ਹਨ। ਇਸ ਮੌਕੇ ਹਰਦੇਵ ਸਿੰਘ ਗਿੱਲ, ਗੁਰਮੇਲ ਸਿੰਘ ਬੋਸਰ, ਰਣਜੀਤ ਸਿੰਘ ਆਕੜ ਅਤੇ ਬਲਿਹਾਰ ਸਿੰਘ ਰੁੜਕੀ ਵੀ ਮੌਜੂਦ ਸਨ।