
ਗੰਨੇ ਦੀ ਬਕਾਇਆ ਰਾਸੀ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਮੁੜ ਗਰਜ਼ੇ ਕਿਸਾਨ
ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨੂੰ ਮਿਲੇ ਬਿਨਾਂ ਦਿੱਲੀ ਰਵਾਨਾ, ਕਿਸਾਨਾਂ ’ਚ ਭਾਰੀ ਰੋਸ
ਕਿਸਾਨਾਂ ਵੱਲੋਂ ਪੁਲੀਸ ਰੋਕਾਂ ਤੋੜ ਕੇ ਚੰਡੀਗੜ੍ਹ ਵੱਲ ਵਧਣ ਦਾ ਯਤਨ, ਦੂਜੇ ਨਾਕੇ ’ਤੇ ਪੁਲੀਸ ਨੇ ਰਾਹ ਡੱਕਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਪੰਜਾਬ ਦੇ ਕਿਸਾਨਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਦੇਣ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਕਿਸਾਨਾਂ ਦਾ ਗੁੱਸਾ ਉਦੋਂ ਸੱਤਵੇਂ ਅਸਮਾਨ ’ਤੇ ਚੜ੍ਹ ਗਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨੂੰ ਮਿਲੇ ਬਿਨਾਂ ਹੀ ਦਿੱਲੀ ਲਈ ਰਵਾਨਾ ਹੋ ਗਏ। ਜਿਸ ਕਾਰਨ ਕਿਸਾਨਾਂ ਨੇ ਚੰਡੀਗੜ੍ਹ ਵੱਲ ਕੂਚ ਕਰ ਦਿੱਤਾ। ਹਾਲਾਂਕਿ ਮੁਹਾਲੀ ਪੁਲੀਸ ਨੇ ਪਹਿਲਾਂ ਲਾਲ ਬੱਤੀ ਚੌਕ ਫੇਜ਼-7 ’ਤੇ ਕਿਸਾਨਾਂ ਨੂੰ ਰੋਕਣ ਦਾ ਯਤਨ ਕੀਤਾ ਪਰ ਕਿਸਾਨਾਂ ਦਾ ਕਾਫ਼ਲਾ ਅੱਗੇ ਵਧਣ ਵਿੱਚ ਸਫਲ ਰਿਹਾ। ਰਸਤੇ ਵਿੱਚ ਸ਼ਰਾਬ ਦੇ ਠੇਕੇ ਨੇੜੇ ਪੁਲੀਸ ਵੱਲੋਂ ਬੈਰੀਕੇਡ ਲਗਾ ਕੇ ਮਜ਼ਬੂਤ ਸੁਰੱਖਿਆ ਘੇਰਾ ਬਣਾਇਆ ਗਿਆ ਪ੍ਰੰਤੂ ਕਿਸਾਨਾਂ ਨੇ ਟਰੈਕਟਰਾਂ ਦੀ ਮਦਦ ਨਾਲ ਪੁਲੀਸ ਰੋਕਾਂ ਤੋੜ ਕੇ ਵਾਈਪੀਐਸ ਚੌਕ ਤੋਂ ਅੱਗੇ ਨਿਕਲ ਗਏ ਲੇਕਿਨ ਪੁਲੀਸ ਨੇ ਜ਼ਬਰਦਸਤ ਬੈਰੀਕੇਟਿੰਗ ਕਰਕੇ ਕਿਸਾਨਾਂ ਦਾ ਰਾਹ ਡੱਕ ਲਿਆ। ਜਿਸ ਕਾਰਨ ਕਿਸਾਨ ਮੁੱਖ ਸੜਕ ਜਾਮ ਕਰਕੇ ਧਰਨੇ ’ਤੇ ਬੈਠ ਗਏ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਅਤੇ ਦੇਰ ਸ਼ਾਮ ਕਿਸਾਨ ਅਗਲੇ ਸੰਘਰਸ਼ ਦਾ ਐਲਾਨ ਕਰ ਸਕਦੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਭਰ ’ਚੋਂ ਅੱਜ ਕਿਸਾਨ ਵੱਡੇ ਕਾਫ਼ਲਿਆਂ ਰਾਹੀਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਪਹੁੰਚਣੇ ਸ਼ੁਰੂ ਹੋ ਗਏ ਅਤੇ ਦੁਪਹਿਰ 12 ਵਜੇ ਕਿਸਾਨਾਂ ਦੀ ਵੱਡੀ ਭੀੜ ਜਮ੍ਹਾ ਹੋ ਗਈ। ਇੱਥੇ ਕਿਸਾਨ ਯੂਨੀਅਨ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ, ਜਗਜੀਤ ਸਿੰਘ ਡੱਲੇਵਾਲ, ਕਿਸਾਨ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ, ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਖੋਸਾ, ਜਨਰਲ ਸਕੱਤਰ ਗੁਰਿੰਦਰ ਸਿੰਘ, ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਪ੍ਰਧਾਨ ਇੰਦਰਜੀਤ ਸਿੰਘ, ਸੁੱਚਾ ਸਿੰਘ, ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ, ਅਮਰਜੀਤ ਸਿੰਘ ਮਾਹਲ, ਕਿਸਾਨ ਸੰਘਰਸ਼ ਕਮੇਟੀ ਦੋਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ, ਰਣਜੀਤ ਸਿੰਘ, ਬੀਕੇਯੂ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ, ਰਛਪਾਲ ਸਿੰਘ, ਜੈ ਕਿਸਾਨ ਅੰਦੋਲਨ ਪੰਜਾਬ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਬਰਨਾਲਾ, ਬੀਕੇਯੂ ਬਹਿਰਾਮ ਕੇ ਦੇ ਪ੍ਰਧਾਨ ਬਲਵੰਤ ਸਿੰਘ, ਜਗਤਾਰ ਸਿੰਘ ਜੱਲੇਵਾਲ, ਕੰਢੀ ਏਰੀਆ ਸੰਘਰਸ਼ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਤੇ ਬੀਕੇਯੂ ਮਾਝਾ ਦੇ ਪ੍ਰਧਾਨ ਕੰਵਲਜੀਤ ਸਿੰਘ ਤੇ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਮੌਜੂਦ ਹਨ। ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਰਾਜਵਿੰਦਰ ਕੌਰ ਨੇ ਆਪਣੇ ਜਥੇ ਨਾਲ ਸ਼ਮੂਲੀਅਤ ਕੀਤੀ।
ਇਸ ਮੌਕੇ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ, ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਸਰਕਾਰ ਇਹ ਨਾ ਸਮਝੇ ਕਿ ਉਹ ਬੈਰੀਕੇਡ ਨਹੀਂ ਤੋੜ ਸਕਦੇ ਪ੍ਰੰਤੂ ਉਹ ਸ਼ਾਂਤਮਈ ਧਰਨਾ ਦੇਣ ਆਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇੱਥੇ ਪੱਕਾ ਧਰਨਾ ਜਾਰੀ ਰਹੇਗਾ ਅਤੇ ਲੋੜ ਪਈ ਤਾਂ ਚੰਡੀਗੜ੍ਹ ਦੀ ਹੱਦ ’ਤੇ ਵੀ ਦਿੱਲੀ ਦੇ ਸਿੰਘੂ ਬਾਰਡਰ ਵਾਂਗ ਪੱਕਾ ਮੋਰਚਾ ਲਾਇਆ ਜਾਵੇਗਾ। ਉਨ੍ਹਾਂ ਕਿਸਾਨੀ ਮੰਗਾਂ ਦਾ ਜ਼ਿਕਰ ਕਰਦਿਆਂ ਐਤਕੀਂ ਕਣਕ ਦਾ ਝਾੜ ਘੱਟ ਰਹਿਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਲਿਹਾਜ਼ਾ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ, ਝੋਨੇ ਦੀ ਲਵਾਈ ਲਈ 10 ਜੂਨ ਤੋਂ ਸ਼ੁਰੂ ਹੋ ਰਹੀ ਹੈ। ਪੰਜਾਬ ਵਿੱਚ ਪਾਵਰ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ, ਮੂੰਗੀ, ਮੱਕੀ ਅਤੇ ਬਾਸਮਤੀ ਨੂੰ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦਣ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ। ਬਾਸਮਤੀ ਦਾ ਘੱਟੋ-ਘੱਟ ਸਮਰਥਨ ਮੁੱਲ 4500 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਜਾਵੇ। ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਹਟਾਉਣ ਦੀ ਆੜ ਵਿੱਚ ਕਿਸਾਨਾਂ ਨੂੰ ਉਜਾੜਨ ਦੀ ਕਾਰਵਾਈ ਫੌਰੀ ਰੋਕੀ ਜਾਵੇ, ਕੋਆਪਰੇਟਿਵ ਬੈਂਕਾਂ ਅਤੇ ਹੋਰ ਅਦਾਰਿਆਂ ਦੇ ਕਰਜ਼ੇ ਵਿੱਚ ਫਸੇ ਕਿਸਾਨਾਂ ਦੇ ਵਾਰੰਟ ਅਤੇ ਕੁਰਕੀਆਂ ਬੰਦ ਕਰਨ ਅਤੇ 2 ਲੱਖ ਤੱਕ ਦੇ ਕਰਜ਼ਿਆਂ ਦੀ ਮੁਆਫ਼ ਕਰਨ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਘਰਾਂ ’ਚੋਂ ਟਰਾਲੀਆਂ ਵਿੱਚ ਰਾਸ਼ਨ ਲੱਦ ਕੇ ਲਿਆਏ ਹਨ ਅਤੇ ਉਹ ਦਿੱਲੀ ਵਾਂਗ ਪੱਕਾ ਮੋਰਚਾ ਲਾਉਣ ਤੋਂ ਪਿੱਛੇ ਨਹੀਂ ਹਟਣਗੇ।
ਉਧਰ, ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਦਰਸ਼ਨ ਪਾਲ ਨੇ ਦੇਰ ਸ਼ਾਮ ਮੀਡੀਆ ਨਾਲ ਗੱਲਬਾਤ ਦੌਰਾਨ ਐਲਾਨ ਕੀਤਾ ਕਿ ਕਿਸਾਨ ਭਲਕੇ ਬੁੱਧਵਾਰ ਤੋਂ ਆਪਣੇ ਨੂੰ ਹੋਰ ਸੰਘਰਸ਼ ਤੇਜ਼ ਕਰਨਗੇ।

ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਸਬਰ ਦੀ ਹੋਰ ਪ੍ਰੀਖਿਆ ਨਾ ਲਵੇ ਅਤੇ ਅੰਨਦਾਤਾ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨੀਆਂ ਜਾਣ ਅਤੇ ਮੁੱਖ ਮੰਤਰੀ ਭਗਵੰਤ ਨਾਲ ਜਲਦੀ ਪੈਨਲ ਮੀਟਿੰਗ ਦਾ ਸਮਾਂ ਤੈਅ ਕੀਤਾ ਜਾਵੇ। ਜੇਕਰ ਮੀਟਿੰਗ ਲਈ ਸਮਾਂ ਨਿਸ਼ਚਿਤ ਨਹੀਂ ਕੀਤਾ ਗਿਆ ਤਾਂ ਕਿਸਾਨਾਂ ਵੱਲੋਂ ਗੁਪਤ ਐਕਸ਼ਨ ਕੀਤੇ ਜਾਣਗੇ ਅਤੇ ਹੋਰਨਾਂ ਲਾਂਘਿਆਂ ਰਾਹੀਂ ਚੰਡੀਗੜ੍ਹ ਵੱਲ ਕੂਚ ਕਰਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।