ਭਾਰਤ ਬੰਦ ਨੂੰ ਸਫਲ ਬਣਾਉਣ ਲਈ ਕਿਸਾਨਾਂ ਤੇ ਆਮ ਲੋਕਾਂ ਦੀ ਲਾਮਬੰਦੀ ਲਈ ਨੁੱਕੜ ਮੀਟਿੰਗਾਂ

ਵਪਾਰੀ ਵਰਗ ਸਮੇਤ ਆਮ ਲੋਕਾਂ ਨੇ ਦਿੱਤਾ ਸਹਿਯੋਗ ਦਾ ਪੂਰਾ ਭਰੋਸਾ, ਬੰਦ ਰਹਿਣਗੇ ਸਾਰੇ ਬਾਜ਼ਾਰ

ਮੁਹਾਲੀ ਸ਼ਹਿਰ ਤੇ ਨੇੜਲੇ ਪਿੰਡਾਂ, ਮੁੱਖ ਸੜਕਾਂ ’ਤੇ ਕੀਤੀ ਜਾਵੇਗੀ ਆਵਾਜਾਈ ਠੱਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਸਤੰਬਰ:
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਉੱਤੇ ਦਬਾਅ ਪਾਉਣ ਲਈ 27 ਸਤੰਬਰ ਨੂੰ ਭਾਰਤ ਬੰਦ ਸਬੰਧੀ ਉਲੀਕੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਿੰਡਾਂ ਦੇ ਕਿਸਾਨਾਂ ਅਤੇ ਆਮ ਲੋਕਾਂ ਦੀ ਲਾਮਬੰਦੀ ਲਈ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਊ, ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਕੁਲਵੰਤ ਸਿੰਘ ਤ੍ਰਿਪੜੀ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਜਗਜੀਤ ਸਿੰਘ, ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ ਨੇ ਦੇਸ਼ ਦੇ ਹੁਕਮਰਾਨਾਂ ਨੂੰ ਗੂੜੀ ਨੀਂਦ ਤੋਂ ਜਗਾਉਣ ਲਈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਏਕਤਾ ਦਿਖਾਉਣੀ ਚਾਹੀਦੀ ਹੈ, ਕਿਉਂਕਿ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈ।
ਆਗੂਆਂ ਨੇ ਦੱਸਿਆ ਕਿ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਮੁਹਾਲੀ ਸ਼ਹਿਰ, ਨੇੜਲੇ ਪਿੰਡਾਂ ਅਤੇ ਮੁੱਖ ਸੜਕਾਂ ਅਤੇ ਰਾਜ ਮਾਰਗਾਂ ਉੱਤੇ ਆਵਾਜਾਈ ਠੱਪ ਕਰਕੇ ਰੋਸ ਵਿਖਾਵਾ ਕੀਤਾ ਜਾਵੇਗਾ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਲਈ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਹੀਂ ਰੋਕੀਆਂ ਜਾਣਗੀਆਂ। ਮੁਹਾਲੀ ਏਅਰਪੋਰਟ ਸੜਕ ’ਤੇ ਏਅਰਪੋਰਟ ਚੌਂਕ, ਐਰੋਸਿਟੀ ਸੈਕਟਰ-82, ਕੇਂਦਰੀ ਸਿੱਖਿਆ ਸੰਸਥਾਨ ਆਈਸਰ ਦੇ ਸਾਹਮਣੇ ਲਾਲ ਬੱਤੀ ਚੌਂਕ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਟੀ ਪੁਆਇੰਟ, ਵਾਈਪੀਐਸ ਚੌਂਕ, ਫੇਜ਼-3\5 ਦੇ ਟਰੈਫ਼ਿਕ ਲਾਈਟ ਪੁਆਇੰਟ, ਬਲੌਂਗੀ, ਗੋਪਾਲ ਸਵੀਟਸ ਦੇ ਸਾਹਮਣੇ, ਚੱਪੜਚਿੜੀ ਸਵਰਾਜ ਫੈਕਟਰੀ ਟੀ ਪੁਆਇੰਟ ਸਮੇਤ ਹੋਰਨਾਂ ਥਾਵਾਂ ’ਤੇ ਰੋਸ ਵਿਖਾਵੇ ਕੀਤੇ ਜਾਣਗੇ। ਇੰਜ ਹੀ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੀਤਇੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਲਾਂਡਰਾਂ ਜੰਕਸ਼ਨ ’ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇੰਜ ਹੀ ਜ਼ੀਰਕਪੁਰ-ਪਟਿਆਲਾ ਨੈਸ਼ਨਲ ਹਾਈਵੇਟ ’ਤੇ ਸਥਿਤ ਅਜੀਜਪੁਰ ਟੋਲ ਪਲਾਜ਼ਾ ਅਤੇ ਮੁਹਾਲੀ ਤੋਂ ਲੁਧਿਆਣਾ ਨੈਸ਼ਨਲ ਹਾਈਵੇਅ ’ਤੇ ਖਰੜ ਨੇੜੇ ਭਾਗੋਮਾਜਰਾ ਟੋਲ ਪਲਾਜ਼ਾ ’ਤੇ ਇਲਾਕੇ ਦੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਆਗੂਆਂ ਨੇ ਪ੍ਰਦਰਸ਼ਨਕਾਰੀ ਵੀਰਾਂ ਅਤੇ ਭੈਣਾਂ ਨੂੰ ਅਪੀਲ ਕੀਤੀ ਕਿ ਭਾਰਤ ਬੰਦ ਦੌਰਾਨ ਉਹ ਪੂਰਨ ਅਮਨ ਸ਼ਾਂਤ ਬਣਾਈ ਰੱਖਣ ਅਤੇ ਕਿਸੇ ਰਾਹਗੀਰ ਨਾਲ ਕੋਈ ਜ਼ਬਰਦਸਤੀ ਨਾ ਕੀਤੀ ਜਾਵੇ।
ਉਧਰ, ਵੱਖ-ਵੱਖ ਸਿਆਸੀ ਪਾਰਟੀਆਂ ਸਮੇਤ ਵਪਾਰੀ ਵਰਗ ਅਤੇ ਦੁਕਾਨਦਾਰਾਂ ਨੇ ਭਾਰਤ ਬੰਦ ਦੌਰਾਨ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ ਅਤੇ ਜਸਪਾਲ ਸਿੰਘ ਨਿਆਮੀਆਂ ਤੇ ਹੋਰਨਾਂ ਆਗੂਆਂ ਦੀ ਮੌਜੂਦਗੀ ਵਿੱਚ ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਅਤੇ ਆਮ ਆਗੂ ਵਿਨੀਤ ਵਰਮਾ ਨੇ ਐਲਾਨ ਕੀਤਾ ਕਿ ਸੋਮਵਾਰ ਨੂੰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਸਾਰੇ ਬਾਜ਼ਾਰ, ਦੁਕਾਨਾਂ ਤੇ ਦਫ਼ਤਰ ਬੰਦ ਰੱਖੇ ਜਾਣਗੇ। ਇਸ ਸਬੰਧੀ ਕਿਸਾਨ ਆਗੂਆਂ ਨੇ ਲਿਖਤੀ ਪੱਤਰ ਦੇ ਕੇ ਵਪਾਰ ਮੰਡਲ ਤੋਂ ਭਾਰਤ ਬੰਦ ਦਾ ਸਮਰਥਨ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਵਪਾਰ ਮੰਡਲ ਨੇ ਇਹ ਫੈਸਲਾ ਕੀਤਾ। ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਨੇ ਕਿਹਾ ਕਿ ਵਪਾਰੀ ਵਰਗ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ ਅਤੇ ਕਿਸਾਨੀ ਸੰਘਰਸ਼ ਲਈ ਜੋ ਵੀ ਮਦਦ ਦੀ ਲੋੜ ਹੋਵੇਗੀ ਵਪਾਰੀ ਅੱਗੇ ਵੱਧ ਕੇ ਉਸ ਨੂੰ ਪੂਰਾ ਕਰਨਗੇ। ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ ਨੇ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਅਤੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਪਾਰ ਮੰਡਲ ਦੇ ਆਗੂ ਸ਼ੀਤਲ ਸਿੰਘ, ਸਰਬਜੀਤ ਸਿੰਘ ਪਾਰਸ, ਕੁਲਦੀਪ ਸਿੰਘ ਕਟਾਣੀ, ਫੌਜਾ ਸਿੰਘ, ਅਸ਼ੋਕ ਅਗਰਵਾਲ, ਗੁਰਮੀਤ ਸਿੰਘ ਖੂੰਨੀਮਾਜਰਾ, ਸਰਬਜੀਤ ਸਿੰਘ ਰਸਨਹੇੜੀ, ਸਰਬਜੀਤ ਸੋਨੀ ਵੀ ਹਾਜ਼ਰ ਸਨ।

Load More Related Articles

Check Also

ਮੋਗਾ ਗੈਂਗਰੇਪ: ਸਾਬਕਾ ਐੱਐੱਸਪੀ ਸਣੇ ਚਾਰ ਦੋਸ਼ੀ ਪੁਲੀਸ ਅਫ਼ਸਰਾਂ ਨੂੰ 5-5 ਸਾਲ ਦੀ ਕੈਦ ਤੇ ਜੁਰਮਾਨਾ

ਮੋਗਾ ਗੈਂਗਰੇਪ: ਸਾਬਕਾ ਐੱਐੱਸਪੀ ਸਣੇ ਚਾਰ ਦੋਸ਼ੀ ਪੁਲੀਸ ਅਫ਼ਸਰਾਂ ਨੂੰ 5-5 ਸਾਲ ਦੀ ਕੈਦ ਤੇ ਜੁਰਮਾਨਾ ਨਬਜ਼-ਏ-…