
ਕਿਸਾਨਾਂ ਤੇ ਦੁੱਧ ਉਤਪਾਦਕਾਂ ਵੱਲੋਂ ਵੇਰਕਾ ਮਿਲਕ ਪਲਾਂਟ ਦੇ ਬਾਹਰ ਭੁੱਖ-ਹੜਤਾਲ ਸ਼ੁਰੂ
ਦੁੱਧ ਡੋਲ ਕੇ ਮਿਲਕਫੈੱਡ ਦਾ ਪੁਤਲਾ ਸਾੜਿਆ, ਸਰਕਾਰ ਨੂੰ ਹਫ਼ਤੇ ਦਾ ਅਲਟੀਮੇਟਮ, ਮਰਨ ਵਰਤ ਸ਼ੁਰੂ ਕਰਨ ਦੀ ਧਮਕੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਅਤੇ ਹੋਰ ਕਿਸਾਨ ਜਥੇਬੰਦੀਆਂ ਸਮੇਤ ਦੁੱਧ ਉਤਪਾਦਕਾਂ ਨੇ ਅੱਜ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਬਾਹਰ ਦੁੱਧ ਦੇ ਰੇਟ ਵਧਾਉਣ ਦੀ ਮੰਗ ਨੂੰ ਲੈ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੁੱਧ ਡੋਲ ਕੇ ਮਿਲਕਫੈੱਡ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ। ਅੱਜ ਪਹਿਲੇ ਦਿਨ ਦੁੱਧ ਉਤਪਾਦਕ ਗਿਆਨ ਸਿੰਘ ਧੜਾਕ, ਪਾਲ ਸਿੰਘ ਨਿਆਮੀਆਂ, ਗੁਰਮੀਤ ਸਿੰਘ ਖੂਨੀਮਾਜਰਾ, ਲਖਵੀਰ ਸਿੰਘ, ਬਲਵੀਰ ਸਿੰਘ ਅਤੇ ਰਾਜ ਕੌਰ ਗਿੱਲ ਭੁੱਖ-ਹੜਤਾਲ ’ਤੇ ਬੈਠੇ।
ਇਸ ਮੌਕੇ ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ, ਦਵਿੰਦਰ ਸਿੰਘ ਦੇਹਕਲਾਂ, ਗਿਆਨ ਸਿੰਘ ਧੜਾਕ, ਗੁਰਨਾਮ ਸਿੰਘ ਦਾਊਂ ਅਤੇ ਸਿਮਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਦੁੱਧ ਉਤਪਾਦਕਾਂ ਨਾਲ ਸਿਰੇ ਦਾ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਤੋਂ ਘੱਟ ਰੇਟ ’ਤੇ ਦੁੱਧ ਚੁੱਕ ਰਹੀ ਹੈ ਅਤੇ ਅੱਗੇ ਮਹਿੰਗੇ ਭਾਅ ’ਤੇ ਵੇਚਿਆਂ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਪੰਜ ਮੈਂਬਰ ਭੁੱਖ-ਹੜਤਾਲ ’ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਸਾਲ 2019 ਵਿੱਚ ਦੁੱਧ ਦਾ ਰੇਟ 72 ਰੁਪਏ ਕਿੱਲੋ ਸੀ ਅਤੇ ਫੀਡ 20 ਰੁਪਏ ਕਿੱਲੋ ਸੀ। ਅੱਜ ਦੁੱਧ ਦਾ ਰੇਟ ਘਟਾ ਕੇ 69 ਰੁਪਏ ਕਿੱਲੋ ਕਰ ਦਿੱਤਾ ਜਦੋਂਕਿ ਫੀਡ 35 ਰੁਪਏ ਕਿੱਲੋ ਹੋ ਗਈ ਹੈ। ਮਹਿੰਗਾਈ ਡੇਢ ਗੁਣਾ ਵੱਧ ਗਈ ਪਰ ਦੁੱਧ ਦਾ ਰੇਟ ਘਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਬੇਮੌਸਮੀ ਬਾਰਸ਼ ਨੇ ਫਸਲਾਂ ਅਤੇ ਪਸ਼ੂਆਂ ਦੇ ਚਾਰੇ ਦਾ ਕਾਫ਼ੀ ਨੁਕਸਾਨ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਦੁੱਧ ਦਾ ਰੇਟ 100 ਰੁਪਏ ਕੀਤਾ ਜਾਵੇ।
ਇਸ ਮੌਕੇ ਬੋਲਦਿਆਂ ਮਹਿਲਾ ਆਗੂ ਰਾਜ ਕੌਰ ਗਿੱਲ ਨੇ ਕਿਹਾ ਕਿ ਜਿਵੇਂ ਕਿਸਾਨਾਂ ਨੇ ਦਿੱਲੀ ਮੋਰਚਾ ਫਤਿਹ ਕੀਤਾ ਹੈ, ਓਵੇਂ ਦੁੱਧ ਦੇ ਰੇਟ ਵਿੱਚ ਵਾਧਾ ਕਰਵਾ ਕੇ ਹੀ ਦਮ ਲੈਣਗੇ। ਉਨ੍ਹਾਂ ਨੇ ਸਰਕਾਰ ਨੂੰ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਦੁੱਧ ਦਾ ਰੇਟ ਨਾ ਵਧਾਇਆਂ ਗਿਆ ਤਾਂ ਇੱਥੇ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ ਅਤੇ ਪੈਦਾ ਹੋਏ ਹਾਲਾਤਾਂ ਲਈ ਮਿਲਕਫੈੱਡ ਅਤੇ ਮਿਲਕ ਪਲਾਂਟ ਦੇ ਅਧਿਕਾਰੀ ਜ਼ਿੰਮੇਵਾਰ ਹੋਣਗੇ।
ਇਸ ਮੌਕੇ ਹਰਮਨ ਸਿੰਘ, ਗੁਰਮੀਤ ਸਿੰਘ, ਜਸਵੀਰ ਸਿੰਘ, ਗੁਰਨਾਮ ਸਿੰਘ, ਸੁਖਵੰਤ ਸਿੰਘ, ਗੁਰਨੇਕ ਸਿੰਘ, ਜਸਪਾਲ ਸਿੰਘ ਲਾਂਡਰਾਂ, ਰਾਜੂ ਸਿੰਘ, ਜਸਵੰਤ ਸਿੰਘ ਪੂਨੀਆ, ਹਰਿੰਦਰ ਸਿੰਘ ਰਾਏਪੁਰ, ਨਵੀਨ ਝੰਜੇੜੀ, ਬਚਿੱਤਰ ਸਿੰਘ, ਨਿਰਮਲ ਸਿੰਘ, ਸੁਖਪਾਲ ਸਿੰਘ ਅਤੇ ਰਣਵੀਰ ਰਾਣਾ ਮੌਜੂਦ ਸਨ।