
ਨੈਸ਼ਨਲ ਹਾਈਵੇਅ ਲਈ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦਾ ਘੱਟ ਮੁਆਵਜ਼ਾ ਦੇਣ ਵਿਰੁੱਧ ਭੜਕੇ ਕਿਸਾਨ
ਡੀਸੀ ਦਫ਼ਤਰ ਮੁਹਾਲੀ ਦੇ ਬਾਹਰ ਕੀਤਾ ਰੋਸ ਮੁਜ਼ਾਹਰਾ, ਅਧਿਕਾਰੀਆਂ ਵਿਰੁੱਧ ਕੀਤੀ ਨਾਅਰੇਬਾਜ਼ੀ
ਕਿਹਾ ਮਾਰਕੀਟ ਨਾਲੋਂ ਘੱਟ ਰੇਟ ’ਤੇ ਜ਼ਮੀਨ ਦਾ ਇਕ ਟੁਕੜਾ ਵੀ ਨਹੀਂ ਦੇਣਗੇ ਇਲਾਕੇ ਦੇ ਕਿਸਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਪਰੈਲ:
ਆਈਟੀ ਸਿਟੀ ਮੁਹਾਲੀ ਤੋਂ ਕੁਰਾਲੀ ਤੱਕ ਬਣਨ ਵਾਲੇ ਪ੍ਰਸਤਾਵਿਤ ਨੈਸ਼ਨਲ ਹਾਈਵੇਅ ਲਈ ਐਕਵਾਇਰ ਕੀਤੀ ਜਾਣ ਜ਼ਮੀਨ ਦਾ ਘੱਟ ਮੁਆਵਾਜ਼ ਦੇਣ ਕਾਰਨ ਕਿਸਾਨ ਵਿਰੋਧ ਪ੍ਰਦਰਸ਼ਨ ’ਤੇ ਉਤਰ ਆਏ ਹਨ। ਅੱਜ ਮੁਹਾਲੀ ਵਿਖੇ ਡਿਪਟੀ ਕਮਿਸ਼ਨਰ ਅਤੇ ਡੀਆਰਓ ਨੂੰ ਮਿਲਣ ਆਏ ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੇ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਰੋਧ ਕਰਨ ਵਾਲਿਆਂ ਵਿੱਚ ਪਿੰਡ ਨਗਾਰੀ, ਗੁਡਾਣਾ, ਢੇਲਪੁਰ, ਝੰਜੇੜੀ, ਰੁੜਕੀ ਪੁਖਤਾ ਅਤੇ ਪਡਿਆਲਾ ਦੇ ਕਿਸਾਨ ਸ਼ਾਮਲ ਹਨ।
ਇਸ ਮੌਕੇ ਹਰਵਿੰਦਰ ਸਿੰਘ ਢੇਲਪੁਰ, ਮਨਪ੍ਰੀਤ ਸਿੰਘ ਗੁਡਾਣਾ, ਬੇਅੰਤ ਸਿੰਘ ਢੇਲਪੁਰ, ਕਰਮਜੀਤ ਸਿੰਘ ਰਾਣਾ ਝੰਜੇੜੀ, ਮਲਕੀਤ ਸਿੰਘ ਪਡਿਆਲਾ, ਬਲਬੀਰ ਸਿੰਘ ਰੁੜਕੀ ਪੁਖਤਾ ਅਤੇ ਹੋਰਨਾਂ ਵਿਅਕਤੀਆਂ ਨੇ ਕਿਹਾ ਕਿ ਪ੍ਰਸਤਾਵਿਤ ਸੜਕ ਦੇ ਨਿਰਮਾਣ ਲਈ ਸਰਕਾਰ ਬਹੁਤ ਘੱਟ ਕੀਮਤ ’ਤੇ ਪਿੰਡਾਂ ਦੀਆਂ ਜ਼ਮੀਨ ਹਾਸਲ ਕਰਨਾ ਚਾਹੁੰਦੀ ਹੈ ਪ੍ਰੰਤੂ ਕਿਸਾਨ ਘੱਟ ਕੀਮਤ ’ਤੇ ਆਪਣੀ ਜ਼ਮੀਨ ਦਾ ਇਕ ਟੁਕੜਾ ਵੀ ਐਕਵਾਇਰ ਹੋਣ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਸੜਕ ਨਾਲ ਲਗਦੀ ਜ਼ਮੀਨ ਅਤੇ ਨਗਰ ਕੌਂਸਲ ਅਧੀਨ ਆਉਂਦੇ ਖੇਤਰ ਵਾਲੀਆਂ ਜ਼ਮੀਨਾਂ ਦਾ ਮੌਜੂਦਾ ਮਾਰਕੀਟ ਭਾਅ ਅਨੁਸਾਰ ਯੋਗ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਐਤਵਾਰ ਤੱਕ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਦੌਰਾਨ ਯੋਗ ਮੁਆਵਜ਼ੇ ਦੇ ਸੋਧੇ ਹੋਏ ਐਵਾਰਡ ਨਹੀਂ ਸੁਣਾਏ ਗਏ ਤਾਂ ਸੋਮਵਾਰ ਤੋਂ ਡੀਸੀ ਦਫ਼ਤਰ ਦੇ ਬਾਹਰ ਲੜੀਵਾਰ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।

ਉਧਰ, ਜ਼ਿਲ੍ਹਾ ਮਾਲ ਅਫ਼ਸਰ ਗੁਰਦੇਵ ਸਿੰਘ ਧਾਮ ਨੇ ਕਿਹਾ ਕਿ ਉਹ ਪਿਛਲੇ 5 ਮਹੀਨਿਆਂ ਤੋਂ ਕਿਸਾਨਾਂ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਦੀਆਂ ਲਗਾਤਾਰ ਸਮੱਸਿਆਵਾਂ ਸੁਣ ਰਹੇ ਹਨ। ਉਨ੍ਹਾਂ ਕਿਹਾ ਕਿ ਐਕਟ ਮੁਤਾਬਕ ਕੁਲੈਕਟਰ ਰੇਟ ਨੂੰ ਆਧਾਰ ਬਣ ਕੇ ਕਿਸੇ ਪ੍ਰਾਜੈਕਟ ਲਈ ਜ਼ਮੀਨਾਂ ਐਕਵਾਇਰ ਕੀਤੀਆਂ ਜਾਂਦੀਆਂ ਹਨ। ਡੀਆਰਓ ਨੇ ਦੱਸਿਆ ਕਿ ਉਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਡਰਾਫ਼ਟ ਐਵਾਰਡ ਤਿਆਰ ਕਰਕੇ ਨੈਸ਼ਨਲ ਆਈਵੇਅ ਅਥਾਰਟੀ ਨੂੰ ਭੇਜਿਆ ਗਿਆ ਸੀ ਪ੍ਰੰਤੂ ਅਥਾਰਟੀ ਨੇ ਉਨ੍ਹਾਂ ਨੂੰ ਅਸਲ ਸਮਝ ਕੇ ਮਨਜ਼ੂਰ ਕਰ ਲਿਆ। ਉਨ੍ਹਾਂ ਦੱਸਿਆ ਕਿ ਪਡਿਆਲਾ ਅਤੇ ਰੁੜਕੀ ਪੁਖਤਾ ਦੀ ਜ਼ਮੀਨ ਦਾ ਐਵਾਰਡ ਫਿਲਹਾਲ ਰੋਕ ਲਿਆ ਗਿਆ ਹੈ। ਜਿਵੇਂ ਹੀ ਸਰਕਾਰ ਜਾਂ ਡਿਪਟੀ ਕਮਿਸ਼ਨਰ ਵੱਲੋਂ ਆਦੇਸ਼ ਪ੍ਰਾਪਤ ਹੋਣਗੇ, ਉਨ੍ਹਾਂ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।